ਹਲਕੇ ਦੀ ਸੇਵਾਦਾਰੀ ਮੱਖਣ ਸਿੰਘ ਲਾਲਕਾ ਨੂੰ ਦੇਣ ਤੇ ਨਾਭਾ ਅਕਾਲੀ ਦਲ ਵਿੱਚ ਬਗਾਵਤ

Friday, November 30, 20120 comments



ਨਾਭਾ, 30 ਨਵੰਬਰ (ਜਸਬੀਰ ਸਿੰਘ ਸੇਠੀ)-ਪਿਛਲੇ ਦਿਨੀ ਆਪਣਾ ਸਕਤੀ ਪ੍ਰਦਰਸਨ ਕਰਨ ਲਈ ਨਾਭਾ ਵਿਖੇ ਸਾਬਕਾ ਵਿਧਾਇਕ ਬਲਵੰਤ ਸਿੰਘ ਸਾਹਪੁਰ ਅਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਮੱਖਣ ਸਿੰਘ ਲਾਲਕਾ ਵੱਲੋਂ ਭਰਵੀਆਂ ਰੈਲੀਆਂ ਕੀਤੀਆਂ ਗਈਆਂ। ਜਿਨਾਂ ਨੂੰ ਕੈਬਨਿਟ ਮੰਤਰੀ ਅਤੇ ਜਿਲ੍ਹਾ ਪਟਿਆਲਾ ਦੇ ਇੰਚਾਰਜ ਸਿਕੰਦਰ ਸਿੰਘ ਮਲੂਕਾ ਨੇ ਸੰਬੋਧਨ ਕੀਤਾ। ਇਨਾਂ ਰੈਲੀਆਂ ਤੋਂ ਸਾਫ ਜਾਹਿਰ ਸੀ ਕਿ ਅਕਾਲੀ ਦਲ ਨਾਭਾ ਵਿੱਚ ਆਪਸੀ ਫੁੱਟ ਦਾ ਸਿਕਾਰ ਹੋ ਗਿਆ ਹੈ। ਵਿਧਾਨ ਸਭਾ ਚੋਣਾਂ ਤੋਂ ਲਗਭਗ 2 ਸਾਲ ਪਹਿਲਾਂ ਮੱਖਣ ਸਿੰਘ ਲਾਲਕਾ ਵੱਲੋਂ ਚੋਣ ਲੜਨ ਦੀ ਤਿਆਰੀ ਕੀਤੀ ਸੀ ਪਰ ਪਾਰਟੀ ਨੇ ਐਨ ਮੌਕੇ ਤੇ ਫੈਸਲਾ ਕਰਕੇ ਬਲਵੰਤ ਸਿੰਘ ਸਾਹਪੁਰ ਸਾਬਕਾ ਵਿਧਾਇਕ ਅਮਲੋਹ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਸੀ। ਮੱਖਣ ਸਿੰਘ ਲਾਲਕਾ ਨੂੰ ਇਸ ਦੇ ਬਦਲਵੇਂ ਰੂਪ ਵਿੱਚ ਅਕਾਲੀ ਦਲ ਦਾ ਮੀਤ ਪ੍ਰਧਾਨ  ਨਿਯੁਕਤ ਕੀਤਾ ਗਿਆ ਸੀ। ਪਾਰਟੀ ਲੀਡਰਾਂ ਦੀ ਆਪਸੀ ਖਿੱਚੋਤਾਣ ਕਾਰਨ ਇੱਥੋਂ ਬਲਵੰਤ ਸਿੰਘ ਜਿੱਤਣ ਵਿੱਚ ਸਫਲ ਨਹੀ ਹੋ ਸਕਿਆ ਕਿਉਂਕਿ ਮੱਖਣ ਸਿੰਘ ਲਾਲਕਾ ਨਾਲ ਸਬੰਧਤ ਵਰਕਰਾਂ ਨੇ ਵਿਰੋਧ ਵਜੋਂ ਕਾਂਗਰਸੀ ਉਮੀਦਵਾਰ ਦੀ ਹਰ ਪੱਖੋਂ ਮੱਦਦ ਕੀਤੀ। ਸਾਹਪੁਰ ਦੀ ਹਾਰ ਦਾ ਕਾਰਨ ਟਿਕਟ ਦੀ ਲੇਟ ਅਲਾਟਮੈਂਟ ਵੀ ਸਮਝਿਆ ਜਾ ਸਕਦਾ ਹੈ ਕਿਉਂਕਿ ਉਹ ਸਿਰਫ 13 ਦਿਨ ਹੀ ਆਪਣੇ ਬਲਬੂਤੇ ਚੋਣ ਮੁਹਿੰਮ ਭਖਾ ਸਕੇ ਸਨ। ਪਾਰਟੀ ਹਾਈ ਕਮਾਂਡ ਦਾ ਕੋਈ ਵੀ ਵੱਡਾ ਨੇਤਾ ਇਸ ਦੀਆਂ ਸਭਾਵਾਂ ਨੂੰ ਸੰਬੋਧਨ ਕਰਨ ਨਹੀ ਪਹੁੰਚਿਆ। ਇਸ ਦੇ ਬਾਵਜੂਦ ਵੀ ਉਨਾਂ ਆਪਣੀ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ 42 ਹਜਾਰ ਦੇ ਲਗਭਗ ਵੋਟ ਹਾਸਿਲ ਕੀਤੇ। ਜਿਸ ਨੂੰ ਹਲਕੇ ਵਿੱਚ ਨਵਾਂ ਕੀਰਤੀਮਾਨ ਸਮਝਿਆ ਜਾ ਰਿਹਾ ਸੀ। 
ਇੱਥੇ ਵਰਣਨਯੋਗ ਹੈ ਕਿ ਨਾਭਾ ਰਾਖਵਾਂ ਹਲਕੇ ਵਿੱਚ ਦਲਿੱਤਾਂ ਦੀ 47 ਹਜਾਰ ਦੇ ਲਗਭਗ ਵੋਟ ਹੈ। ਦਲਿੱਤ ਖਾਸਕਰ ਰਾਮਦਾਸੀਆ ਵਰਗ ਦਾ ਉਮੀਦਵਾਰ ਹੋਣ ਕਰਕੇ ਰਾਮਦਾਸੀਆ ਅਤੇ ਮਜਬੀ/ਬਾਲਮੀਕਿ ਭਾਈਚਾਰੇ ਨੇ ਚੋਣ ਮੁਹਿੰਮ ਦੌਰਾਨ ਪੂਰਾ ਸਮਰਥਨ ਦਿੱਤਾ ਕਿਉਂਕਿ ਸਾਹਪੁਰ ਦਾ ਦਲਿਤ ਭਾਈਚਾਰੇ ਖਾਸਕਰ ਪਿੰਡਾਂ ਵਿੱਚ ਪੂਰਾ ਅਸਰ-ਰਸੂਖ ਸੀ ਪ੍ਰੰਤੂ ਪਿਛਲੇ ਦਿਨੀ ਸਿਕੰਦਰ ਸਿੰਘ ਮਲੂਕਾ ਨੇ ਮੱਖਣ ਸਿੰਘ ਲਾਲਕੇ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਫੈਸਲਾ ਕੀਤਾ ਕਿ ਹਲਕੇ ਦੀ ਸੇਵਾ ਮੱਖਣ ਸਿੰਘ ਲਾਲਕਾ ਨੂੰ ਦਿੱਤੀ ਜਾਵੇ। ਇਸ ਕਰਕੇ ਮੈਂ ਹਾਈ ਕਮਾਂਡ ਦਾ ਸੁਨੇਹਾ ਲੈ ਕੇ ਤੁਹਾਡੇ ਹਲਕੇ ਵਿੱਚ ਐਲਾਨ ਕਰਨ ਆਇਆ ਹਾਂ। 
ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਮੱਖਣ ਸਿੰਘ ਲਾਲਕਾ ਦੀ ਰੈਲੀ ਵਿੱਚ ਉਹ ਹਲਕੇ ਦੇ ਜਿਆਦਾਤਰ ਲੀਡਰ ਵੀ ਸਾਮਲ ਸਨ ਜੋ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸੀ ਉਮੀਦਵਾਰ ਦੇ ਚੋਣ ਕੰਪੇਨਰ ਸਨ। ਉਨਾਂ ਨੂੰ ਉਮੀਦ ਸੀ ਕਿ ਸਰਕਾਰ ਤਾਂ ਕਾਂਗਰਸ ਦੀ ਹੀ ਬਣੇਗੀ ਪ੍ਰੰਤੂ ਇਹ ਸੰਭਵ ਨਾ ਹੋ ਸਕਿਆ। ਜਿਸ ਕਰਕੇ ਉਹ ਮੱਖਣ ਸਿੰਘ ਲਾਲਕੇ ਨਾਲ ਆਪਣੀ ਨੇੜਤਾ ਵਧਾਉਣ ਲੱਗੇ। ਇਸ ਕਰਕੇ ਉਨਾਂ ਰੈਲੀ ਨੂੰ ਸਫਲ ਬਣਾਉਣ ਲਈ ਅੱਡੀ-ਚੋਟੀ ਦਾ ਜੋਰ ਲਾਇਆ ਹੋਇਆ ਸੀ। ਇਸ ਤਂੋ ਬਿਨਾਂ ਬਾਹਰਲੇ ਹਲਕਿਆਂ ਦੇ ਲੋਕ ਵੀ ਰੈਲੀ ਵਿੱਚ ਸਾਮਿਲ ਹੋਏ। 
ਹੁਣ ਨਾਭਾ ਹਲਕੇ ਦੇ ਸਹਿਰਾਂ ਅਤੇ ਪਿੰਡਾਂ ਵਿੱਚ ਹਲਕੇ ਦਾ ਮੁੱਖ ਸੇਵਾਦਾਰ ਬਦਲਣ ਕਰਕੇ ਚਰਚਾਵਾਂ ਦਾ ਬਾਜਾਰ ਗਰਮਾਇਆ ਹੋਇਆ ਹੈ। ਅਕਾਲੀ ਦਲ ਦੇ ਸੀਨੀਅਰ ਦਲਿੱਤ ਆਗੂਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸਰਤ ਤੇ ਦੱਸਿਆ ਕਿ ਇਸ ਐਲਾਨ ਤੋਂ ਬਾਅਦ ਰਾਮਦਾਸੀਆ ਅਤੇ ਮਜਬੀ/ਬਾਲਮੀਕਿ ਭਾਈਚਾਰਾ ਪਾਰਟੀ ਫੈਸਲੇ ਤੋਂ ਨਿਰਾਸ ਹੋ ਕੇ ਆਪਣੇ ਆਪਣੇ ਘਰ ਬੈਠਣ ਲਈ ਮਜਬੂਰ ਹੋ ਗਿਆ ਹੈ। ਉਨਾਂ ਆਗੂਆਂ ਨੇ ਕਿਹਾ ਕਿ ਅਜਿਹਾ ਹੋਣ ਕਰਕੇ ਪਾਰਟੀ ਵਿੱਚ ਕੁਝ ਸਮੇਂ ਬਾਅਦ ਵੱਡੀ ਬਗਾਵਤ ਹੋਣ ਦੀ ਸਭਾਵਨਾ ਤੋਂ ਇੰਨਕਾਰ ਨਹੀ ਕੀਤਾ ਜਾ ਸਕਦਾ। ਇਸ ਕਰਕੇ ਉਨਾਂ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਦਲਿੱਤ ਭਾਈਚਾਰੇ ਦਾ ਪਾਰਟੀ ਵਿੱਚ ਮਾਣ ਸਤਿਕਾਰ ਬਰਕਰਾਰ ਰੱਖਣ ਲਈ ਇਸ ਫੈਸਲੇ ਤੇ ਪੁਨਰ ਵਿਚਾਰ ਕੀਤਾ ਜਾਵੇ। ਕਿਉਂਕਿ ਇਹੋ ਜਿਹੇ ਜਲਦਬਾਜੀ ਵਿੱਚ ਕੀਤੇ ਫੈਸਲੇ ਪਾਰਟੀ ਲਈ ਅਗਲੀਆਂ ਚੋਣਾਂ ਵਿੱਚ ਦਲਿੱਤ ਭਾਈਚਾਰੇ ਦੀ ਵਿਰੋਧਤਾ ਕਾਰਨ ਪਾਰਟੀ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਜਿਸ ਦਾ ਅਸਰ ਸਾਰੇ ਪੰਜਾਬ ਅੰਦਰ ਪੈਣ ਦੀ ਸੰਭਾਵਨਾ ਤੋਂ ਇੰਨਕਾਰ ਨਹੀ ਕੀਤਾ ਜਾ ਸਕਦਾ ਹੈ। ਉਕਤ ਨੇਤਾਵਾਂ ਨੇ ਦੱਸਿਆ ਕਿ ਅਨੰਦਪੁਰਾ ਸਾਹਿਬ ਵਿੱਖੇ ਮੁੱਖ ਪ੍ਰਕਾਸ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਚੋਣਾਂ ਵਿੱਚ ਕੋਈ ਵੀ ਅਸਫਲ ਹੋਇਆ ਉਮੀਦਵਾਰ ਆਪਣੇ ਆਪ ਨੂੰ ਹਾਰਿਆ ਮਹਿਸੂਸ ਨਾ ਕਰੇ ਅਤੇ ਹਲਕੇ ਦੀ ਤਰੱਕੀ ਅਤੇ ਖੁਸਹਾਲੀ ਲਈ ਹਲਕੇ ਦੀ ਵਾਂਗਡੋਰ ਸੰਭਾਲੇ ਕਿਉਂਕਿ ਹਲਕੇ ਦੀ ਸੇਵਾਦਾਰੀ ਉਨਾਂ ਦੇ ਹੱਥ ਹੀ ਰਹੇਗੀ। ਪਰ ਨਾਭਾ ਰਿਜਰਵ ਹਲਕੇ ਵਿੱਚ ਪਾਰਟੀ ਨੇ ਮੁੱਖ ਸੇਵਾਦਾਰੀ ਹਲਕੇ ਤੋਂ ਚੋਣ ਲੜੇ ਬਲਵੰਤ ਸਿੰਘ ਸਾਹਪੁਰ ਦੀ ਵਜਾਏ ਮੱਖਣ ਸਿੰਘ ਲਾਲਕਾ ਨੂੰ ਦੇ ਦਿੱਤੀ ਹੈ। ਜਿਸ ਕਰਕੇ ਲੋਕਲ ਤੌਰ ਤੇ ਪਾਰਟੀ ਵਿੱਚ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਅਕਾਲੀ ਦਲ ਨਾਲ ਸਬੰਧਤ ਦਲਿਤ ਅਤੇ ਹੋਰ ਭਾਈਚਾਰਿਆਂ ਦੇ ਲੋਕ ਇਸ ਫੈਸਲੇਂ ਕਾਰਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger