-57 ਚੈਂਬਰ ਅਤੇ 12 ਅਲਟਰਾਸਾਊਂਡ ਮਸ਼ੀਨਾਂ ਦਾ ਪ੍ਰਬੰਧ-ਦੇਸ਼-ਵਿਦੇਸ਼ ਦੇ ਉਘੇ ਡਾਕਟਰ ਮਾਨਸਾ ਵਾਸੀਆਂ ਦਾ ਕਰਨਗੇ ਚੈਕਅੱਪ

Wednesday, October 31, 20120 comments



ਮਾਨਸਾ, 31 ਅਕਤੂਬਰ  : ਪੰਜਾਬ ਸਰਕਾਰ ਵਲੋਂ ਮਾਨਸਾ ਵਾਸੀਆਂ ਦਾ ਗੰਭੀਰ ਬਿਮਾਰੀਆਂ ਤੋਂ ਖਹਿੜਾ ਛੁਡਾਉਣ ਦੇ ਕੀਤੇ ਤਹੱਈਏ ਨੂੰ ਉਦੋਂ ਬੂਰ ਪਿਆ ਜਦੋਂ ਅੰਤਰਾਸ਼ਟਰੀ ਕਬੱਡੀ ਕੱਪ ਤੋਂ ਬਾਅਦ ਜ਼ਿਲ੍ਹੇ ਦਾ ਮਲਟੀਪਰਪਜ਼ ਖੇਡ ਸਟੇਡੀਅਮ 3 ਅਤੇ 4 ਨਵੰਬਰ ਨੂੰ ਲੱਗਣ ਵਾਲੇ ਮੈਗਾ ਮੈਡੀਕਲ ਕੈਂਪ ਲਈ ਬਿਲਕੁੱਲ ਤਿਆਰ ਹੋ ਗਿਆ। ਇਥੇ ਦੇਸ਼-ਵਿਦੇਸ਼ ਤੋਂ ਮਾਹਿਰ ਡਾਕਟਰਾਂ ਵਲੋਂ ਜ਼ਿਲ੍ਹਾ ਵਾਸੀਆਂ ਦਾ ਚੈਕਅੱਪ ਕੀਤਾ ਜਾਵੇਗਾ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਕਾਬਿਲੇਗੌਰ ਹੈ ਕਿ ਇਹ ਕੇਵਲ ਦੋ ਦਿਨਾਂ ਕੈਂਪ ਹੀ ਨਹੀਂ ਹੈ ਬਲਕਿ ਕੈਂਪ ਦੌਰਾਨ ਜਿਹੜੇ ਗੰਭੀਰ ਬਿਮਾਰੀਆਂ ਨਾਲ ਜਕੜੇ ਮਰੀਜ਼ ਸਾਹਮਣੇ ਆਉਣਗੇ, ਉਨ੍ਹਾਂ ਦੇ ਅਪਰੇਸ਼ਨ ਮਾਹਿਰ ਡਾਕਟਰਾਂ ਵੱਲੋਂ ਤਾਰੀਖਾਂ ਦੇ ਕੇ ਮੁਫ਼ਤ ਕੀਤੇ ਜਾਣਗੇ। ਪੰਜਾਬ ਸਰਕਾਰ ਦੀ ਇਹ ਪਹਿਲ ਮਾਨਸਾ ਵਰਗੇ ਪੱਛੜੇ ਜ਼ਿਲ੍ਹੇ ਦੇ ਉਨ੍ਹਾਂ ਗਰੀਬ ਤੇ ਮਜ਼ਬੂਰ ਲੋਕਾਂ ਲਈ ਵਰਦਾਨ ਸਿੱਧ ਹੋਵੇਗੀ, ਜਿਨ੍ਹਾਂ ਦੀਆਂ ਬੇਸ਼ਕੀਮਤੀ ਜਾਨਾਂ ਇਲਾਜ ਖੁਣੋਂ ਹੀ ਚਲੇ ਜਾਂਦੀਆਂ ਸਨ। ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਕੈਂਪ ਲਈ ਤਕਰੀਬਨ 57 ਚੈਂਬਰ ਬਣਾਏ ਗਏ ਹਨ, ਜਿਨ੍ਹਾਂ ਵਿਚ ਵੱਖ-ਵੱਖ ਰੋਗਾਂ ਅਤੇ ਦੁਨੀਆਂ 'ਤੇ ਵਧੀਆ ਇਲਾਜ ਲਈ ਜਾਣੇ ਜਾਂਦੇ ਮਾਹਿਰ ਡਾਕਟਰਾਂ ਦੀਆਂ 20 ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਂਸਰ ਦੇ ਮਾਹਿਰ ਡਾਕਟਰਾਂ ਵਿਚ ਪੀ.ਜੀ.ਆਈ ਤੋਂ ਡਾ. ਪੰਕਜ ਮਲਹੋਤਰਾ, ਸੀ.ਐਮ.ਸੀ. ਤੋਂ ਡਾ. ਕੁਨਾਲ ਜੈਨ ਅਤੇ ਮੈਕਸ ਤੋਂ ਡਾ. ਵੀ.ਪੀ. ਕਾਲੜਾ ਸਮੇਤ 12 ਮਾਹਿਰ ਡਾਕਟਰ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਡੀ.ਐਮ.ਸੀ. ਦੇ ਮਾਹਿਰ ਡਾਕਟਰ ਡਾ. ਅਨਿਲ ਕਸ਼ਯਪ, ਪੀ.ਜੀ.ਆਈ ਦੇ ਮਾਹਿਰ ਡਾ. ਐਸ.ਕੇ. ਜਿੰਦਲ ਸਮੇਤ ਛਾਤੀ ਅਤੇ ਟੀਬੀ ਰੋਗਾਂ ਦੇ 9 ਮਾਹਿਰ ਡਾਕਟਰ, ਲੀਵਰ ਤੇ ਪੇਟ ਦੇ ਮਾਹਿਰ ਡੀ.ਐਮ.ਸੀ ਦੇ ਡਾ. ਸੰਦੀਪ ਸਿੰਘ ਸਿੱਧੂ ਅਤੇ ਪੀ.ਜੀ.ਆਈ ਦੇ ਡਾ. ਡੀ.ਕੇ ਭਸੀਨ ਸਮੇਤ 9 ਮਾਹਿਰ, ਗੁਰਦੇ ਦੇ ਮਾਹਿਰ ਡੀ.ਐਮ.ਸੀ ਦੇ ਡਾ. ਬੀ.ਐਸ. ਔਲਖ ਅਤੇ ਮੈਕਸ ਤੋਂ ਡਾ. ਜਗਤਜੀਤ ਸਿੰਘ ਸਮੇਤ 9 ਮਾਹਿਰ, ਦਿਲ ਦੇ ਰੋਗਾਂ ਦੇ ਪੀ.ਜੀ.ਆਈ. ਤੋਂ ਡਾ. ਐਸ. ਰੈਡੀ ਅਤੇ ਅਪੋਲੋ ਤੋਂ ਡਾ. ਆਰ.ਪੀ. ਸਿੰਘ ਸਮੇਤ 11 ਮਾਹਿਰ, ਔਰਤ ਰੋਗਾਂ ਦੇ ਮਾਹਿਰ ਡਾ. ਸੀਮਾ ਗਰੋਵਰ ਸੀ.ਐਮ.ਸੀ. ਅਤੇ ਮੈਕਸ ਤੋਂ ਡਾ. ਸੋਨਿਕਾ ਬਾਂਸਲ ਸਮੇਤ 20 ਮਾਹਿਰ, ਨਸਾਂ ਨਾਲ ਸਬੰਧਿਤ ਬਿਮਾਰੀਆਂ ਦੇ ਮਾਹਿਰ ਪੀ.ਜੀ.ਆਈ. ਤੋਂ ਡਾ. ਐਸ. ਪ੍ਰਭਾਕਰ, ਡੀ.ਐਮ.ਸੀ. ਤੋਂ ਡਾ. ਗਗਨਦੀਪ ਸਿੰਘ ਅਤੇ ਮੈਕਸ ਤੋਂ ਡਾ. ਗੌਰਵ ਸਿੰਗਲਾ ਸਮੇਤ 10 ਮਾਹਿਰ, ਹੱਡੀ ਰੋਗਾਂ ਦੇ ਪੀ.ਜੀ.ਆਈ. ਤੋਂ ਡਾ. ਮਨਦੀਪ ਸਿੰਘ ਢਿਲੋਂ, ਸੀ.ਐਮ.ਸੀ. ਤੋਂ ਡਾ. ਪ੍ਰਵੇਜ਼ ਅਫ਼ਜ਼ਲ ਸਮੇਤ 17 ਮਾਹਿਰ, ਆਮ ਬੀਮਾਰੀਆਂ ਦੇ ਡੀ.ਐਮ.ਸੀ ਤੋਂ ਡਾ. ਵਿਕਾਸ ਗਰਗ, ਸੀ.ਐਮ.ਸੀ ਤੋਂ ਡਾ. ਰਾਜੇਸ਼ਵਰ ਸਮੇਤ 19 ਮਾਹਿਰ, ਚਮੜੀ ਦੇ 12, ਮਾਨਸਿਕ ਰੋਗਾਂ ਦੇ 10, ਅੱਖਾਂ ਰੋਗਾਂ ਦੇ ਮਾਹਿਰ ਡਾਕਟਰ 22, ਕੰਨ-ਨੱਕ ਤੇ ਗਲੇ ਦੇ 11, ਦੰਦਾਂ ਦੇ ਰੋਗਾਂ ਦੇ 15, ਡੈਂਟਲ ਕਾਲਜ ਦੇ 20, ਸਿਹਤ ਸੰਬੰਧੀ ਜਾਣਕਾਰੀ ਵਾਲੇ ਮਾਹਿਰ ਡਾਕਟਰ 6, ਅਲਟਰਾਸਾਊਂਡ ਦੇ 14 ਮਾਹਿਰ ਡਾਕਟਰ ਅਤੇ ਐਂਮਰਜੈਂਸੀ ਦੇ 2 ਮਹਿਰਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਸਟ, ਲੈਬਾਰਟਰੀ ਜਾਂਚ, ਹੋਮਿਓਪੈਥੀ, ਅਯੁਰਵੈਦਿਕ ਅਤੇ ਹੋਰ ਦੇਸ਼-ਵਿਦੇਸ਼ ਤੋਂ ਮਾਹਿਰ ਡਾਕਟਰ ਪਹੁੰਚ ਰਹੇ ਹਨ। 
ਸ਼੍ਰੀ ਢਾਕਾ ਨੇ ਕਿਹਾ ਕਿ 12 ਅਲਟਰਾਸਾਊਂਡ ਮਸ਼ੀਨਾਂ ਦੇ ਕੀਤੇ ਪ੍ਰਬੰਧ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਮੈਗਾ ਮੈਡੀਕਲ ਕੈਂਪ ਲਈ ਕਿੰਨੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਕੈਂਪ ਵਿਚ ਤਕਰੀਬਨ 500 ਮਾਹਿਰ ਡਾਕਟਰਾਂ ਤੋਂ ਇਲਾਵਾ ਪੂਰੇ ਪੰਜਾਬ ਵਿਚੋਂ ਕਰੀਬ 500 ਪੈਰਾਮੈਡੀਕਲ ਸਟਾਫ਼ ਅਤੇ ਕਰੀਬ 600 ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਤੇ ਯੂਥ ਕਲੱਬਾਂ ਦੇ ਕਰੀਬ 100 ਵਲੰਟੀਅਰਾਂ ਵਲੋਂ ਜਾਣਕਾਰੀ ਦਿੱਤੀ ਜਾਵੇਗੀ ਅਤੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਅਤੇ ਅਪਾਹਜ਼ ਮਰੀਜ਼ਾਂ ਲਈ 25 ਵਹੀਲਚੇਅਰਾਂ ਦੇ ਨਾਲ ਸਟਰੈਚਰਜ਼ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 25 ਐਂਬੂਲੈਂਸਾਂ ਦਾ ਵੀ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ 3 ਲੱਖ ਵਰਗ ਫੁੱਟ ਲੱਗੇ ਟੈਂਟ ਨੂੰ ਮੀਂਹ ਪ੍ਰਭਾਵਿਤ ਨਹੀਂ ਕਰ ਸਕੇਗਾ ਕਿਉਂਕਿ ਇਹ ਸਾਰਾ ਵਾਟਰ ਪਰੂਫ਼ ਹੈ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਛਗਿਛ ਅਤੇ ਸੂਚਨਾ ਕੇਂਦਰ ਤੋਂ ਇਲਾਵਾ ਰਜਿਸਟ੍ਰੇਸ਼ਨ ਕੇਂਦਰ ਬਣਾਏ ਗਏ ਹਨ ਤਾਂ ਜੋ ਜ਼ਿਲ੍ਹਾ ਵਾਸੀ ਖੱਜਲ ਨਾ ਹੋਣ ਅਤੇ ਉਨ੍ਹਾਂ ਦੀ ਜਲਦੀ ਵਾਰੀ ਆਵੇ। ਉਨ੍ਹਾਂ ਕਿਹਾ ਕਿ ਵਲੰਟੀਅਰ ਮਰੀਜ਼ਾਂ ਨੂੰ ਸਕਰੀਨਿੰਗ ਟੇਬਲ ਤੋਂ ਡਾਕਟਰਜ਼ ਚੈਂਬਰ, ਫਿਰ ਮੈਡੀਕਲ ਟੈਸਟ ਅਤੇ ਦਵਾਈ ਦੁਆ ਕੇ ਮਰੀਜ਼ਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਹਰ ਨਿਕਲਣ ਦੇ ਰਸਤੇ ਤੱਕ ਛੱਡ ਕੇ ਆਉਣਗੇ। ਉਨ੍ਹਾਂ ਕਿਹਾ ਕਿ ਬਾਕੀ ਚੈਂਬਰਾਂ ਵਿਚ ਮਾਹਿਰ ਡਾਕਟਰ ਆਪਣੀਆਂ ਟੀਮਾਂ ਨਾਲ ਬੈਠਣਗੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਕ ਚੈਂਬਰ ਐਮਰਜੈਂਸੀ ਲਈ ਵੀ ਹੋਵੇਗਾ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹਰੇਕ ਚੈਂਬਰ 18 ਫੁੱਟ ਚੌੜਾ ਅਤੇ 30 ਫੁੱਟ ਲੰਬਾ ਬਣਾਇਆ ਗਿਆ ਹੈ, ਜਿਸ ਵਿਚ 6 ਟੇਬਲ ਅਤੇ 12 ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ। 
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਸ-ਪਾਸ ਜਿੰਨੇ ਵੀ ਲੋੜਵੰਦ ਮਰੀਜ਼ ਹਨ, ਉਨ੍ਹਾਂ ਨੂੰ ਕੈਂਪ ਵਿਚ ਲਿਆਉਣ ਤਾਂ ਜੋ ਉਹ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਹਾ ਲੈ ਸਕਣ। 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger