ਮਾਨਸਾ, 03 ਦਸੰਬਰ ( ) : ਪੁਲਿਸ ਵਲੋਂ ਅੱਜ ਸਾਂਝ ਕੇਂਦਰ ਮਾਨਸਾ ਵਿਖੇ ਸ਼ਾਨਦਾਰ ਤਰੀਕੇ ਨਾਲ ਗਲੋਬਲ ਵਿਜ਼ੀਟਰ ਹਫ਼ਤੇ ਦਾ ਆਗਾਜ਼ ਕੀਤਾ ਗਿਆ ਅਤੇ ਇਸ ਮੌਕੇ ਵੱਖ-ਵੱਖ ਵਿਦਿਆਰਥੀ, ਮੁਲਾਜ਼ਮ ਜੱਥੇਬੰਦੀਆਂ, ਟਰੇਡ ਯੂਨੀਅਨਾਂ, ਸਿਆਸੀ ਪਾਰਟੀਆਂ, ਸਭਿਆਚਾਰਕ ਸੰਸਥਾਵਾਂ ਅਤੇ ਯੂਥ ਕਲੱਬ ਇਸ ਮੁਹਿੰਮ ਵਿਚ ਨਿਤਰਨ ਲਈ ਸ਼ਾਮਿਲ ਹੋਏ। ਵਿਸ਼ੇਸ਼ ਤੌਰ 'ਤੇ ਪੁੱਜੇ 'ਅੱਜ ਦੇ ਰਾਂਝੇ ਫਿਲਮ ਦੇ ਹੀਰੋ ਸ਼੍ਰੀ ਅਮਨ ਧਾਲੀਵਾਲ ਵੀ ਖਿੱਚ ਦਾ ਕੇਂਦਰ ਬਣੇ ਰਹੇ। 9 ਦਸੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਂਝ ਕੇਂਦਰ ਪੰਜਾਬ ਸਰਕਾਰ ਦਾ ਇਕ ਵਧੀਆ ਉਪਰਾਲਾ ਹੈ, ਜਿਸ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਜੱਥੇਬੰਦੀਆਂ ਤੋਂ ਇਲਾਵਾ ਇਕੱਤਰ ਹੋਏ ਨਹਿਰੂ ਯੁਵਾ ਕੇਂਦਰ ਅਤੇ ਐਨ.ਐਸ.ਐਸ. ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾ ਕਿਹਾ ਕਿ ਸਾਂਝ ਕੇਂਦਰਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਸ਼੍ਰੀ ਢਾਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਜ਼ਿਲ੍ਹੇ ਵਿੱਚ ਜਨਤਾ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਵੱਲੋਂ ਸਾਂਝ ਕੇਂਦਰਾਂ ਵਿੱਚ ਭਾਰੀ ਗਿਣਤੀ 'ਚ ਇਨ੍ਹਾਂ ਸਹੂਲਤਾਂ ਦਾ ਲਾਹਾ ਲਿਆ ਜਾ ਰਿਹਾ ਹੈ।ਇਸ ਮੌਕੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਆਮ ਪਬਲਿਕ ਦੀਆਂ 26 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 50 ਫ਼ੀਸਦੀ ਘਰੇਲੂ ਕੰਮਕਾਜੀ ਅਤੇ ਸਮਾਜ ਸੇਵੀ ਔਰਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹਰੇਕ ਟੀਮ ਹਰ ਰੋਜ਼ ਇੱਕ ਥਾਣੇ/ਸਾਂਝ ਕੇਂਦਰ ਦਾ ਦੌਰਾ ਕਰਿਆ ਕਰੇਗੀ ਅਤੇ ਨਿਰਧਾਰਤ ਪ੍ਰੋਫਾਰਮਾ ਭਰ ਕੇ ਆਪਣੀਆਂ ਟਿੱਪਣੀਆਂ ਦੇਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸਾਂਝ ਪੋਜੈਕਟ ਬਾਰੇ ਜਾਗਰੂਕ ਕਰਨ ਅਤੇ ਉਸਦੇ ਉਦੇਸ਼ ਦੀ ਪੂਰਤੀ ਲਈ ਪਬਲਿਕ ਦੀ ਸਾਂਝ ਕੇਂਦਰਾਂ ਨੂੰ ਮੈਨੇਜ਼ ਕਰਨ ਵਿੱਚ ਸ਼ਮੂਲੀਅਤ ਲਈ ਵੱਖ-ਵੱਖ ਜੱਥੇਬੰਦੀਆਂ ਅਤੇ ਵਲੰਟੀਅਰ ਆਪਣਾ ਮੋਹਰੀ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਜੱਥੇਬੰਦੀਆਂ ਅਤੇ ਵਲੰਟੀਅਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ਮੁਹਿੰਮ ਨੂੰ ਇੱਕਜੁਟਤਾ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪੁਲਿਸ ਨਾਲ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਜੋੜ ਕੇ ਪੰਜਾਬ ਸਰਕਾਰ ਦਾ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਜ਼ਿਲ੍ਹਾ ਵਾਸੀਆਂ ਨੂੰ ਸਾਂਝ ਕੇਂਦਰਾਂ ਵਿੱਚ ਮਿਲਣ ਵਾਲੀਆਂ 25 ਸੁਵਿਧਾਵਾਂ ਸਮੇਂ-ਸਿਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਾਂਝ ਕੇਂਦਰਾਂ ਵਿੱਚ ਸਮੇਂ ਸਿਰ ਸਹੂਲਤ ਮੁਹੱਈਆ ਨਹੀਂ ਹੋਵੇਗੀ ਤਾਂ ਸਬੰਧਤ ਮੁਲਾਜ਼ਮ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।ਡਾ. ਭਾਰਗਵ ਨੇ ਕਿਹਾ ਕਿ ਗਲੋਬਲ ਵਿਜ਼ੀਟਰ ਹਫ਼ਤੇ ਦੌਰਾਨ ਪੁਲਿਸ ਅਤੇ ਜੱਥੇਬੰਦੀਆਂ ਦੀਆਂ ਬਣਾਈਆਂ ਸਾਂਝੀਆਂ ਟੀਮਾਂ ਵੱਲੋਂ ਜਿਥੇ ਸਾਂਝ ਕੇਂਦਰਾਂ ਵਿੱਚ ਮੁਹੱਈਆ ਹੋਣ ਵਾਲੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਉਥੇ ਇਹ ਟੀਮਾਂ ਨਸ਼ਿਆਂ ਖ਼ਿਲਾਫ, ਟ੍ਰੈਫ਼ਿਕ ਜਾਗਰੂਕਤਾ, ਬੱਚਿਆਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਬਾਰੇ ਜਾਣਕਾਰੀ ਅਤੇ ਭਰੂਣ ਹੱਤਿਆ ਤੋਂ ਇਲਾਵਾ ਹੋਰ ਵੀ ਸਮਾਜਿਕ ਕੁਰੀਤੀਆਂ ਖ਼ਿਲਾਫ ਲੋਕਾਂ ਤੱਕ ਆਪ ਜਾ ਕੇ ਪਹੁੰਚ ਕਰਨਗੀਆਂ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਵਿੱਚ ਇਸ ਹਫ਼ਤੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਹੂਲਤ ਲਈ ਆਉਣ ਵਾਲੇ ਵਿਅਕਤੀਆਂ ਦਾ ਫੁੱਲ ਦੇ ਕੇ ਸਵਾਗਤ ਕੀਤਾ ਜਾਵੇਗਾ ਤਾਂ ਜੋ ਪੁਲਿਸ ਅਤੇ ਆਮ ਲੋਕਾਂ ਵਿੱਚ ਡੂੰਘੀ ਸਾਂਝ ਪੈਦਾ ਹੋ ਸਕੇ। ਇਸ ਮੁਹਿੰਮ ਦੌਰਾਨ ਅੱਜ ਮਾਨਸਾ ਦੇ ਸਾਂਝ ਕੇਂਦਰ ਵਿੱਚ ਸਹੂਲਤ ਲੈਣ ਲਈ ਆਏ ਸ਼੍ਰੀ ਮੱਘਰ ਸਿੰਘ ਵਾਸੀ ਕੋਟਲੀ ਕਲਾਂ ਦਾ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੀ ਹਾਜ਼ਰੀ 'ਚ ਫਿਲਮੀ ਕਲਾਕਾਰ ਸ਼੍ਰੀ ਅਮਨ ਧਾਲੀਵਾਲ ਨੇ ਫੁੱਲ ਦੇ ਕੇ ਸਵਾਗਤ ਕੀਤਾ।ਇਸ ਮੌਕੇ ਐਸ.ਪੀ. (ਐਚ) ਸ਼੍ਰੀ ਰਾਜੇਸ਼ਵਰ ਸਿੰਘ ਸਿੱਧੂ, ਐਸ.ਪੀ.(ਡੀ) ਸ਼੍ਰੀ ਪੁਸ਼ਕਰ ਸੰਦਲ, ਐਸ.ਪੀ. ਸ਼੍ਰੀ ਕੁਲਦੀਪ ਸ਼ਰਮਾ, ਡੀ.ਐਸ.ਪੀ. ਸ਼੍ਰੀ ਸੁਲੱਖਣ ਸਿੰਘ, ਨਹਿਰੂ ਯੁਵਾ ਕੇਂਦਰ ਦੇ ਲੇਖਾਕਾਰ ਸ਼ੀ੍ਰ ਸੰਦੀਪ ਘੰਢ, ਮਾਨਸਾ ਰੂਰਲ ਯੂਥ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਹਰਦੀਪ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਸਮਾਜਿਕ, ਧਾਰਮਿਕ ਅਤੇ ਸਿਆਸੀ ਸਖ਼ਸ਼ੀਅਤਾਂ ਹਾਜ਼ਰ ਸਨ।

Post a Comment