| ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਬਲਜਿੰਦਰ ਸਿੰਘ ਠਾਕੁਰ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਬੰਧਕ। |
ਸ਼੍ਰੀ ਠਾਕੁਰ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਉਲੰਘਣ ਸਭ ਤੋਂ ਪਹਿਲਾਂ ਵਿਅਕਤੀ ਦੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ, ਸੱਸ-ਨੂੰਹ ਦਾ ਆਪਸੀ ਵਿਤਕਰਾ, ਬੱਚਿਆਂ ਵੱਲੋਂ ਵੱਡੇ ਹੋ ਕੇ ਆਪਣੇ ਮਾਂ-ਪਿਓ ਨਾਲ ਦੁਰ-ਵਿਵਹਾਰ ਇਹ ਸਭ ਕੁਝ ਘਰ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਸਮਾਜ ਵਿੱਚ ਪਨਪਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੇ ਕਰਮ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਂਦਾ ਹੈ ਤਾਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਦੇ ਵੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਿੱਥੇ ਸਾਡੇ ਅਧਿਕਾਰ ਹਨ, ਉਥੇ ਸਮਾਜ ਪ੍ਰਤੀ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਹਨ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਇਕ ਨਿਸ਼ਚਿਤ ਦਾਇਰੇ ਵਿੱਚ ਰਹਿ ਕੇ ਸਮਾਜ ਵਿੱਚ ਚੰਗੇ ਵਿਅਕਤੀ ਦਾ ਰੋਲ ਅਦਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਸੂਰਜ ਛਾਬੜਾ ਨੇ ਵੀ ਮਨੁੱਖੀ ਅਧਿਕਾਰਾਂ ਦੀ ਵਰਤਮਾਨ ਸਥਿਤੀ 'ਤੇ ਚਿੰਤਨ ਕਰਦੇ ਹੋਏ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਯੂ.ਐਨ.ਓ. ਦੀ ਮਹਾਂ ਸਭਾ ਨੇ 10 ਦਸੰਬਰ 1948 ਨੂੰ ਇਨ੍ਹਾਂ ਅਧਿਕਾਰਾਂ ਦੀ ਘੋਸ਼ਣਾ ਕੀਤੀ, ਜਿਸ ਕਾਰਨ 10 ਦਸੰਬਰ ਨੂੰ ਸੰਸਾਰ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। ਸ਼੍ਰੀ ਛਾਬੜਾ ਨੇ ਕਿਹਾ ਕਿ ਅਜੇ ਤੱਕ ਸਮਾਜ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਵਿੱਢਣ ਦੀ ਲੋੜ ਹੈ।
ਇਸ ਮੌਕੇ ਕਾਲਜ ਦੇ ਪਿੰਸੀਪਲ ਡਾ. ਜਗਤਾਰ ਸਿੰਘ, ਨਾਇਬ ਤਹਿਸੀਲਦਾਰ ਸ਼੍ਰੀ ਸੁਰਿੰਦਰ ਸ਼ਰਮਾ, ਇਕਨਾਮਿਕਸ ਵਿਭਾਗ ਦੇ ਮੁਖੀ ਸ਼੍ਰੀ ਕੇ.ਕੇ.ਸ਼ਰਮਾ, ਸ਼੍ਰੀ ਪੀ.ਸੀ. ਚੌਹਾਨ, ਡਾ. ਅਮਿਤ ਕਾਂਸਲ, ਲੈਕਚਰਾਰ ਕਿਰਨ ਲਤਾ ਅਤੇ ਲੈਕਚਰਾਰ ਮੈਡਮ ਸੀਮਾ ਜਿੰਦਲ ਤੋਂ ਇਲਾਵਾ ਭਾਰੀ ਗਿਣਤੀ 'ਚ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
Post a Comment