- ਠੱਗੀ ਦੇ ਪੈਸਿਆਂ 'ਚੋਂ ਖਰੀਦੀ 7 ਲੱਖ ਰੁਪਏ ਦੀ ਗੱਡੀ, ਛਾਪ ਸੋਨਾ ਅਤੇ ਲੈਪਟਾਪ ਬਰਾਮਦ
ਮਾਨਸਾ, 05 ਦਸੰਬਰ ( ) : ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ, ਜਦੋ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ-ਆਪ ਨੂੰ ਰਾਹੁਲ ਮਾਨ ਦੱਸ ਕੇ ਠੱਗੀ ਮਾਰਨ ਵਾਲੇ ਸ਼ਾਤਰ ਸ਼ਖਸ ਪ੍ਰਵੀਨ ਕੁਮਾਰ ਪੁੱਤਰ ਸਤਵੀਰ ਸਿੰਘ ਵਾਸੀ ਚਿੜਾਨਾ ਥਾਨਾ ਸੁਹਾਨਾ ਜ਼ਿਲ੍ਹਾ ਸੋਨੀਪਤ (ਹਰਿਆਣਾ) ਨੂੰ ਗ੍ਰਿਫ਼ਤਾਰ ਕਰਕੇ ਠੱਗੀ ਦੇ ਪੈਸਿਆਂ ਵਿਚੋ ਖਰੀਦ ਕੀਤੀ 7 ਲੱਖ ਰੁਪਏ ਦੀ ਗੱਡੀ, ਛਾਪ ਸੋਨਾ, 1 ਲੈਪਟਾਪ ਪੁਲਿਸ ਵਲੋ ਬਰਾਮਦ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪ੍ਰਵੀਨ ਕੁਮਾਰ ਜਦੋ ਆਪਣੀ ਇੰਡੀਗੋ ਕਾਰ ਉਪਰ ਲਾਲ ਬੱਤੀ ਅਤੇ ਵੀ.ਆਈ. ਪੀ. ਐਮ.ਐਲ.ਏ. ਹਰਿਆਣਾ ਦਾ ਸਟਿੱਕਰ ਲਗਾ ਕੇ ਜਾ ਰਿਹਾ ਸੀ ਤਾਂ ਉਸ ਦੀ ਕਾਰ ਦੀ ਸਾਇਡ ਟਰੱਕ ਨਾਲ ਲੱਗਣ ਕਰਕੇ ਇਹ ਟਰੈਫਿਕ ਪੁਲਿਸ ਚੰਡੀਗੜ੍ਹ ਦੀ ਨਜ਼ਰ ਵਿੱਚ ਆ ਗਿਆ, ਜਿਨ੍ਹਾਂ ਨੇ ਬੱਤੀ ਅਤੇ ਸਟਿੱਕਰ ਦੀ ਦੁਰਵਰਤੋ ਦਾ ਚਲਾਨ ਕੱਟ ਦਿਤਾ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਵਲੋ ਇਸ ਸਬੰਧ ਵਿੱਚ ਲੱਗੀ ਖਬਰ ਨੂੰ ਪੜ੍ਹ ਕੇ ਇਸ ਨੂੰ ਗ੍ਰਿਫ਼ਤਾਰ ਕਰਨ ਲਈ ਜਾਲ ਵਿਛਾਇਆ ਗਿਆ ਤੇ ਚੰਡੀਗੜ੍ਹ ਵਿਖੇ ਚਲਾਨ ਭੁਗਤਣ ਆਏ ਪ੍ਰਵੀਨ ਕੁਮਾਰ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸਦਾ 7 ਦਸੰਬਰ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਢਲੀ ਪੁੱਛਗਿੱਛ ਦੌਰਾਨ ਇਸ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਠੱਗੀਆ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਵਿੱਚ ਮਾਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਵੀਨ ਨੇ ਇੰਦੌਰ ਤੇ ਮੁਰਾਦਾਬਾਦ (ਯੂ.