ਨਾਭਾ, 12 ਦਸੰਬਰ (ਜਸਬੀਰ ਸਿੰਘ ਸੇਠੀ)- ਪੰਜਾਬ ਪਬਲਿਕ ਸਕੂਲ ਨਾਭਾ ਵਲੋਂ 14 ਤੋਂ 16 ਦਸੰਬਰ ਤੱਕ ਜੂਨੀਅਰ ਰਾਊਂਡ ਸਕੇਅਰ ਦੀ ਰਿਜਨਲ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕਾਨਫ਼ਰੰਸ ਦੇ ਸੰਦਰਭ ਵਿੱਚ ਪੀ.ਪੀ.ਐਸ. ਨਾਭਾ ਵਿਖੇ ਮੁੱਖ ਅਧਿਆਪਕ ਸ. ਜਗਪ੍ਰੀਤ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਕੂਲ ਦੇ ਇਤਿਹਾਸ ਵਿੱਚ ਅਜਿਹੀ ਕਾਨਫ਼ਰੰਸ ਪਹਿਲੀ ਵਾਰ ਕਰਵਾਈ ਜਾ ਰਹੀ ਹੈ ਜਿਸ ਵਿੱਚ ਭਾਰਤ ਤੋਂ ਇਲਾਵਾ ਜਰਮਨੀ, ਦੁਬਈ, ਬੰਗਲਾਦੇਸ਼ ਅਤੇ ਓਮਾਨ ਦੇ ਸਕੂਲ ਵੀ ਭਾਗ ਲੈ ਰਹੇ ਹਨ। ਤਿੰਨ ਦਿਨਾਂ ਕਾਨਫ਼ਰੰਸ ਵਿੱਚ ਮੇਜਬਾਨ ਸਕੂਲ ਦੇ ਸਮੇਤ 21 ਸਕੂਲਾਂ ਦੇ 150 ਵਿਦਿਆਰਥੀ ਅਤੇ 20 ਅਧਿਆਪਕ ਹਿੱਸਾ ਲੈ ਰਹੇ ਹਨ। ਇਸ ਕਾਨਫ਼ਰੰਸ ਦਾ ਮੁੱਖ ਉਦੇਸ ‘‘ਪ੍ਰੋਹਤਸਾਹਨ ਲਈ ਇੱਛਾ ਰੱਖੋ’’ (ਐਸਪਾਇਰ ਟੂ ਇਨਸਪਾਇਰ) ਹੈ । ਮੁੱਖ ਅਧਿਆਪਕ ਨੇ ਦੱਸਿਆ ਕਿ ਪੂਰੀ ਦੁਨੀਆਂ ਵਿੱਚ 100 ਤੋਂ ਵੱਧ ਸਕੂਲ ਇਸ ਕਾਨਫ਼ਰੰਸ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ ਪੀ.ਪੀ.ਐਸ. ਵੀ ਮੁੱਖ ਹੈ। ਪੀ.ਪੀ.ਐਸ. 2006 ਵਿੱਚ ਇਸ ਸੰਸਥਾ ਦਾ ਮੈਂਬਰ ਬਣਿਆ ਸੀ। ਹੁਣ ਤੱਕ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਥਾਈਲੈਂਡ, ਕੀਨੀਆ, ਜੋਰਡਨ ਅਤੇ ਲੰਡਨ ਵਿੱਚ ਹੋਈਆ ਅੰਤਰ-ਰਾਸਟਰੀ ਕਾਨਫ਼ਰੰਸਾਂ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਕਾਨਫ਼ਰੰਸਾਂ ਵਿੱਚ ਹਿੱਸਾ ਲੈ ਚੁੱਕੇ ਹਨ। ਸਕੂਲ ਵਿੱਚ ਰਾਉਂਡ ਸਕੇਅਰ ਦੇ ਕੁਆਰਡੀਨੇਟਰ ਰਸਲਜੀਤ ਸਿੰਘ ਖੱਟੜਾ ਨੇ ਦੱਸਿਆ ਕਿ ਇਹ ਕਾਨਫ਼ਰੰਸ ਜਰਮਨੀ ਦੇ ਪ੍ਰਸਿੱਧ ਸਿੱਖਿਆ ਸਾਸਤਰੀ ਕੁਰਤ ਹਾਨ ਦੀ ਵਿਦਿਅਕ ਫਲਾਸਫੀ ਅਨੁਸਾਰ ਕੰਮ ਕਰ ਰਹੀ ਹੈ ਜਿਸਦਾ ਮੁੱਖ ਮੰਤਵ ਹੈ ਕਿ ਸਕੂਲਾਂ ਦਾ ਮਕਸਦ ਵਿਦਿਆਰਥੀਆਂ ਨੂੰ ਕਾਲਜ ਜਾਂ ਯੂਨੀਵਰਸਿਟੀ ਲਈ ਤਿਆਰ ਕਰਨਾਂ ਹੀ ਨਹੀਂ ਸਗੋਂ ਇਸ ਤੋਂ ਕਿਤੇ ਵੱਡਾ ਹੈ। ਵਿਦਿਆਰਥੀਆਂ ਨੂੰ ਜ਼ਿੰਦਗੀਆਂ ਦੀਆਂ ਚੁਣੋਤੀਆਂ ਲਈ ਤਿਆਰ ਕਰਨਾ ਹੀ ਮਿਆਰੀ ਵਿੱਦਿਅਕ ਅਦਾਰਿਆਂ ਦਾ ਫਰਜ਼ ਹੈ ਤਾਂ ਜੋ ਆਉਣ ਵਾਲੇ ਸਮੇਂ ਦੀਆਂ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਨੌਜਵਾਨਾਂ ਵਿੱਚ ਯੋਗਤਾ ਪੈਦਾ ਕੀਤੀ ਜਾਵੇ ਅਤੇ ਉਨ੍ਹਾਂ ਵਿੱਚ ਇੱਕ ਨੇਤਾ ਦੇ ਗੁਣ ਭਰੇ ਜਾਣ। ਕੁਰਤ ਹਾਨ ਦਾ ਵਿਚਾਰ ਸੀ ਕਿ ਨੌਜਵਾਨਾਂ ਨੂੰ ਅਜਿਹੇ ਮਾਹੌਲ ਵਿੱਚ ਢਾਲਿਆ ਜਾਵੇ ਜਿਸ ਨਾਲ ਉਹ ਆਪਣੇ ਅੰਦਰ ਛੁਪੀਆਂ ਖੂਬੀਆਂ ਨੂੰ ਲੱਭ ਸਕਣ। ਇਸ ਤਿੰਨ ਦਿਨਾਂ ਕਾਨਫ਼ਰੰਸ ਦੌਰਾਨ ਵੱਖ-ਵੱਖ ਇਲਾਕਿਆਂ ਤੋਂ ਆਏ ਵਿਦਿਆਰਥੀ ਆਪਣੇ-ਆਪਣੇ ਖੇਤਰ ਦੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ ਅਤੇ ਕਈ ਮਸਲਿਆਂ ਤੇ ਚਰਚਾ ਕਰਨਗੇ। ਇਸ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਸਕੂਲ ਹਨ ਸਟਿਫਟਨ ਲੈਂਡਿਮ ਸਕਾਡਰਾਫ ਸਕੂਲ ਜਰਮਨੀ, ਦਾ ਮਿਲੀਨਿਅਮ ਸਕੂਲ ਡੁਬੱਈ, ਚਿੱਟਾਗੋਂਗ ਗਰਾਮਰ ਸਕੂਲ ਬੰਗਲਾਦੇਸ਼, ਦਾ ਇੰਡੀਅਨ ਸਕੂਲ ਉਮਾਨ, ਡੈਲੀ ਕਾਲਜ ਇੰਦੌਰ, ਅਸਾਮ ਵੈਲੀ ਸਕੂਲ ਅਸਾਮ, ਦਾ ਬ੍ਰਿਤਿਸ਼ ਸਕੂਲ ਨਿਊ ਦਿੱਲੀ, ਮਹਾਰਾਣੀ ਗਾਇਤਰੀ ਸਕੂਲ ਜੈਪੁਰ, ਪਾਥਵੇਸ ਵਰਡ ਸਕੂਲ ਗੁੜਗਾਓ, ਰਾਜਕੁਮਾਰ ਕਾਲਜ ਰਾਜਕੋਟ, ਦਾ ਸੰਸਕਾਰੀ ਵੈਲੀ ਸਕੂਲ ਭੁਪਾਲ, ਸਿੰਦੀਆ ਕੰਨਿਆ ਵਿੱਦਿਆਲਯਾ ਗਵਾਲੀਅਰ, ਵਿੱਦਿਆ ਦੇਵੀ ਜਿੰਦਲ ਸਕੂਲ ਹਿਸਾਰ, ਵਿਵੇਕ ਹਾਈ ਸਕੂਲ ਚੰਡੀਗੜ੍ਹ, ਵੈਲਮ ਬੁਆਏ ਸਕੂਲ ਦੇਹਰਾਦੂਨ, ਦਾ ਲਾਰੰਸ ਸਕੂਲ ਸਨਾਵਰ, ਐਮ.ਐਨ.ਐਸ.ਐਸ.ਰਾਏ, ਆਲ ਸੇਂਟ ਕਾਲਜ ਨੈਨੀਤਾਲ, ਜੈਨਿਸਸ ਗਲੋਬਲ ਸਕੂਲ ਨੁਆਇਡਾ, ਦਾ ਦੂਲ ਸਕੂਲ ਦੇਹਰਾਦੂਨ ਅਤੇ ਪੰਜਾਬ ਪਬਲਿਕ ਸਕੂਲ ਨਾਭਾ।

Post a Comment