-ਮਾਨਸਾ, 16 ਨਵੰਬਰ ( ) : 'ਖ਼ੁਦੀ ਕੋ ਕਰ ਬੁਲੰਦ ਇਤਨਾ, ਕਿ ਹਰ ਤਦਬੀਰ ਸੇ ਪਹਿਲੇ, ਖ਼ੁਦਾ ਬੰਦੇ ਸੇ ਯੇ ਪੁਛੇ ਬਤਾ ਤੇਰੀ ਰਜ਼ਾ ਕਿਆ ਹੈ' ਸ਼ਾਇਰ ਦੀਆਂ ਇਨ੍ਹਾਂ ਸਤਰਾਂ ਨੂੰ ਸੱਚ ਸਾਬਿਤ ਕਰਦਿਆਂ ਮਾਨਸਾ ਦੇ ਕਿਸਾਨਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਸੱਚੀ-ਸੁੱਚੀ ਮਿਹਨਤ ਅਤੇ ਬੁਲੰਦ ਇਰਾਦਿਆਂ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਇਸ ਵਾਰ ਪੰਜਾਬ ਵਿਚ ਘੱਟ ਬਾਰਿਸ਼ ਪੈਣ ਦੇ ਬਾਵਜੂਦ ਜ਼ਿਲ੍ਹੇ ਦੇ ਕਿਸਾਨਾਂ ਦੀ ਮਿਹਨਤ ਅਤੇ ਪੰਜਾਬ ਸਰਕਾਰ ਵਲੋਂ ਕਿਸਾਨੀ ਲਈ ਪੁੱਟੇ ਕਦਮਾਂ ਸਦਕਾ ਝੋਨੇ ਦੀ ਰਿਕਾਰਡ ਪੈਦਾਵਾਰ ਹੋਈ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹੌਸਲੇ ਕਿੰਨੇ ਬੁਲੰਦ ਹਨ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਪਲਬੱਧ ਕਰਵਾਈ ਮੁਫ਼ਤ ਬਿਜਲੀ, ਨਹਿਰੀ ਪਾਣੀ ਅਤੇ ਵੰਡੇ ਤਕਨੀਕੀ ਗਿਆਨ ਸਦਕਾ ਹੁਣ ਤੱਕ ਪਿਛਲੇ ਸਾਲ ਦੀ ਝੋਨੇ ਦੀ ਕੁੱਲ ਪੈਦਾਵਾਰ ਨਾਲੋਂ 33 ਫ਼ੀਸਦੀ ਵਧੇਰੇ ਝੋਨਾ ਮੰਡੀਆਂ ਵਿਚ ਆ ਚੁੱਕਿਆ ਹੈ ਪਰ ਦੂਜੇ ਪਾਸੇ ਹਾਲੇ ਵੀ ਮੰਡੀਆਂ ਵਿਚ ਝੋਨੇ ਦੀ ਆਮਦ ਜਾਰੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਸਾਨਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਵੀ ਜ਼ਿਲ੍ਹੇ ਦੇ ਕਿਸਾਨ ਇਸੇ ਤਰ੍ਹਾਂ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹੋਏ ਫਸਲਾਂ ਦਾ ਭਰਪੂਰ ਉਤਪਾਦਨ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਕੁੱਲ ਆਮਦ 2 ਲੱਖ, 91 ਹਜ਼ਾਰ 165 ਮੀਟਰਕ ਟਨ ਹੋਈ ਸੀ ਜਦ ਕਿ ਇਸ ਵਾਰ ਹੁਣ ਤੱਕ 3 ਲੱਖ, 88 ਹਜ਼ਾਰ, 260 ਮੀਟਰਕ ਟਨ ਝੋਨੇ ਦੀ ਆਮਦ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 3 ਲੱਖ, 84 ਹਜ਼ਾਰ, 260 ਮੀਟਰਕ ਟਨ ਝੋਨੇ ਦੀ ਖਰੀਦ ਵੱਖ-ਵੱਖ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ ਕੀਤੀ ਜਾ ਚੁੱਕੀ ਹੈ।
ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਹੁਣ ਤੱਕ ਪਨਗਰੇਨ ਵਲੋਂ 97 ਹਜ਼ਾਰ, 345 ਮੀਟਰਕ ਟਨ, ਮਾਰਕਫੈਡ ਵਲੋਂ 82 ਹਜ਼ਾਰ, 768 ਮੀਟਰਕ ਟਨ, ਪਨਸਪ ਵਲੋਂ 87 ਹਜ਼ਾਰ, 026 ਮੀਟਰਕ ਟਨ, ਪੰਜਾਬ ਐਗਰੋ ਵਲੋਂ 48 ਹਜ਼ਾਰ, 418 ਮੀਟਰਕ ਟਨ, ਵੇਅਰ ਹਾਊਸ ਵਲੋਂ 39 ਹਜ਼ਾਰ, 335 ਮੀਟਰਕ ਟਨ, ਐਫ਼.ਸੀ.ਆਈ ਵਲੋਂ 25 ਹਜ਼ਾਰ 508 ਮੀਟਰਕ ਟਨઠ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 3860 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਿਥੇ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਸੈਕਟਰ ਅਫ਼ਸਰਾਂ ਨੂੰ ਨਿਯੁਕਤ ਗਿਆ ਹੈ, ਉਥੇ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਨਿਗਰਾਨੀ ਹੇਠ ਕਮਰਾ ਨੰਬਰ-19 ਅਦਾਲਤ ਏ.ਡੀ.ਸੀ. (ਜ) ਮਾਨਸਾ, ਐਸ.ਡੀ.ਐਮ. ਸਰਦੂਲਗੜ੍ਹ ਦੀ ਨਿਗਰਾਨੀ ਹੇਠ ਦਫ਼ਤਰ ਐਸ.ਡੀ.ਐਮ. ਸਰਦੂਲਗੜ੍ਹ, ਐਸ.ਡੀ.ਐਮ. ਬੁਢਲਾਡਾ ਦੀ ਨਿਗਰਾਨੀ ਹੇਠ ਦਫ਼ਤਰ ਐਸ.ਡੀ.ਐਮ. ਬੁਢਲਾਡਾ, ਜ਼ਿਲ੍ਹਾ ਮੰਡੀ ਅਫ਼ਸਰ ਅਤੇ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਦੀ ਨਿਗਰਾਨੀ ਵਿਚ ਕ੍ਰਮਵਾਰ ਦਫ਼ਤਰ ਡੀ.ਐਮ.ਓ. ਮਾਨਸਾ ਅਤੇ ਦਫ਼ਤਰ ਡੀ.ਐਫ.ਐਸ.ਸੀ. ਮਾਨਸਾ ਵਿਖੇ ਸਥਾਪਿਤ ਕੀਤੇ ਕੰਟਰੋਲ ਰੂਮ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਰੈਵਨਿਊ ਸਕੱਤਰ ਸ਼੍ਰੀ ਸਰਬਜੀਤ ਸਿੰਘ ਵੀ ਪਿਛਲੇ ਦਿਨੀਂ ਜ਼ਿਲ੍ਹੇ ਦੀਆਂ ਮੰਡੀਆਂ 'ਚ ਖਰੀਦ ਪ੍ਰਬੰਧਾਂ ਦੀ ਜਾਂਚ ਕਰਨ ਲਈ ਆਏ ਸਨ ਅਤੇ ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਕਿਸਾਨਾਂ ਦੀ ਖੱਜਲ-ਖੁਆਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਧਰ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਸਬੰਧੀ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਦੇਣ ਲਈ ਲਗਾਏ ਗਏ ਕਿਸਾਨ ਸਿਖਲਾਈ ਕੈਂਪਾਂ ਵਿਚ ਵੰਡੇ ਵਿਗਿਆਨਕ ਖੇਤੀ ਦੇ ਗਿਆਨ ਕਾਰਨ ਵੀ ਕਿਸਾਨਾਂ ਨੇ ਸੁਧਰੀਆਂ ਖੇਤੀ ਤਕਨੀਕਾਂ ਅਪਣਾਈਆਂ, ਜਿਸ ਕਾਰਨ ਚੰਗੀ ਕੁਆਲਟੀ ਦਾ ਝੋਨਾ ਪੈਦਾ ਹੋਇਆ।

Post a Comment