ਉਨ੍ਹਾਂ ਮਾਲ ਅਫਸਰਾਂ ਦੀ ਮੀਟਿੰਗ ਵਿਚ ਬਕਾਇਆਂ ਦੀ ਵਸੂਲੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿਚ ਢਿਲਮੱਠ ਦੀ ਨੀਤੀ ਨਾ ਅਪਣਾਈ ਜਾਵੇ। ਉਨ੍ਹਾਂ ਕਿਹਾ ਕਿ ਵਸੂਲੀ ਨਾਲ ਸਬੰਧਤ ਕੇਸਾਂ ਵਿੱਚ ਅਧਿਕਾਰੀਆਂ ਦਾ ਇਕ ਦੂਸਰੇ ਨਾਲ ਤਾਲਮੇਲ ਬਹੁਤ ਜ਼ਰੂਰੀ ਹੈ ਤਾਂ ਹੀ ਬਕਾਏ ਵਸੂਲੇ ਜਾ ਸਕਦੇ ਹਨ। ਉਨ੍ਹਾਂ ਵਸੂਲੀ ਵਿਚ ਢਿੱਲੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਹਾਨੇਬਾਜ਼ੀ ਛੱਡ ਕੇ ਆਪਣਾ ਕੰਮ ਪੂਰੀ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਲੰਬਿਤ ਕੇਸਾਂ ਨੂੰ ਜਲਦੀ ਨਿਬੇੜਿਆ ਜਾਵੇ ਅਤੇ ਪਟਵਾਰੀਆਂ ਤੇ ਕਾਨੂੰਨਗੋਆਂ ਦੀਆਂ ਪੜਤਾਲਾਂ ਨੂੰ ਵੀ ਯਕੀਨੀ ਬਣਾਇਆ ਜਾਵੇ।
ਸ਼੍ਰੀ ਢਾਕਾ ਨੇ ਕਿਹਾ ਕਿ ਸਾਰੇ ਵਿਭਾਗ ਇਕਜੁੱਟ ਹੋਕੇ ਸਕੂਲਾਂ ਵਿਚ ਬੱਚਿਆਂ ਨੂੰ ਨਸ਼ਿਆਂ ਖਿਲਾਫ਼, ਬਾਲਗ ਬੱਚਿਆਂ ਦੀ ਵੋਟ ਬਣਵਾਉਣ ਅਤੇ ਕੈਂਸਰ ਦੇ 1 ਦਸੰਬਰ ਤੋਂ ਕਰਵਾਏ ਜਾ ਰਹੇ ਸਰਵੇ ਬਾਰੇ ਜਾਗਰੂਕ ਕਰਨ। ਸੂਚਨਾ ਦੇ ਅਧਿਕਾਰ ਸਬੰਧੀ ਹੋਈ ਮੀਟਿੰਗ ਵਿਚ ਸ਼੍ਰੀ ਢਾਕਾ ਨੇ ਕਿਹਾ ਕਿ ਆਰ.ਟੀ.ਆਈ. ਨੂੰ ਹਊਆ ਨਾ ਸਮਝਿਆ ਜਾਵੇ ਅਤੇ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਵਿਭਾਗਾਂ ਦੇ ਮੁਖੀ ਜ਼ਿੰਮੇਵਾਰੀ ਸਮਝਦੇ ਹੋਏ ਸਮਾਂ ਰਹਿੰਦੇ ਹੀ ਸੂਚਨਾ ਮੁਹੱਈਆ ਕਰਵਾਉਣ। ਉਨ੍ਹਾਂ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਵੀ ਸੇਵਾਵਾਂ ਸਮੇਂ-ਸਿਰ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਵਿਚ ਦੇਰੀ ਜਾਂ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦਫ਼ਤਰਾਂ ਦੀ ਹਾਜ਼ਰੀ ਯਕੀਨੀ ਬਣਾਉਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਹਿਕਮਿਆਂ ਦੇ ਮੁਖੀ ਆਪਣੇ ਮੁਲਾਜ਼ਮਾਂ ਦੀ ਹਾਜ਼ਰੀ ਲਈ ਜ਼ਿੰਮੇਵਾਰ ਹੋਣਗੇ ਅਤੇ ਇਸ ਸਬੰਧੀ ਰਿਪੋਰਟ ਸਮੇਂ-ਸਿਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਨਾਲ ਹੀ ਲੋਕਾਂ ਦੀ ਖੱਜਲ-ਖੁਆਰੀ ਘਟੇਗੀ ਅਤੇ ਉਨ੍ਹਾਂ ਨੂੰ ਸਾਫ-ਸੁਥਰਾ ਪ੍ਰਸ਼ਾਸ਼ਨ ਮਿਲ ਸਕੇਗਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਵਾਜ਼ੀ ਪ੍ਰਦੂਸ਼ਣ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਨੂੰ ਠੱਲ੍ਹ ਪਾਉਣ ਲਈ ਦੁਕਾਨਾਂ ਅਤੇ ਰੇਹੜੀਆਂ 'ਤੇ ਛਾਪਾਮਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਲਿਫਾਫੇ ਜਿੱਥੇ ਮਨੁੱਖੀ ਸਿਹਤ ਲਈ ਖਤਰਨਾਕ ਹਨ, ਉਥੇ ਸੀਵਰੇਜ ਵਿਚ ਫਸਣ ਨਾਲ ਮੁਸੀਬਤ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਟਰਾਲੀਆਂ ਅਤੇ ਹੋਰ ਵਾਹਨਾਂ 'ਤੇ ਰਿਫਲੈਟਰ ਲਗਾਏ ਜਾਣ ਤਾਂ ਜੋ ਧੁੰਦਾਂ ਵਿਚ ਐਕਸੀਡੈਟਾਂ ਤੋਂ ਬਚਾਅ ਹੋ ਸਕੇ। ਖੇਤੀਬਾੜੀ ਵਿਭਾਗ ਦੀ ਉਤਪਾਦਨ ਸਬੰਧੀ ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਖਾਦ ਅਤੇ ਬੀਜਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਦਾਂ ਦਾ ਸਟਾਕ ਜ਼ਿਲ੍ਹੇ ਵਿਚ ਪੂਰਾ ਹੈ ਅਤੇ ਇਸ ਸਬੰਧ ਵਿਚ ਕੋਈ ਵੀ ਸਮੱਸਿਆ ਨਹੀਂ ਆਵੇਗੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ, ਐਸ.ਡੀ.ਐਮ. ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਐਸ.ਡੀ.ਐਮ. ਸਰਦੂਲਗੜ੍ਹ-ਕਮ-ਜ਼ਿਲ੍ਹਾ ਟਰਾਂਸਪੋਰਟ ਅਫਸਰ ਸ਼੍ਰੀ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਰਾਜੀਵ ਵਰਮਾ, ਡੀ.ਡੀ.ਪੀ.ਓ. ਸ਼੍ਰੀ ਹਰਿੰਦਰ ਸਿੰਘ ਸਰਾਂ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਰਾਜੇਸ਼ ਸ਼ਰਮਾ, ਐਸ.ਪੀ. (ਐਚ) ਸ਼੍ਰੀ ਪੁਸ਼ਕਰ ਸੰਦਲ, ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਪਰਮਜੀਤ ਸਿੰਘ ਢੱਟ, ਬੀ.ਡੀ.ਪੀ.ਓਜ਼, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।
ਮੀਟਿੰਗ ਦੌਰਾਨ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲੈਂਦੇ ਡਿਪਟੀ ਕਮਿਸ਼ਨਰ।
Post a Comment