ਪ੍ਰਮਾਤਮਾ ਦੀ ਰਜ਼ਾ ਅਤੇ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ-ਬਾਦਲ

Saturday, October 27, 20120 comments

ਮਲੇਰਕੋਟਲਾ, 27 ਅਕਤੂਬਰ (ਸੂਰਜ ਭਾਨ ਗੋਇਲ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹਰ ਧਰਮ ਦੇ ਲੋਕਾਂ ਨੂੰ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਅਤੇ ਗੁਰੂਆਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਹੈ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਹਮੇਸ਼ਾਂ ਦੀ ਤਰ੍ਹਾਂ ਹਰ ਧਰਮ ਅਤੇ ਮਜ਼ਹਬ ਦਾ ਸਤਿਕਾਰ ਕਰਦੀ ਰਹੇਗੀ ਅਤੇ ਸੂਬਾ ਧਾਰਮਿਕ ਤਨਾਉ ਮੁਕਤ ਵਾਲੀ ਆਪਣੀ ਪਹਿਚਾਣ ਸਿਰ ਸਦੀਵੀ ਕਾਇਮ ਰੱਖੇਗਾ। ਮਲੇਰਕੋਟਲਾ ਨੂੰ ਧਾਰਮਿਕ ਪੱਖ ਤੋਂ ਪਵਿੱਤਰ ਸ਼ਹਿਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਇਥੇ ਛੋਟੀਆਂ ਸਨਅਤੀ ਇਕਾਈਆਂ ਸਥਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
 ਅੱਜ ਸਥਾਨਕ ਈਦਗਾਹ ਵਿਖੇ ਨਮਾਜ਼ ਤੋਂ ਬਾਅਦ ਆਪਣੇ ਸੰਦੇਸ਼ ਵਿੱਚ ਲੋਕਾਂ ਨੂੰ ਈਦ ਉਲ ਅਜ਼ਹਾ ਦੀ ਮੁਬਾਰਕਬਾਦ ਦੇਣ ਮੌਕੇ ਸ. ਬਾਦਲ ਨੇ ਕਿਹਾ ਕਿ ਇਹ ਤਿਓਹਾਰ ਭਾਈਚਾਰਾ, ਹਮਦਰਦੀ ਅਤੇ ਸਾਂਝ ਦਾ ਪ੍ਰਤੀਕ ਤਾਂ ਹੈ ਹੀ, ਇਸਦੇ ਨਾਲ ਇਹ ਤਿਓਹਾਰ ਕੁਰਬਾਨੀ ਦੀ ਸੱਚੀ-ਸੁੱਚੀ ਭਾਵਨਾ ਨੂੰ ਵੀ ਦਰਸਾਉਂਦਾ ਹੈ। ਸ. ਬਾਦਲ ਨੇ ਕਿਹਾ ਕਿ ਮੁਸਲਮਾਨਾਂ ਅਤੇ ਸਿੱਖਾਂ ਦੀ ਭਾਈਚਾਰਕ ਏਕਤਾ ਚਿਰ ਸਦੀਵੀ ਹੈ। ਦੋਵੇਂ ਕੌਮਾਂ ਦਾ ਇਤਿਹਾਸ ਲੱਖਾਂ ਸ਼ਹਾਦਤਾਂ ਤੋਂ ਬਾਅਦ ਲਿਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਤੋਂ ਇੱਕੋ ਚੀਜ਼ ਮੰਗਦੇ ਹਨ ਕਿ ਪੰਜਾਬ ਅਤੇ ਦੇਸ਼ 'ਚ ਹਮੇਸ਼ਾਂ ਅਮਨ ਸ਼ਾਂਤੀ ਅਤੇ ਭਾਈਚਾਰਕ ਏਕਤਾ ਰਹੇ।
 ਉਨ੍ਹਾਂ ਕਿਹਾ ਕਿ ਇਹ ਸਾਡਾ ਆਪਸੀ ਇਤਫ਼ਾਕ ਹੀ ਹੈ ਕਿ ਪੰਜਾਬ ਦਾ ਮਾਹੌਲ ਹਮੇਸ਼ਾਂ ਹੀ ਧਾਰਮਿਕ ਤਨਾਉ ਤੋਂ ਮੁਕਤ ਰਿਹਾ ਹੈ। ਪੰਜਾਬ ਸਰਕਾਰ ਇਸ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਸਾਰੇ ਧਰਮਾਂ ਵਿੱਚ ਆਪਸੀ ਪਿਆਰ, ਸਦਭਾਵਨਾ ਤੇ ਮਿਲਵਰਤਨ ਨੂੰ ਬਣਾਈ ਰੱਖਣ ਲਈ ਹਮੇਸ਼ਾਂ ਯਤਨ ਕਰਦੀ ਰਹੇਗੀ। ਇਸ ਮੌਕੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮਲੇਰਕੋਟਲਾ ਵਿੱਚ ਛੋਟੀਆਂ ਇਕਾਈਆਂ ਨੂੰ ਸਥਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਣਦੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੂੰ ਕਿਹਾ ਕਿ ਉਹ ਖੇਤਰ ਵਿੱਚ ਕਿਸੇ ਅਜਿਹੀ ਜਗ੍ਹਾ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੱਸਣ ਜਿੱਥੇ ਇਹ ਇਕਾਈਆਂ ਲਗਾਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਮੰਗਾਂ 'ਤੇ ਵਿਚਾਰ ਕਰਕੇ ਪੂਰਾ ਕਰਨ ਦਾ ਭਰੋਸਾ ਦਿੱਤਾ।
 ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਫਰਜ਼ਾਨਾ ਆਲਮ ਨੇ ਸ. ਬਾਦਲ ਦਾ ਸਵਾਗਤ ਕਰਦਿਆਂ ਮਲੇਰਕੋਟਲਾ ਸ਼ਹਿਰ ਅਤੇ ਖੇਤਰ ਦੀਆਂ ਪ੍ਰਮੁੱਖ ਮੰਗਾਂ, ਜਿਵੇਂ ਕਿ ਨਹਿਰੀ ਪਾਣੀ ਦੀ ਅਣਹੋਂਦ, ਬਾਈਪਾਸ ਅਤੇ ਰੇਲਵੇ ਓਵਰਬ੍ਰਿਜ ਦੀ ਅਣਹੋਂਦ, ਛੋਟੀਆਂ ਸਨਅਤਾਂ ਦੀ ਅਣਹੋਂਦ, ਕਿੱਤਾਮੁੱਖੀ ਵਿਦਿਅਕ ਜਾਂ ਮੈਡੀਕਲ ਅਦਾਰੇ ਦੀ ਅਣਹੋਂਦ, ਐਗਰੋ ਅਧਾਰਿਤ ਵੱਡੀ ਸਨਅਤ ਦੀ ਅਣਹੋਂਦ, ਪੰਜਾਬ ਸਰਕਾਰ ਅਧੀਨ ਬੋਰਡਾਂ ਜਾਂ ਅਦਾਰਿਆਂ ਵਿੱਚ ਮੁਸਲਿਮ ਲੋਕਾਂ ਨੂੰ ਯੋਗ ਨੁਮਾਇੰਦਗੀ, ਈਦ ਅਤੇ ਮੁਹੱਰਮ ਮੌਕੇ ਸਰਕਾਰੀ ਛੁੱਟੀ ਅਤੇ ਈਦਗਾਹ ਵਿਖੇ ਬਣਾਏ ਜਾ ਰਹੇ ਮੁਸਲਿਮ ਸੈਂਟਰ ਨੂੰ ਵਿਸ਼ੇਸ਼ ਆਰਥਿਕ ਮਦਦ ਦੇਣ ਸੰਬੰਧੀ ਮੰਗਾਂ ਰੱਖੀਆਂ।
 ਈਦਗਾਹ ਅਤੇ ਈਦ ਮਿਲਣੀ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਵਿੱਤ ਅਤੇ ਖ਼ਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਚੇਅਰਮੈਨ ਪੰਜਾਬ ਵਕਫ਼ ਬੋਰਡ ਮੁਹੰਮਦ ਇਜ਼ਹਾਰ ਆਲਮ, ਵਿਧਾਇਕ ਇਕਬਾਲ ਸਿੰਘ ਝੂੰਦਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜੈਪਾਲ ਸਿੰਘ ਮੰਡੀਆਂ, ਸਨਾਤਨ ਧਰਮ ਸਭਾ ਦੇ ਪ੍ਰਧਾਨ ਕਮਲੇਸ਼ ਕੁਮਾਰ ਗਰਗ, ਵਿਨੋਦ ਜੈਨ, ਪਰਸਨਲ ਲਾਅ ਬੋਰਡ ਦੇ ਫਾਊਂਡਰ ਮੈਂਬਰ ਹਜ਼ਰਤ ਮੌਲਾਨਾ ਮੁਫ਼ਤੀ ਫਜ਼ਲ ਉਲ ਰਹਿਮਾਨ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ. ਕੇ. ਜੇ. ਐੱਸ. ਚੀਮਾ, ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗੇ, ਚੌਧਰੀ ਅਬਦੁਲ ਗੁਫਾਰ, ਸਾਬਕਾ ਚੇਅਰਮੈਨ ਮੁਹੰਮਦ ਤੁਫੈਲ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ, ਆਈ. ਜੀ. ਸ. ਪਰਮਜੀਤ ਸਿੰਘ ਗਿੱਲ, ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਅਤੇ ਹੋਰ ਉਚ ਅਧਿਕਾਰੀ ਅਤੇ ਅਕਾਲੀ ਵਰਕਰ ਹਾਜ਼ਰ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger