-ਟਰਾਂਸਫਾਰਮਰ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ

Wednesday, October 31, 20120 comments


ਮਾਨਸਾ, 31 ਅਕਤੂਬਰ : ਬਿਜਲੀ ਦੇ ਟਰਾਂਸਫਾਰਮਰ ਚੋਰੀ ਦੀਆ ਵੱਧ ਰਹੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਮਾਨਸਾ ਪੁਲਿਸ ਨੇ ਇਸ ਦੇ ਗਿਰੋਹ ਨੂੰ ਬੇਨਕਾਬ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਵਿਚ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਥਾਣਾ ਬੋਹਾ ਅਤੇ ਸੀ.ਆਈ.ਏ. ਸਟਾਫ ਮਾਨਸਾ ਦੀ ਗਠਿਤ ਕੀਤੀ ਵਿਸੇਸ਼ ਟੀਮ ਨੇ ਨਾਕਾਬੰਦੀਆਂ ਦੌਰਾਨ ਮਾਨਸਾ ਅਤੇ ਨਾਲ ਲੱਗਦੇ ਹਰਿਆਣਾ ਪ੍ਰਾਂਤ ਦੇ ਪਿੰਡਾਂ ਵਿੱਚੋਂ ਕਰੀਬ 17 ਟਰਾਂਸਫਾਰਮਰ ਚੋਰੀ ਦੀਆਂ ਵਾਰਦਾਤਾਂ ਅਤੇ ਬਿਜਲੀ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਸਦਕਾ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਦੀ ਕਾਰਗੁਜ਼ਾਰੀ ਕਾਰਨ ਇਸ ਗੈਂਗ ਦੇ ਦੋ ਮੈਂਬਰਾਂ ਪਾਸੋਂ ਕਰੀਬ 6 ਟਰਾਂਸਫਾਰਮਰਾਂ ਦਾ ਤਾਂਬਾ, 9 ਬਿਜਲੀ ਦੀਆਂ ਮੋਟਰਾਂ, ਇੱਕ ਸਕੂਟਰ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਬਾਕੀ ਰਹਿੰਦੇ 3 ਮੈਬਰ ਵੀ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ।
ਡਾ. ਭਾਰਗਵ ਨੇ ਕਿਹਾ ਕਿ ਪੁਲਿਸ ਟੀਮ ਨੂੰ ਇਤਲਾਹ ਮਿਲੀ ਸੀ ਕਿ ਸੰਦੀਪ ਸਿੰਘ ਉਰਫ਼ ਬਿੱਲਾ ਪੁੱਤਰ ਭੱਪਾ ਸਿੰਘ, ਅਮਨਦੀਪ ਸਿੰਘ ਉਰਫ਼ ਅਮਨੀ ਪੁੱਤਰ ਨਰਵਿੰਦਰ ਸਿੰਘ ਵਾਸੀਆਨ ਟੋਡਰਪੁਰ ਤੇ ਉਨ੍ਹਾਂ ਦਾ ਇਕ ਹੋਰ ਸਾਥੀ ਟਰਾਂਸਫਾਰਮਰ ਜੋ ਖੇਤਾਂ ਵਿੱਚ ਟਿਊਬਵੈਲਾਂ 'ਤੇ ਲੱਗੇ ਹਨ, ਵਿੱਚੋ ਤਾਂਬਾ ਚੋਰੀ ਕਰਨ ਦਾ ਕੰਮ ਕਰਦੇ ਹਨ। ਇਹ ਵਿਅਕਤੀ ਚੋਰੀ ਕੀਤੇ ਤਾਂਬੇ ਨੂੰ ਹਰਿਆਣਾ ਪ੍ਰਾਂਤ ਦੇ ਰਤੀਆ ਸ਼ਹਿਰ ਵਿੱਚ ਵੇਚਣ ਜਾ ਰਹੇ ਹਨ ਤਾਂ ਇਸ ਟੀਮ ਦੀ ਪੁਲਿਸ ਪਾਰਟੀ ਨੇ ਟੀ.ਪੁਆਇੰਟ ਟੋਡਰਪੁਰ 'ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਟੋਡਰਪੁਰ ਵੱਲੋਂ ਇੱਕ ਹੀਰੋ ਹਾਂਡਾ ਮੋਟਰਸਾਈਕਲ ਬਿਨਾਂ ਨੰਬਰੀ, ਜਿਸ 'ਤੇ ਤਿੰਨ ਵਿਆਕਤੀ ਸਵਾਰ ਸਨ, ਪੁਲਿਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਪਿੱਛੇ ਹੀ ਰੋਕ ਕੇ ਸੁੱਟ ਕੇ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਨੇ ਦੋ ਵਿਆਕਤੀਆ ਸੰਦੀਪ ਸਿੰਘ ਉਰਫ ਬਿੱਲਾ ਅਤੇ ਅਮਨਦੀਪ ਸਿੰਘ ਉਰਫ ਅਮਨੀ ਨੂੰ ਕਾਬੂ ਕਰ ਲਿਆ। ਐਸ.ਐਸ.ਪੀ ਨੇ ਕਿਹਾ ਕਿ ਤੀਸਰਾ ਸਾਥੀ ਜਿਸਦਾ ਬਾਅਦ ਵਿੱਚ ਨਾਮ ਬਲਕਾਰ ਸਿੰਘ ਉਰਫ ਬੱਗਾ ਵਾਸੀ ਟੋਡਰਪੁਰ ਮਾਲੂਮ ਹੋਇਆ ਜੋ ਭੱਜਣ ਵਿੱਚ ਸਫਲ ਹੋ ਗਿਆ। ਉਨ੍ਹਾਂ ਕਿਹਾ ਕਿ ਮੌਕੇ ਤੋਂ ਇੱਕ ਬਿਨਾ ਨੰਬਰੀ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। 
ਐਸ.ਐਸ.ਪੀ ਨੇ ਕਿਹਾ ਕਿ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਅੰਤਰਰਾਜੀ ਗਿਰੋਹ ਹੈ ਜੋ ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਬਿਜਲੀ ਦੇ ਟਰਾਂਸਫਾਰਮਰ ਚੋਰੀ ਦੀਆ ਵਾਰਦਾਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਗੈਂਗ ਦੇ ਬਾਕੀ ਦੇ ਮੈਂਬਰਾਂ ਨੂੰ ਕਾਬੂ ਕਰਨ ਲਈ ਪਿੰਡ ਹਾਕਮਵਾਲਾ ਵਿਖੇ ਅੱਜ ਸਵੇਰੇ ਵੀ ਵਿਸੇਸ਼ ਨਾਕਾਬੰਦੀ ਕੀਤੀ ਗਈ ਸੀ ਤਾਂ ਦੋ ਅਣਪਛਾਤੇ ਨੌਜਵਾਨ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਹੀ ਮੋਟਰਸਾਈਕਲ ਨੂੰ ਸੁੱਟ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਕੋਲੋ ਇੱਕ ਬੋਰੀ ਵਿੱਚ ਪਾਇਆ ਕਾਫੀ ਮਾਤਰਾ ਵਿੱਚ ਟਰਾਂਸਫਾਰਮਰਾਂ ਵਿੱਚੋ ਚੋਰੀ ਕੀਤਾ ਸਮਾਨ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਿਲਸਿਲੇ ਵਿੱਚ ਥਾਣਾ ਬੋਹਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 107 ਮਿਤੀ 31-10-2012 ਅ/ਧ 411/34 ਹਿੰ:ਦੰ: ਥਾਣਾ ਬੋਹਾ ਵਿਖੇ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਦੀ ਸ਼ਨਾਖਤ ਕਰਕੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਾਨਸਾ ਪੁਲਿਸ ਵੱਲੋਂ ਇੱਕ ਗਿਰੋਹ ਦੇ ਮੈਂਬਰਾ ਵੱਲੋਂ ਜ਼ਿਲ੍ਹਾ ਮਾਨਸਾ ਦੇ 17 ਕਿਸਾਨਾ ਦੇ ਖੇਤਾਂ ਵਿੱਚੋਂ ਰਾਤ ਦੇ ਹਨੇਰੇ ਵਿੱਚ ਲੱਖਾਂ ਰੁਪਏ ਦੇ ਟਰਾਂਸਫਾਰਮਰ ਚੋਰੀ ਕੀਤੇ ਗਏ ਸੀ। ਉਨ੍ਹਾਂ ਕਿਹਾ ਕਿ ਇਹ ਟਰਾਂਸਫਾਰਮਰ ਪਿੰਡ ਰਿਊਦ ਕਲਾਂ, ਰਿਊਦ ਖੁਰਦ, ਚੱਕ ਅਲੀਸ਼ੇਰ, ਟੋਡਰਪੁਰ, ਰਾਮਪੁਰ ਮੰਡੇਰ, ਕੁਲਰੀਆ, ਬਰੇਟਾ, ਸਿਟੀ ਬੁਢਲਾਡਾ ਆਦਿ ਵਿੱਚੋ ਚੋਰੀ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਗੈਂਗ ਦੇ ਕਾਬੂ ਆਉਣ ਨਾਲ ਇਹ ਸਾਰੇ ਹੀ ਮੁਕੱਦਮੇ ਟਰੇਸ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਗੈਂਗ ਦੇ ਮੇਬਰਾ ਪਾਸੋ ਪੁੱਛਗਿੱਛ ਜਾਰੀ ਹੈ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger