ਕੈਂਸਰ ਚੇਤਨਾ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਅਧਿਕਾਰੀ ਲਾਪ੍ਰਵਾਹੀ ਨਾ ਵਰਤਣ : ਡਿਪਟੀ ਕਮਿਸ਼ਨਰ

Friday, November 30, 20120 comments


ਮਾਨਸਾ 30 ਨਵੰਬਰ ( ) : ਜ਼ਿਲ੍ਹਾ ਪੱਧਰ ਦੀ ਕੈਂਸਰ ਚੇਤਨਾ ਮੁਹਿੰਮ ਦਾ ਆਗਾਜ਼ ਸਰਕਾਰੀ ਹਸਪਤਾਲ ਭੀਖੀ ਤੋਂ ਕੀਤਾ ਜਾਵੇਗਾ ਅਤੇ ਡਿਪਟੀ ਕਮਿਨਸ਼ਰ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕਰਨਗੇ। ਕੈਂਸਰ ਚੇਤਨਾ ਪੈਦਾ ਕਰਨ ਲਈ ਪੰਜਾਬ ਪੱਧਰ 'ਤੇ 1 ਦਸੰਬਰ ਤੋਂ ਵਿੱਢੀ ਜਾ ਰਹੀ ਮੁਹਿੰਮ ਨੂੰ ਜ਼ਿਲ੍ਹਾ ਪੱਧਰ 'ਤੇ ਕਾਰਗਰ ਸਿੱਧ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ ਕਿ ਕੈਂਸਰ ਬਾਰੇ ਜਨਤਾ ਨੂੰ ਜਾਣੂ ਕੀਤਾ ਜਾਵੇ ਤਾਂ ਕਿ ਉਹ ਸਹਿਮ ਭਰੀ ਜ਼ਿੰਦਗੀ ਵਿਚੋਂ ਬਾਹਰ ਨਿਕਲ ਸਕਣ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਰਕਾਰ ਦੀ ਇਸ ਸੋਚ ਨੂੰ ਘਰ-ਘਰ ਪਹੁੰਚਾਉਣ ਲਈ ਉਹ ਕੋਈ ਕਸਰ ਬਾਕੀ ਨਾ ਛੱਡਣ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਅਧਿਕਾਰੀਆਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 
ਸ਼੍ਰੀ ਢਾਕਾ ਨੇ ਕਿਹਾ ਕਿ ਆਸ਼ਾ ਵਰਕਰ ਅਤੇ ਏ.ਐਨ.ਐਮਜ਼ ਪਿੰਡ ਵਾਸੀਆਂ ਨੂੰ ਕੈਂਸਰ ਬਾਰੇ ਸਰਲ ਭਾਸ਼ਾ ਵਿਚ ਜਾਗਰੂਕ ਕਰਨਗੀਆਂ ਅਤੇ ਇਸਦੇ ਲੱਛਣਾਂ ਤੋਂ ਲੈ ਕੇ ਹਰ ਪਹਿਲੂ ਦੀ ਬਾਰੀਕੀ ਤੱਕ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਤਾਂ ਕਿ ਇਸਦੀ ਜਾਂਚ ਜਲਦੀ ਹੋ ਸਕੇ। ਉਨ੍ਹਾਂ ਕਿਹਾ ਕਿ ਜਾਂਚ ਕਰਵਾਉਣ ਲਈ ਵੀ ਸਿਹਤ ਕੇਂਦਰਾਂ ਵਿਚ ਜਾਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੈਂਸਰ ਨੂੰ ਜੜ੍ਹੋਂ ਪੁੱਟਣ ਲਈ ਗੰਭੀਰ ਹੈ ਅਤੇ ਇਸ ਮੁਹਿੰਮ ਤਹਿਤ ਜ਼ਿਲ੍ਹਾ ਵਾਸੀ ਵੀ ਕੈਂਸਰ ਬਾਰੇ ਸਹੀ ਜਾਣਕਾਰੀ ਦੇ ਕੇ ਜ਼ਿਲ੍ਹਾ ਪ੍ਰਸਾਸ਼ਨ ਨਾਲ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲਾਕ ਖਿਆਲਾ ਵਿਚ ਕੈਂਸਰ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ 560 ਸ਼ੱਕੀ ਮਰੀਜ਼ ਸਾਹਮਣੇ ਆਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਕੈਂਸਰ ਦੇ 27 ਮਰੀਜ਼ਾਂ ਨੂੰ ਮੁੱਖ-ਮੰਤਰੀ ਕੈਂਸਰ ਰਾਹਤ ਕੋਸ਼ ਵਿਚ ਸਹਾਇਤਾ ਦਿੱਤੀ ਗਈ ਸੀ ਅਤੇ ਹੁਣ ਵੀ ਇਸੇ ਤਰਜ਼ 'ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜਿਹੜੇ ਮਰੀਜ਼ ਕੈਂਸਰ ਦੇ ਹੋਣਗੇ, ਉਨ੍ਹਾਂ ਦਾ ਇਲਾਜ ਵੀ ਸਰਕਾਰ ਵਲੋਂ ਕਰਵਾਇਆ ਜਾਵੇਗਾ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਕੂਲਾਂ ਵਿਚ ਕੈਂਸਰ ਜਾਗਰੂਕਤਾ ਫੈਲਾਉਣ ਲਈ ਬੱਚਿਆਂ ਨੂੰ ਜਾਗਰੂਕ ਕਰਨ।
ਇਸ ਮੌਕੇ ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ ਨੇ ਕਿਹਾ ਕਿ ਕੈਂਸਰ ਚੇਤਨਾ ਮੁਹਿੰਮ ਲਈ ਜ਼ਿਲ੍ਹੇ ਵਿੱਚ ਸਾਰੇ ਮੈਡੀਕਲ, ਪੈਰਾ ਮੈਡੀਕਲ ਸਟਾਫ਼, ਆਸ਼ਾ ਵਰਕਰਾਂ ਅਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ ਦਾ ਕੰਮ ਅਤੇ ਲੋੜੀਂਦਾ ਸਾਮਾਨ ਪਹੁੰਚ ਚੁੱਕਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ 31 ਦਸੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਨੂੰ ਸਿਹਤ ਵਿਭਾਗ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨੇਪਰੇ ਚਾੜ੍ਹੇਗਾ। ਉਨ੍ਹਾਂ ਕਿਹਾ ਕਿ ਕੈਂਸਰ ਮੁਹਿੰਮ ਤਹਿਤ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਦੇ ਵੱਖ-ਵੱਖ ਲੱਛਣਾਂ ਨੂੰ ਆਮ ਭਾਸ਼ਾ ਵਿੱਚ ਦੱਸਿਆ ਜਾਵੇਗਾ ਤੇ ਇਸ ਬਿਮਾਰੀ ਤੋਂ ਪੀੜਤ ਲੋਕਾਂ ਬਾਰੇ ਅੰਕੜੇ ਇਕੱਠੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਂਸਰ ਮੁਹਿੰਮ ਲਈ 11 ਸੀਨੀਅਰ ਮੈਡੀਕਲ ਅਫ਼ਸਰ, 21 ਮੈਡੀਕਲ ਅਫ਼ਸਰ, 16 ਆਰ.ਐਮ.ਓ, 42 ਐਸ.ਆਈ, 7 ਐਲ.ਐਚ.ਵੀ, 156 ਏ.ਐਨ.ਐਮਜ਼, 481 ਆਸ਼ਾ ਵਰਕਰ, 43 ਨਰਸਿੰਗ ਟਿਊਟਰ, 772 ਨਰਸਿੰਗ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ 17 ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਦੀ ਸੁਪਰਵੀਜ਼ਨ ਲਈ ਜ਼ਿਲ੍ਹਾ ਪੱਧਰ 'ਤੇ ਸੁਪਰਵਾਈਜ਼ਰ ਵੀ ਲਗਾ ਦਿੱਤੇ ਗਏ ਹਨ। ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger