ਉਤਰਾਖੰਡ ਸਰਕਾਰ ਨੇ ਗਿਆਨ ਗੋਦੜੀ ਨੂੰ ਜਾ ਰਹੀ ਯਾਤਰਾ ਰੋਕੀ। (ਸੰਤ ਦਾਦੂਵਾਲ੍ਹ,ਬੱਬਰ ਸਮੇਤ 700 ਸਿੰਘ ਲਏ ਹਿਰਾਸਤ ਵਿੱਚ)

Wednesday, November 28, 20120 comments


ਤਲਵੰਡੀ ਸਾਬੋ 28 ਨਵੰਬਰ (ਰਣਜੀਤ ਸਿੰਘ ਰਾਜੂ) ਸਿੱਖ ਕੌਮ ਦੇ ਪਹਿਲੇ ਗੁਰੁ ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਅਤੇ ਗੁਰੂਦੁਆਰਾ ਗਿਆਨ ਗੋਦੜੀ ਸਾਹਿਬ ਦੀ ਨਵ ਉਸਾਰੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਪੰਥਕ ਸੇਵਾ ਲਹਿਰ,ਆਲ ਇੰਡੀਆ ਸਿੱਖ ਕਾਨਫਰੰਸ,ਉਤਰਾਖੰਡ ਪੰਜਾਬੀ ਕ੍ਰਾਂਤੀ ਮੋਰਚਾ ਵੱਲੋਂ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਤਹਿਤ ਬੀਤੇ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ  ਗੁਰੂਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਵੱਲ ਨੂੰ ਰਵਾਨਾ ਹੋਈ ਯਾਤਰਾ ਨੂੰ ਉਤਰਾਖੰਡ ਸਰਕਾਰ ਨੇ ਰੋਕ ਲਿਆ ਹੈ ਅਤੇ ਯਾਤਰਾ ਦੀ ਅਗਵਾਈ ਕਰ ਰਹੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ,ਆਲ ਇੰਡੀਆ ਸਿੱਖ ਕਾਨਫਰੰਸ ਦੇ ਮੁਖੀ ਗੁਰਚਰਨ ਸਿੰਘ ਬੱਬਰ,ਉਤਰਾਖੰਡ ਪੰਜਾਬੀ ਕ੍ਰਾਂਤੀ ਮੋਰਚਾ ਦੇ ਕੰਵਰ ਜੁਪਿੰਦਰ ਸਿੰਘ ਸਮੇਤ ਕਰੀਬ 700 ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿਆ  ਹੈ।
         ਇੱਥੇ ਦੱਸਣਾ ਬਣਦਾ ਹੈ ਕਿ ਗੁਰੂਦੁਆਰਾ ਗਿਆਨ ਗੋਦੜੀ ਸਾਹਿਬ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਪਹਿਲੀ ਯਾਤਰਾ ਵੇਲੇ ਦਾ ਇਤਿਹਾਸਿਕ ਸਥਾਨ ਹੈ ਜਿਸਨੂੰ 1984 ਵੇਲੇ ਸਿੱਖ ਕੌਮ ਤੇ ਹੋਏ ਹਿੰਸਕ ਹਮਲਿਆਂ ਦੌਰਾਨ ਢਹਿ ਢੇਰੀ ਕਰ ਦਿੱਤਾ ਗਿਆ ਸੀ।ਇਸਦੀ ਨਵ ਉਸਾਰੀ ਨੂੰ ਲੈ ਕੇ ਪੰਥਕ ਸੇਵਾ ਲਹਿਰ,ਆਲ ਇੰਡੀਆ ਸਿੱਖ ਕਾਨਫਰੰਸ ਤੇ ਉਤਰਾਖੰਡ ਪੰਜਾਬੀ ਕ੍ਰਾਂਤੀ ਮੋਰਚਾ ਵੱਲੋਂ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ।ਇਸੇ ਕੜੀ ਵਿੱਚ ਉਕਤ ਜਥੇਬੰਦੀਆਂ ਵੱਲੋਂ ਸ਼੍ਰੀ ਗੁਰੁ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਗੁ:ਗਿਆਨ ਗੋਦੜੀ ਸਾਹਿਬ ਹਰਿਦੁਆਰ ਤੱਕ ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਸੀ ਤੇ ਕੱਲ੍ਹ ਇਹ ਯਾਤਰਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਈ ਸੀ।ਦੂਜੇ ਪਾਸੇ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਤਰਾਖੰਡ ਸਰਕਾਰ ਨੇ ਯਾਤਰਾ ਦੇ ਉਤਰਾਖੰਡ ਵਿੱਚ ਨਾਂ ਦਾਖਿਲ ਹੋਣ ਦੇਣ ਦੀ ਗੱਲ ਕਹੀ ਸੀ ਪ੍ਰੰਤੂ ਸਿੱਖ ਸੰਗਤਾਂ ਫਿਰ ਵੀ ਵੱਡੀ ਗਿਣਤੀ ਵਿੱਚ ਯਾਤਰਾ ਵਿੱਚ ਸ਼ਾਮਿਲ ਹੋਈਆਂ ਸਨ ਤੇ ਯਾਤਰਾ ਨਿਰਧਾਰਿਤ ਸਮੇਂ ਸ਼ੁਰੂ ਹੋਈ ਸੀ।
          ਬੀਤੀ ਰਾਤ ਯਾਤਰਾ ਹਿਮਾਚਲ ਪ੍ਰਦੇਸ਼ ਦੇ ਗੁਰੂਦੁਆਰਾ ਪਾਂਉਟਾ ਸਾਹਿਬ ਰੁਕੀ ਸੀ ਤੇ ਅੱਜ ਸਵੇਰੇ ਉਥੋਂ ਅੱਗੇ ਰਵਾਨਾ ਹੋਣਾ ਸੀ।ਯਾਤਰਾ ਵਿੱਚ ਸ਼ਾਮਿਲ ਪੰਥਕ ਸੇਵਾ ਲਹਿਰ ਦੇ ਆਗੂਆਂ ਨੇ ਉਕਤ ਪੱਤਰਕਾਰ ਨੂੰ ਫੋਨ ਤੇ ਸਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਧਰ ਜਿਉਂ ਹੀ ਯਾਤਰਾ ਗੋਦਾਵਰੀ ਨਦੀ ਕੰਢੇ ਪੁੱਜੀ ਤੇ ਉਤਰਾਖੰਡ ਵਿੱਚ ਦਾਖਿਲ ਹੋਣ ਲੱਗੀ ਤਾਂ ਭਾਰੀ ਗਿਣਤੀ ਵਿੱਚ ਤੈਨਾਤ ਉਤਰਾਖੰਡ ਪੁਲਿਸ ਪ੍ਰਸ਼ਾਸਨ ਨੇ ਯਾਤਰਾ ਨੂੰ ਰੋਕ ਲਿਆ ਜਿਸ ਤੇ ਸਿੱਖ ਸੰਗਤ ਨੇ ਉੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ ਜੋ ਤਕਰੀਬਨ ਤਿੰਨ ਘੰਟੇ ਤੱਕ ਚੱਲਿਆ।ਧਰਨੇ ਨੂੰ ਸੰਬੋਧਨ ਕਰਦਿਆਂ  ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਦੋਂ ਸਿੱਖ ਕੋਈ ਸੰਘਰਸ਼ ਕਰਦੇ ਹਨ ਤਾਂ ਉਸ ਰਾਜ ਦੀਆਂ ਸਰਕਾਰਾ ਭਾਂਵੇ ਉਹ ਕਿਸੇ ਵੀ ਪਾਰਟੀ ਦੀਆਂ ਕਿਉਂ ਨਾਂ ਹੋਣ ਉਸ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਹਰ ਵਾਹ ਲਾਂਉਦੀਆਂ ਹਨ ਅਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸ਼ਾਂਤਮਈ ਸਿੱਖਾਂ ਨੂੰ ਉਨ੍ਹਾਂ ਦੇ ਗੁਰੂਆਂ ਦਾ ਜਨਮ ਦਿਨ ਮਨਾਉਣ ਦਾ ਅਧਿਕਾਰ ਵੀ ਸਰਕਾਰਾਂ ਵੱਲੋਂ ਨਹੀ ਦਿੱਤਾ ਜਾਂਦਾ।ਉਨ੍ਹਾਂ ਦੁਹਰਾਇਆ ਕਿ ਸਰਕਾਰ ਜਿੰਨੀਆਂ ਮਰਜੀ ਰੁਕਾਵਟਾਂ ਖੜੀਆਂ ਕਰ ਲਵੇ ਪ੍ਰੰਤੂ ਗੁਰੂਦੁਆਰਾ ਗਿਆਨ ਗੋਦੜੀ ਸਾਹਿਬ ਦ ੀਨਵ ਉਸਾਰੀ ਹਰ ਹਾਲਤ ਕਰਵਾਈ ਜਾਵੇਗੀ ਭਾਂਵੇ ਇਸਲਈ ਕਿੰਨੀਆਂ ਹੀ ਕੁਰਬਾਨੀਆਂ ਕਿਉਂ ਨਾਂ ਕਰਨੀਆਂ ਪੈਣ।
     ਉੱਧਰ ਜਿਉਂ ਹੀ ਯਾਤਰਾ ਅਗਲੇ ਪੜਾਅ ਲਈ ਰਵਾਨਾ ਹੋਣ ਲੱਗੀ ਤਾਂ ਹਿਮਾਚਲ ਉਤਰਾਖੰਡ ਸਰਹੱਦ ਤੇ ਪੈਂਦੇ ਕਸਬੇ ਕੁਲਾਹਨ ਕੋਲ ਐੱਸ.ਪੀ ਦੇਹਰਾਦੂਨ ਜਗਦੀਸ਼ ਚੰਦਰ ਦੀ ਅਗਵਾਈ ਵਿੱਚ ਤੈਨਾਤ ਸੈਂਕੜੈ ਪੁਲਿਸ ਕਰਮੀਆਂ ਨੇ ਯਾਤਰਾ ਨੂੰ ਰੋਕ ਕੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ੍ਹ,ਗੁਰਚਰਨ ਸਿੰਘ ਬੱਬਰ,ਕੁੰਵਰ ਜੁੰਪਿੰਦਰ ਸਿੰਘ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ,ਬਾਬਾ ਅਵਤਾਰ ਸਿੰਘ ਸਾਧਾਂਵਾਲਾ,ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ ਸਮੇਤ ਕਰੀਬ 700 ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂਕਿ ਕੁਝ ਸਿੰਘਾਂ ਨੂੰ ਖਦੇੜ ਦਿੱਤਾ ਗਿਆ।ਇਸ ਮੌਕੇ ਉਤਰਾਖੰਡ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀ ਵੀ ਹਾਜਿਰ ਸਨ।ਯਾਤਰਾ ਵਿੱਚ ਸ਼ਾਮਿਲ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਦਾ ਪਤਾ ਨਹੀ ਲੱਗ ਸਕਿਆ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂ ਨਹੀ?ਪੁਲਿਸ ਗ੍ਰਿਫਤਾਰ ਆਗੂਆਂ ਨੇ ਕਿੱਥੇ ਲੈ ਗਈ ਇਸ ਬਾਰੇ ਕੁਝ ਪਤਾ ਨਹੀ ਚੱਲ ਸਕਿਆ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger