ਝੁਨੀਰ 16 ਦਸੰਬਰ(ਸੰਜੀਵ ਸਿੰਗਲਾ) ਕਸਬਾ ਝੁਨੀਰ ਦੇ ਸਧਾਰਨ ਜਿਹੇ ਪਿੰਡ ਫਤਪਿੁਰ ਦੀ ਬਲਜੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਕਾਰੀ ਐਮ.ਬੀ.ਏ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਲੈ ਕੇ ਇਤਿਹਾਸ ਸਿਰਜਿਆ ਹੈ । ਕਿਸੇ ਸਧਾਰਨ ਪਿੰਡ ਦੇ ਆਮ ਪਰਿਵਾਰ ਦੀ ਕੁੜੀ ਲਈ ਵਪਾਰਕ ਡਿਗਰੀ ਦੀ ਉੱਤਮ ਪ੍ਰਾਪਤੀ ਬਹੁਤ ਹੀ ਵੱਡੀ ਪ੍ਰਾਪਤੀ ਹੈ ।ਬਲਜੀਤ ਕੌਰ ਨੇ ਸਰਦੂਲਗੜ੍ਹ ਤਹਿਸੀਲ ਅਤੇ ਆਪਣੇ ਪਿੰਡ ਦੇ ਨਾਲ ਹੀ ਪੰਜ ਸਾਲਾ ਐਮ.ਬੀ.ਏ ਕੋਰਸ ਦੀ ਅੰਤਿਮ ਪ੍ਰੀਖਿਆ ਵਿੱਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ । ਬਾਬਾ ਧਿਆਨ ਦਾਸ ਕੈਂਪਸ ਦੇ ਮੁਖੀ ਸਤਨਾਮ ਸਿੰਘ ਜੱਸਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਜੀਤ ਕੌਰ ਦਾ 14 ਦਸੰਬਰ 2012 ਨੂੰ ਯੂਨੀਵਰਸਿਟੀ ਵਿਖੇ ਹੋਈ 36 ਵੀਂ ਕਨਵੈਨਸ਼ਨ ਵਿੱਚ ਸੋਨੇ ਦੇ ਮੈਡਲ ਨਾਲ ਸਨਮਾਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਬਲਜੀਤ ਕੌਰ ਨੇ 74.5% ਅੰਕ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਚੋਂ ਉੱਤਮ ਸਥਾਨ ਲਿਆ ਹੈ । ਬਲਜੀਤ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪੇਂਡੂ ਕੁੜੀਆਂ ਵਿੱਚ ਨਵੀਂ ਰੂਹ ਫੂਕੀ ਗਈ ਹੈ । ਜਿੱਥੇ ਬਲਜੀਤ ਦੀ ਇਸ ਪ੍ਰਾਪਤੀ ਕਾਰਨ ਉਸਦੇ ਘਰ ਵਾਲੇ ਫੁੱਲੇ ਨਹੀਂ ਸਮਾ ਰਹੇ ਉੱਥੇ ਪੂਰਾ ਫਤਹਿਪੁਰ ਪਿੰਡ ਹੀ ਖੁਸ਼ੀ ਦੇ ਆਲਮ ਵਿੱਚ ਹੈ ।

Post a Comment