ਪੀ) ਵਿਖੇ ਵੀ ਇਸ ਤਰ੍ਹਾਂ ਦੀਆ ਠੱਗੀਆਂ ਮਾਰੀਆਂ ਸੀ ਅਤੇ ਇਸ ਕੋਲੋਂ ਉਥੋਂ ਦੀਆਂ ਬਿੱਲ ਬੁੱਕਾਂ ਮਿਲੀਆਂ ਹਨ, ਜਿਨ੍ਹਾਂ 'ਤੇ ਲੋਕਾਂ ਦੇ ਮੋਬਾਇਲ ਨੰਬਰ ਲਿਖੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਬਾਰੇ ਇੰਦੌਰ ਤੇ ਮੁਰਾਦਾਬਾਦ ਦੇ ਪੁਰਸ਼ਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਲੋਕਾਂ ਨਾਲ ਠੱਗੀ ਵੱਜੀ ਹੈ, ਉਨ੍ਹਾਂ ਨੂੰ ਥਾਣਾ ਸਿਟੀ-1 ਮਾਨਸਾ ਵਲੋ ਸੰਪਰਕ ਕੀਤਾ ਜਾ ਰਿਹਾ ਹੈ।
ਡਾ. ਭਾਰਗਵ ਨੇ ਕਿਹਾ ਕਿ ਅਪਰੈਲ 2012 ਇਸ ਵਿਅਕਤੀ ਨੇ 12 ਹੱਟਾ ਚੋਕ ਮਾਨਸਾ ਵਿਖੇ ਆਪਣੇ ਸਾਥੀ ਦਵਿੰਦਰ ਸਿੰਘ ਪੁੱਤਰ ਹਵਾ ਸਿੰਘ ਵਾਸੀ ਡੁਰਾਨਾ (ਹਰਿਆਣਾ) ਅਤੇ ਤਿੰਨ ਚਾਰ ਹੋਰ ਵਿਅਕਤੀਆਂ ਨਾਲ ਰਲ ਕੇ ਸ਼੍ਰੀ ਸਾਈਂ ਇੰਟਰਪ੍ਰਾਈਜ਼ ਐਸ.ਐਮ.ਐਸ ਸੈਡਿੰਗ ਜੌਬ ਨਾਮ ਦੀ ਕੰਪਨੀ ਖੋਲ੍ਹੀ ਅਤੇ ਰਾਹੁਲ ਮਾਨ ਨੇ ਆਪਣਾ ਪਤਾ ਪੁੱਤਰ ਧਨਪਤ ਰਾਏ ਵਾਸੀ ਹਾਊਸ ਨੰਬਰ 730, ਜੀਂਦ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਆਪਣੇ ਘਰ ਬੈਠੇ ਰੁਜ਼ਗਾਰ ਦੇਣ ਦਾ ਝੂਠਾ ਵਾਅਦਾ ਕਰਦੇ ਸੀ ਅਤੇ ਇਨ੍ਹਾਂ ਵਲੋ ਇਸ ਸਬੰਧੀ ਇਸ਼ਤਿਹਾਰ ਵਗੈਰਾ ਲਗਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕੰਪਨੀ ਆਪਣੇ ਗ੍ਰਾਹਕਾਂ ਨੂੰ 10,500 ਰੁਪਏ ਵਿੱਚ ਰਿਲਾਇੰਸ ਅਤੇ ਆਈਡੀਆ ਕੰਪਨੀ ਦੇ ਸਿਮ ਕਾਰਡ ਮੁਹੱਈਆ ਕਰਵਾਉਂਦੀ ਤੇ ਇਕ ਫੋਨ ਨੰਬਰਾਂ ਦੀ ਲਿਸਟ ਨਾਲ ਦੇ ਕੇ ਇਹ ਦਾਅਵਾ ਕਰਦੀ ਸੀ ਕਿ ਇਸ ਲਿਸਟ ਵਿੱਚ ਦਰਜ ਨੰਬਰਾਂ 'ਤੇ 2000 ਐਸ.ਐਮ.ਐਸ ਕਰਨ ਦੇ ਏਵਜ ਵਿੱਚ 6000 ਰੁਪਏ ਬਤੌਰ ਤਨਖਾਹ ਘਰ ਬੈਠਿਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਣੇ ਗ੍ਰਾਹਕਾਂ ਨੂੰ ਪਹਿਲੀ ਤਨਖ਼ਾਹ ਐਡਵਾਂਸ ਦੇਣੀ ਕਹਿ ਕੇ ਉਸ ਪਾਸੋ ਸਿਮ ਕਾਰਡ ਦੀ ਰੱਖੀ ਕੀਮਤ 10500 ਰੁਪਏ ਦੀ ਬਜਾਏ 4500 ਰੁਪਏ ਵਸੂਲ ਕਰਦੇ ਸੀ ਅਤੇ ਇਹ ਕਹਿ ਦਿੰਦੇ ਸੀ ਕਿ 6000 ਰੁਪਏ ਐਡਵਾਂਸ ਤਨਖਾਹ ਦੇ ਰੂਪ ਵਿੱਚ ਛੱਡ ਰਹੇ ਹਾਂ। ਐਸ.ਐਸ.ਪੀ. ਨੇ ਕਿਹਾ ਕਿ ਇਨ੍ਹਾਂ ਦੇ ਝਾਂਸੇ ਵਿੱਚ ਆਕੇ ਲੋਕਾ ਨੇ ਇੱਕਠੇ 10-10 ਸਿਮ ਕਾਰਡ ਖਰੀਦ ਲਏ ਜੋ ਆਪਣੇ ਘਰਾਂ ਵਿੱਚ ਔਰਤਾਂ ਅਤੇ ਬੱਚਿਆ ਨੂੰ ਵੀ ਮੈਸੇਜ਼ ਭੇਜਣ ਦੇ ਕੰਮ ਵਿੱਚ ਲਾਈ ਰੱਖਦੇ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਸ ਕੰਪਨੀ ਦਾ ਗੋਰਖ ਧੰਦਾ 4-5 ਮਹੀਨੇ ਇੱਥੇ ਚਲਦਾ ਰਿਹਾ। ਉਨ੍ਹਾਂ ਕਿਹਾ ਕਿ ਲੋਕਾ ਦਾ ਵਿਸ਼ਵਾਸ ਹਾਸਲ ਕਰਨ ਲਈ ਇਨ੍ਹਾਂ ਵਲੋਂ ਕੁੱਝ ਲੋਕਾਂ ਨੂੰ 6000 ਰੁਪਏ ਪ੍ਰਤੀ ਮਹੀਨਾ ਦਿੱਤੇ ਵੀ ਗਏ ਸਨ।
ਐਸ.ਐਸ.ਪੀ. ਨੇ ਕਿਹਾ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਨਾਲ ਇਨ੍ਹਾਂ ਨੇ ਕਾਫ਼ੀ ਅਸਰ-ਰਸੂਖ਼ ਬਣਾ ਲਿਆ ਸੀ ਕਿ ਦੁਕਾਨਦਾਰਾਂ ਪਾਸੋ ਇਨ੍ਹਾਂ ਨੇ ਸੋਨੇ ਦੇ ਗਹਿਣੇ, ਕੱਪੜੇ, ਕਾਰ, ਐਲ. ਸੀ. ਡੀ. ਅਤੇ ਹੋਰ ਕਾਫੀ ਸਾਰਾ ਕੀਮਤੀ ਸਾਮਾਨ ਕੁੱਝ ਹੀ ਪੇਮੈਂਟ ਦੇ ਕੇ ਉਧਾਰ ਵੀ ਲੈ ਗਏ। ਉਨ੍ਹਾਂ ਕਿਹਾ ਕਿ ਜਦੋ ਲੋਕਾਂ ਵਲੋ ਜਮ੍ਹਾਂ ਕਰਵਾਈ ਗਈ ਕਾਫੀ ਰਕਮ ਇਕੱਠੀ ਹੋ ਗਈ ਤਾਂ ਇਹ ਆਪਣਾ ਸਭ ਕੁਝ ਸਮੇਟ ਕੇ ਰਾਤੋ-ਰਾਤ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨਾਲ ਠੱਗੀ ਵੱਜੀ ਸੀ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਤਾਂ ਥਾਣੇ ਇਤਲਾਹ ਵੀ ਨਹੀਂ ਦਿੱਤੀ ਪਰ ਜਿਨ੍ਹਾਂ ਨੇ ਪੈਸੇ ਉਧਾਰ ਫੜ ਕੇ ਇਸ ਧੰਦੇ ਵਿੱਚ ਲਾਏ ਸਨ, ਉਨ੍ਹਾਂ ਨੇ ਇਤਲਾਹ ਦੇ ਕੇ ਮੁਕੱਦਮਾ ਨੰਬਰ 107 ਮਿਤੀ 2-6-12 ਅ/ਧ 420,467,468,472,120-ਬੀ. ਹਿੰ:ਦੰ: ਥਾਨਾ ਸਿਟੀ-1 ਮਾਨਸਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਪੁਲਿਸ ਨੇ ਫੋਰਨ ਕਾਰਵਾਈ ਕਰਦੇ ਹੋਏ ਮੌਕਾ 'ਤੇ ਹੀ ਇਨ੍ਹਾਂ ਦੇ ਇਕ ਸਾਥੀ ਕੁਲਦੀਪ ਸਿੰਘ ਜੋ ਬੈਂਕ ਅਕਾਊਟ ਵਿੱਚ ਪੈਸੇ ਕਢਵਾ ਰਿਹਾ ਸੀ, ਨੂੰ ਗ੍ਰਿਫਤਾਰ ਕਰਕੇ 37000 ਰੁਪਏ ਬਰਾਮਦ ਕਰਵਾਏ ਸਨ। ਉਨ੍ਹਾਂ ਕਿਹਾ ਕਿ ਇਸਦੇ ਬਾਕੀ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਭੱਜੇ ਵਿਅਕਤੀਆਂ ਦੇ ਅਡਰੈਸ ਵੀ ਜਾਅਲੀ ਸਨ, ਜਿਨ੍ਹਾਂ ਨੇ ਜਾਅਲੀ ਐਡਰੈਸਾਂ 'ਤੇ ਹੀ ਸਿਮ ਕਾਰਡ ਜਾਰੀ ਕਰਵਾਏ ਹੋਏ ਸਨ ਪਰ ਪੁਲਿਸ ਵਲੋ ਮਿਹਨਤ ਅਤੇ ਲਗਨ ਨਾਲ ਇਨ੍ਹਾਂ ਦੇ ਸਹੀ ਨਾਮ ਪਤੇ ਤਸਦੀਕ ਕੀਤੇ ਗਏ ਜੋ ਇਹ ਗੱਲ ਸਾਹਮਣੇ ਆਈ ਕਿ ਮੁਖ ਦੋਸ਼ੀੌ ਪ੍ਰਵੀਨ ਕੁਮਾਰ ਪੁਤਰ ਸਤਵੀਰ ਸਿੰਘ ਵਾਸੀ ਚਿੜਾਨਾ ਥਾਨਾ ਸੁਹਾਨਾ ਜਿਲਾ ਸੋਨੀਪਤ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਸਾਥੀ ਦਵਿੰਦਰ ਸਿੰਘ ਪੁਤਰ ਹਵਾ ਸਿੰਘ ਵਾਸੀ ਡੁਰਾਨਾ (ਹਰਿਆਣਾ) ਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕਾਬੂ ਕਰਨ ਲਈ ਰੇਡ ਕੀਤੀ ਗਈ, ਜਿਸ ਵਿੱਚ ਦਵਿੰਦਰ ਸਿੰਘ ਨੂੰ ਮਿਤੀ 8-11-12 ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 60 ਗ੍ਰਾਮ ਸੋਨਾ ਬਰਾਮਦ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪ੍ਰਵੀਨ ਕੁਮਾਰ ਏਨਾ ਸ਼ਾਤਿਰ ਦਿਮਾਗ ਵਾਲਾ ਵਿਆਕਤੀ ਹੈ ਜੋ ਆਪਣੇ ਹੀ ਲੈਪਟਾਪ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਇਡੈਨਟੀ ਕਾਰਡ ਤੇ ਆਪਣੀਆ ਫੋਟੋਆ ਲਗਾ ਕੇ ਆਪਣਾ ਨਾਮ ਬਦਲ ਕੇ ਰੱਖ ਲੈਦਾ ਹੈ ਅਤੇ ਉਸੇ ਸ਼ਨਾਖਤ 'ਤੇ ਹੀ ਆਪਣਾ ਗੋਰਖਧੰਦਾ ਚਲਾਉਂਦਾ ਰਹਿੰਦਾ ਹੈ। ਤਫਤੀਸ਼ ਦੌਰਾਨ ਇਸ ਪਾਸੋਂ ਇਕੋ ਹੀ ਮਿਤੀ 16-3-11 ਨੂੰ ਜਾਰੀ ਕੀਤੇ 3 ਡਰਾਇਵਿੰਗ ਲਾਇਸੰਸ ਬਰਾਮਦ ਹੋਏ ਹਨ, ਜਿਨ੍ਹਾਂ ਉਪਰ ਫੋਟੋ ਪ੍ਰਵੀਨ ਕੁਮਾਰ ਦੀ ਹੈ ਪ੍ਰੰਤੂ ਨਾਮ ਰਾਹੁਲ ਕੁਮਾਰ, ਪ੍ਰਵੀਨ ਕੁਮਾਰ ਤੇ ਮੋਹਿਤ ਕੁਮਾਰ ਲਿਖੇ ਹਨ ਜੋ ਪਾਣੀਪਤ ਦੇ ਬਣੇ ਹੋਏ ਹਨ ਪ੍ਰੰਤੂ ਇਹ ਲਾਇਸੰਸ ਬਣਾਉਣ ਵਾਲੀ ਮੋਹਰ ਵੀ ਇਸ ਪਾਸੋ ਬਰਾਮਦ ਹੋਈ ਹੈ, ਜਿਸ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Post a Comment