ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਵੱਲ ਯਾਤਰਾ ਜਾਹੋ-ਜਲਾਲ ਨਾਲ ਹੋਈ ਰਵਾਨਾ -ਜੇ ਸੰਗਤਾਂ ਨੂੰ ਗੁਰਪੁਰਬ ਮਨਾਉਣ ਤੋਂ ਰੋਕਿਆ ਤਾਂ ਵਿਗੜੇ ਹਾਲਾਤਾਂ ਲਈ ਜਿੰਮੇਵਾਰ ਹੋਵੇਗੀ ਉਤਰਾਖੰਡ ਸਰਕਾਰ : ਸੰਤ ਦਾਦੂਵਾਲ

Tuesday, November 27, 20120 comments


ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਅੱਜ 'ਮਹਾਨ ਯਾਤਰਾ' ਨਾਂ ਦੇ ਬੈਨਰ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਈ ਇਕ ਯਾਤਰਾ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਵੱਲ ਨੂੰ ਧਰਮਯੁੱਧ ਮੋਰਚਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਅਗਵਾਈ ਵਿਚ ਬੜੇ ਜਾਹੋ-ਜਲਾਲ ਨਾਲ ਰਵਾਨਾ ਹੋਈ । ਜ਼ਿਕਰਯੋਗ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਯਾਤਰਾ ਵੇਲੇ ਦਾ ਇਤਹਾਸਕ ਅਸਥਾਨ ਹੈ, ਇਸ ਜਗ੍ਹਾ ਆਪਣੇ ਪਿਤਰਾਂ ਦੇ ਉਧਾਰ ਦੀ ਧਾਰਨਾ ਨੂੰ ਲੈ ਕੇ ਸੂਰਜ ਲੋਕ ਵੱਲ ਪਾਣੀ ਦੇ ਰਹੇ ਲੋਕਾਂ ਨੂੰ ਗਿਆਨ ਦਾ ਉਪਦੇਸ਼ ਦਿੰਦਿਆਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਦਾ ਭਰਮ ਨਵਿਰਤ ਕੀਤਾ ਸੀ । ਇਸ ਇਤਹਾਸਕ ਅਸਥਾਨ ਨੂੰ 1984 ਵੇਲੇ ਸਿੱਖਾਂ ਤੇ ਹੋਏ ਹਿੰਸਕ ਹਮਲਿਆਂ ਦੌਰਾਨ ਢਹਿ ਢੇਰੀ ਕਰ ਦਿੱਤਾ ਗਿਆ ਸੀ । ਜਿਸਦੀ ਪੁਨਰ-ਸਥਾਪਨਾ ਲਈ ਪਿਛਲੇ ਕਾਫੀ ਸਮੇਂ ਤੋਂ ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਆਲ ਇੰਡੀਆ ਸਿੱਖ ਕਾਨਫਰੰਸ ਦਿੱਲੀ, ਉਤਰਾਖੰਡ ਪੰਜਾਬੀ ਕ੍ਰਾਂਤੀ ਮੋਰਚਾ ਅਤੇ ਹੋਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਲਗਾਤਾਰ ਮੰਗ ਕਰਦੀਆਂ ਆ ਰਹੀਆਂ ਹਨ । ਜਿਸਦੇ ਤਹਿਤ ਦਿੱਲੀ ਵਿਖੇ ਭਾਜਪਾ ਦੇ ਮੁੱਖ ਦਫਤਰ ਦਾ ਘਿਰਾਉ, ਦੇਹਰਾਦੂਨ ਵਿਖੇ ਗੁਰਦੁਆਰਾ ਗਿਆਨ ਗੋਦੜੀ ਆਜ਼ਾਦੀ ਸੰਮੇਲਨ, ਉਤਰਾਖੰਡ ਦੇ ਰਾਜਪਾਲ ਨੂੰ ਮੰਗ ਪੱਤਰ, ਪੰਜਾਬ ਦੇ ਹਰੇਕ ਜਿਲ੍ਹੇ ਦੇ ਡੀ ਸੀ ਨੂੰ ਮੰਗ-ਪੱਤਰ ਅਤੇ ਸਮੇਂ-ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰਾਂ ਨਾਲ ਵੀ ਰਾਬਤਾ ਕੀਤਾ ਗਿਆ ਸੀ। ਭਾਵੇਂ ਕਿ ਅੱਜ ਦੀਆਂ ਮੀਡੀਆ ਵਿਚ ਛਪੀਆਂ ਖਬਰਾਂ ਅਨੁਸਾਰ ਉਤਰਾਖੰਡ ਦੀ ਸਰਕਾਰ ਵੱਲੋਂ ਇਸ ਯਾਤਰਾ ਦੇ ਸਟੇਟ ਵਿਚ ਦਾਖਲ ਹੋਣ ਤੇ ਪਾਬੰਦੀ ਲਾਉਣ ਦੀ ਵੀ ਜਾਣਕਾਰੀ ਹੈ ਪਰ ਫਿਰ ਵੀ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਹਰਿਦੁਆਰ ਵੱਲ ਬੜੀ ਸ਼ਰਧਾ ਭਾਵਨਾ ਨਾਲ ਗੁਰਪੁਰਬ ਮਨਾਉਣ ਲਈ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁਖੀ ਸੰਤ ਬਲਜੀਤ ਸਿੰਘ ਖਾਲਸਾ ਦਾਦੂਵਾਲ ਦੀ ਅਗਵਾਈ ਵਿਚ ਜਾਹੋ-ਜਲਾਲ ਦੇ ਸਹਿਤ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਈਆਂ । ਰਸਤੇ ਵਿਚ ਰਾਜਪੁਰਾ, ਦੇਹਰਾਦੂਨ ਤੋਂ ਵੀ ਸੰਗਤਾਂ ਇਸ ਕਾਫਲੇ ਵਿਚ ਸ਼ਾ ਿਮਲ ਹੁੰਦੀਆਂ ਗਈਆਂ । ਲਗਭਗ 100 ਗੱਡੀਆਂ ਦੇ ਚੱਲ ਰਹੇ ਇਸ ਕਾਫਲੇ ਦੀ ਦੇਖ-ਰੇਖ ਗੁਰਚਰਨ ਸਿੰਘ ਬੱਬਰ ਆਲ ਇੰਡੀਆ ਸਿੱਖ ਕਾਨਫਰੰਸ, ਕੁੰਵਰ ਜੁਪਿੰਦਰ ਸਿੰਘ ਉਤਰਾਖੰਡ ਪੰਜਾਬੀ ਕ੍ਰਾਂਤੀ ਮੋਰਚਾ ਵੱਲੋਂ ਕੀਤੀ ਜਾ ਰਹੀ ਹੈ । ਇਸ ਮੌਕੇ ਸਿੱਖ ਸੰਗਤਾਂ ਵਿਚ ਪੰਥਕ ਸੇਵਾ ਲਹਿਰ ਦੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ, ਭਾਈ ਸੁਖਵੰਤ ਸਿੰਘ ਚੀਮਾ, ਭਾਈ ਸ਼ਰਨਜੀਤ ਸਿੰਘ ਅਕਾਲਗੜ੍ਹ ਢਪੱਈਆਂ, ਭਾਈ ਗੁਰਨਾਮ ਸਿੰਘ ਫਿਲੌਰ, ਭਾਈ ਬਖਸ਼ੀਸ਼ ਸਿੰਘ ਭੱਟੀ ਲਾਲੜੂ ਮੰਡੀ, ਕੁਲਦੀਪ ਸਿੰਘ ਸਰਸੀਣੀ, ਸੁਖਦੇਵ ਸਿੰਘ ਡੱਲੇਵਾਲਾ ਆਦਿ ਤੋਂ ਇਲਾਵਾ ਹਜ਼ਾਰਾਂ ਸਿੱਖ ਸੰਗਤਾਂ ਸ਼ਾਮਿਲ ਸਨ । ਇਸ ਮੌਕੇ ਸੰਤ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਯਾਤਰਾ ਦਾ ਅੱਜ ਰਾਤ ਦਾ ਵਿਸ਼ਰਾਮ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਹੋਵੇਗਾ ਅਤੇ ਕੱਲ੍ਹ 28 ਨਵੰਬਰ ਦੀ ਸਵੇਰ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੂਲ ਜਗ੍ਹਾ ਹਰਿ ਕੀ ਪਉੜੀ ਹਰਿਦੁਆਰ ਵੱਲ ਰਵਾਨਗੀ ਹੋਵੇਗੀ । ਉਤਰਾਖੰਡ ਸਰਕਾਰ ਵੱਲੋਂ ਲਾਈ ਪਾਬੰਦੀ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸ਼ਰਧਾ ਭਾਵਨਾ ਅਤੇ ਬੜੀ ਅਮਨ-ਸ਼ਾਂਤੀ ਸਹਿਤ ਗੁਰੂ ਸਾਹਿਬ ਜੀ ਦੇ ਇਤਹਾਸਕ ਅਸਥਾਨ ਤੇ ਗੁਰਪੁਰਬ ਮਨਾਉਣ ਲਈ ਜਾ ਰਹੇ ਹਾਂ, ਜੇ ਸਰਕਾਰ ਕਿਸੇ ਵੀ ਤਰ੍ਹਾਂ ਸਖਤੀ ਦਾ ਰੁਖ ਅਪਣਾ ਕੇ ਸਾਡੇ ਇਸ ਧਾਰਮਿਕ ਸਮਾਗਮ ਵਿਚ ਵਿਘਨ ਪਾਉਣ ਦਾ ਯਤਨ ਕਰੇਗੀ ਤਾਂ ਵਿਗੜਦੇ ਹਾਲਾਤਾਂ ਲਈ ਸਰਕਾਰ ਜਿੰਮੇਵਾਰ ਹੋਵੇਗੀ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger