ਪਰਾਲੀ ਦਬਾਉਣ ਨਾਲ ਜ਼ਮੀਨ ਦੀ ਸਿਹਤ ਤੰਦਰੁਸਤ ਰਹਿੰਦੀ ਹੈ : ਮੁੱਖ ਖੇਤੀਬਾੜੀ ਅਫ਼ਸਰ

Saturday, October 27, 20120 comments

ਮਾਨਸਾ, 27 ਅਕਤੂਬਰ : ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਅੱਜ ਪਿੰਡ ਭਾਈ ਦੇਸਾ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ ਦੀ ਦੇਖ-ਰੇਖ ਹੇਠ ਪਰਾਲੀ ਨੂੰ ਅੱਗ ਲਗਾਉਣ ਤੋਂ ਬਗੈਰ ਹੀ ਕਣਕ ਦੀ ਬਿਜਾਈ ਕਰਨ ਸਬੰਧੀ ਖੇਤ ਦਿਵਸ ਮਨਾਇਆ ਗਿਆ। ਇਸ ਮੌਕੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਜਗਤਾਰ ਸਿੰਘ ਬਰਾੜ, ਡਾ. ਹਰਿਵੰਦਰ ਸਿੰਘ ਖੇਤੀ ਵਿਕਾਸ ਭੀਖੀ ਅਤੇ ਡਾ. ਅਮਰਜੀਤ ਲਾਲ ਸ਼ਰਮਾ ਕਲਰਟੈਂਟ ਸਰ ਰਤਨ ਟਾਟਾ ਟਰੱਸਟ ਵੀ ਹਾਜ਼ਰ ਸਨ।
      ਇਸ ਮੌਕੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦੇ ਹੋਏ ਡਾ. ਪਰਮਜੀਤ ਸਿੰਘ ਢੱਟ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਦਬਾਉਣ ਨਾਲ ਤੀਜਾ ਹਿੱਸਾ ਖ਼ੁਰਾਕੀ ਤੱਤ ਜ਼ਮੀਨ ਵਿੱਚ ਜਮ੍ਹਾ ਹੋ ਜਾਂਦੇ ਹਨ ਅਤੇ ਜ਼ਮੀਨ ਦੀ ਸਿਹਤ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜ਼ਮੀਨ ਵਿੱਚ ਮਿੱਤਰ ਕੀੜਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਵੀ ਹੁੰਦਾ ਹੈ ਅਤੇ ਘੱਟ ਖਾਦ ਵਰਤ ਕੇ ਭਰਪੂਰ ਝਾੜ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਝੋਨੇ ਦੀ ਪਰਾਲੀ ਰੋਟਾਵੇਟਰ ਨਾਲ ਜ਼ਮੀਨ ਵਿੱਚ ਦਬਾਕੇ ਜਾਂ ਜ਼ੀਰੋ ਟਿੱਲ ਡਰਿਲ ਜਾਂ ਹੈਪੀ ਸੀਡਰ ਨਾਲ ਸਿੱਧੀ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਖਰਚੇ ਵਿੱਚ ਕਾਫੀ ਬੱਚਤ ਹੋ ਜਾਂਦੀ ਹੈ।
          ਡਾ. ਜਗਤਾਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਮਾਨਸਾ ਨੇ ਪੀ.ਏ.ਯੂ ਲੁਧਿਆਣਾ ਪਾਸੋਂ ਇੱਕ ਬੇਲਰ ਮੰਗਵਾ ਕੇ ਪਿੰਡ ਭਾਈਦੇਸਾ ਵਿਖੇ ਪ੍ਰਦਰਸ਼ਨੀ ਦੇ ਤੌਰ 'ਤੇ ਚਲਾਇਆ ਹੈ ਅਤੇ ਇਸ ਬੇਲਰ ਨਾਲ ਇੱਕ ਦਿਨ ਵਿਚ 14 ਤੋਂ 16 ਏਕੜ ਰਕਬੇ ਵਿਚੋਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਕਟਾਈ ਕੰਬਾਇਨ ਨਾਲ ਕਰਨ ਤੋਂ ਬਾਅਦ ਖੇਤ ਵਿਚ ਖੜ੍ਹੇ ਕਰਚਿਆਂ ਨੂੰ ਤੁਰੰਤ ਕਟਰ ਨਾਲ ਕੱਟ ਦੇਣ ਤਾਂ ਜੋ ਤਿੰਨ ਚਾਰ ਦਿਨ ਸਕਾਉਣ ਤੋਂ ਬਾਅਦ ਬੇਲਰ ਨਾਲ ਗੱਠਾਂ ਬਣਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਬੇਲਰ ਚਲਾਉਣ ਦਾ ਸਹੀ ਸਮਾਂ ਸਵੇਰੇ 9:30 ਵਜੇ ਤੋਂ ਲੈਕੇ ਸਾਮ 5:00 ਵਜੇ ਤੱਕ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਝੋਨੇ ਦੀ ਪਰਾਲੀ ਵਿਚ ਨਮੀ ਦੀ ਮਾਤਰਾ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਕਿਸਾਨ ਨੁਮਾਇੰਦਿਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਅਤੇ ਇਸ ਕੰਮ ਵਿਚ ਨਿਰਮਲ ਸਿੰਘ ਭਾਈਦੇਸਾ ਪ੍ਰਧਾਨ ਭਾਈ ਘਨੱਈਆ ਕਲੱਬ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਭਾਈਦੇਸਾ ਵਿਚ ਝੋਨੇ ਦੀ ਫਸਲ ਹੇਠ 700 ਏਕੜ ਰਕਬਾ ਅਤੇ ਇਸ ਰਕਬੇ ਵਿਚੋਂ ਕਾਫੀ ਰਕਬੇ ਵਿਚ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਲਈ ਕਿਸਾਨ ਖੇਤੀਬਾੜੀ ਵਿਭਾਗ ਦਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਭਾਈਦੇਸਾ ਵਿਖੇ ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਬਿਮਾਰੀਆਂ ਤੋਂ ਰਹਿਤ ਕਰਨ ਲਈ ਬੀਜ ਸੋਧ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿ ਖੇਤੀਬਾੜੀ ਵਿਭਾਗ ਵੱਲੋਂ 2 ਬੀਜ ਸੋਧਕ ਡਰੰਮ ਮੁਫ਼ਤ ਦਿੱਤੇ ਗਏ ਹਨ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਉਠਾ ਸਕਣ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger