ਲੁਧਿਆਣਾ, 27 ਅਕਤੂਬਰ (ਸਤਪਾਲ ਸੋਨੀ)- ਅੱਜ ਇਥੇ ਈਦ-ਉਲ-ਜੁਹਾ ਦੇ ਮੌਕੇ 'ਤੇ ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ 'ਚ ਹਜ਼ਾਰਾਂ ਮੁਸਲਮਾਨਾਂ ਨੇ ਪੰਜਾਬ ਦੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਦੀ ਇਮਾਮਤ ਵਿਚ ਈਦ ਦੀ ਨਮਾਜ ਅਦਾ ਕੀਤੀ। ਇਸ ਮੌਕੇ 'ਤੇ ਜਾਮਾ ਮਸਜਿਦ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕੀਤੀ। ਇਸ ਰਾਜ ਪੱਧਰੀ ਸਮਾਗਮ ਵਿਚ ਆਪਣੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਪੰਜਾਬ ਵਿਧਾਨਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਨਗਰ ਨਿਗਮ ਮੇਅਰ ਹਰਚਰਨ ਸਿੰਘ ਗੋਹਲਬੜੀਆ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਸਾਬਕਾ ਸੰਸਦੀ ਸਕੱਤਰ ਸ੍ਰੀ ਹਰੀਸ਼ ਰਾਏ ਢਾਂਡਾ, ਜਥੇਦਾਰ ਕੁਲਵੰਤ ਸਿੰਘ ਦੁਖੀਆ, ਪੰਜਾਬ ਕਾਂਗਰਸ ਘੱਟ ਗਿਣਤੀ ਸੈਲ ਦੇ ਚੇਅਰਮੈਨ ਅਤੀਕ-ਉਰ-ਰਹਿਮਾਨ ਲੁਧਿਆਣਵੀ, ਗੁਲਾਮ ਹਸਨ ਕੈਸਰ, ਕਾਰੀ ਅਲਤਾਫ਼ ਉਰ ਰਹਿਮਾਨ, ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ, ਅਜ਼ਾਦੀ ਘੁਲਾਟੀਏ ਹਰਭਜਨ ਸਿੰਘ ਸੋਹਲ, ਜਗਦੇਵ ਸਿੰਘ ਗੋਲਬੜੀਆ, ਸਾਬਕਾ ਕੌਂਸਲਰ ਪਰਮਿੰਦਰ ਮਹਿਤਾ, ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ, ਸ਼ਰਣਜੀਤ ਸਿੰਘ ਮਿੱਢਾ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਈਦ-ਉਲ-ਜੁਹਾ (ਬਕਰੀਦ) ਦਾ ਇਹ ਪਵਿੱਤਰ ਦਿਹਾੜਾ ਅਲ੍ਹਾਹ ਦੇ ਨਬੀ ਹਜ਼ਰਤ ਇਬਰਾਹੀਮ ਦੀ ਸੁਨੰਤ ਨੂੰ ਅਦਾ ਕਰਦੇ ਹੋਏ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਜ਼ਰਤ ਇਬਰਾਹੀਮ ਵਲੋਂ ਆਪਣੇ ਸਪੁੱਤਰ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਣਾ ਇਸ ਗੱਲ ਦੀ ਦਲੀਲ ਹੈ ਕਿ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਰਬ ਦੇ ਹੁਕਮ ਨੂੰ ਮਨਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਕੁਰਬਾਨੀ ਦੇਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਮੁਸਲਮਾਨਾਂ ਨੇ ਬਹੁਤ ਕੁਰਬਾਨੀਆ ਦਿੱਤੀਆਂ ਹਨ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਅੱਜ ਵੀ ਮੁਸਲਮਾਨ ਆਪਣੇ ਦੇਸ਼ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸਲਾਮ 'ਤੇ ਅੱਤਵਾਦ ਦਾ ਸਾਥ ਦੇਣ ਦਾ ਦੋਸ਼ ਅਮਰੀਕਾ ਲਾਉਂਦਾ ਹੈ, ਜੱਦਕਿ ਦੁਨੀਆਂ ਇਹ ਜਾਣ ਚੁੱਕੀ ਹੈ ਕਿ ਅੱਤਵਾਦ ਦੀ ਅਸਲ ਜੜ੍ਹ ਅਮਰੀਕਾ ਹੀ ਹੈ। ਅਫ਼ਗਾਨੀ ਲੜਕੀ ਮਲਾਲਾ ਦੇ ਸੰਬੰਧ ਵਿਚ ਸ਼ਾਹੀ ਇਮਾਮ ਨੇ ਕਿਹਾ ਕਿ ਔਰਤਾਂ ਨੂੰ ਸਿੱਖਿਆ ਹਾਸਲ ਕਰਨ ਦਾ ਇਸਲਾਮ ਧਰਮ ਵਿਚ ਪੂਰਾ ਅਧਿਕਾਰ ਹੈ। ਇਸ ਮੌਕੇ 'ਤੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਣਜੀਤ ਸਿੰਘ ਅਟਵਾਲ ਨੇ ਕਿਹਾ ਕਿ ਇਸ ਦੇਸ਼ ਵਿਚ ਈਦ-ਉਲ-ਜੁਹਾ ਦਾ ਪਵਿੱਤਰ ਦਿਹਾੜਾ ਸਾਰੇ ਧਰਮਾਂ ਦੇ ਲੋਕ ਮਿਲਜੁਲ ਕੇ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਪਵਿੱਤਰ ਧਰਤੀ 'ਤੇ ਅੱਜ ਲੱਖਾਂ ਮੁਸਲਮਾਨ ਖੁਦਾ ਦੇ ਅੱਗੇ ਸੱਜਦਾ ਕਰ ਰਹੇ ਹਨ, ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਅੱਜ ਦੇ ਦਿਨ ਸਾਡੇ ਮੁਸਲਮਾਨ ਭਰਾ ਅਲ੍ਹਾਹ ਦੇ ਨਬੀ ਹਜ਼ਰਤ ਇਬਰਾਹੀਮ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅਲ੍ਹਾਹ ਦੇ ਰੱਸਤੇ ਵਿਚ ਕੁਰਬਾਨੀ ਕਰਦੇ ਹਨ। ਸ਼੍ਰੀ ਅਟਵਾਲ ਨੇ ਕਿਹਾ ਕਿ ਭਾਰਤ ਦੇਸ਼ ਸਾਰੇ ਧਰਮਾਂ ਦੇ ਲੋਕਾ ਦਾ ਇਕ ਗੁਲਦਸਤਾ ਹੈ। ਲੁਧਿਆਣਾ ਸ਼ਹਿਰ ਦੀ ਜਾਮਾ ਮਸਜਿਦ ਉਹ ਇਤਿਹਾਸਿਕ ਥਾਂ ਹੈ, ਜਿਥੇ ਜੰਗ-ਏ-ਆਜ਼ਾਦੀ ਵਿਚ ਅੰਗਰੇਜ਼ਾ ਖਿਲਾਫ ਫ਼ਤਵਾ ਜਾਰੀ ਕੀਤਾ ਗਿਆ ਸੀ। ਇਸ ਮੌਕੇ 'ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਮੁਸਲਮਾਨ ਇਮਾਨ ਦੇ ਜ਼ਜਬੇ ਦੇ ਨਾਲ ਹਰ ਸਮੇਂ ਦੇਸ਼ ਅਤੇ ਕੌਮ ਦੇ ਲਈ ਕੁਰਬਾਨੀਆਂ ਦਿੰਦੇ ਆ ਰਹੇ ਹਨ ਅਤੇ ਇਹ ਸਿਲਸਿਲਾ ਇੰਜ ਹੀ ਚਲਦਾ ਰਹੇਗਾ। ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਜਿੰਦਾ ਕੌਮ ਹੈ ਅਤੇ ਆਪਣੇ ਵਜ਼ੂਦ ਤੋਂ ਲੈ ਕੇ ਹੁਣ ਤੱਕ ਇਸਲਾਮ ਵੱਧਦਾ ਹੀ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਨਗਰ ਨਿਗਮ ਮੇਅਰ ਹਰਚਰਣ ਸਿੰਘ ਗੋਹਲਬੜੀਆ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ, ਜਥੇਦਾਰ ਕੁਲਵੰਤ ਸਿੰਘ ਦੁਖੀਆ, ਪੰਜਾਬ ਕਾਂਗਰਸ ਘੱਟ ਗਿਣਤੀ ਸੈਲ ਦੇ ਚੇਅਰਮੈਨ ਅਤੀਕ-ਉਰ-ਰਹਿਮਾਨ ਲੁਧਿਆਣਵੀ, ਗੁਲਾਮ ਹਸਨ ਕੈਸਰ, ਕਾਰੀ ਅਲਤਾਫ਼ ਉਰ ਰਹਿਮਾਨ, ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ, ਅਜ਼ਾਦੀ ਘੁਲਾਟੀਏ ਹਰਭਜਨ ਸਿੰਘ ਸੋਹਲ, ਜਗਦੇਵ ਸਿੰਘ ਗੋਲਬੜੀਆ, ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਕਿਹਾ ਕਿ ਈਦ-ਉਲ-ਜੁਹਾ ਦਾ ਪਵਿੱਤਰ ਦਿਹਾੜਾ ਸਾਨੂੰ ਆਪਸੀ ਭਾਈਚਾਰੇ ਅਤੇ ਆਪਣੇ ਦੇਸ਼ ਪ੍ਰਤੀ ਕੁਰਬਾਨੀ ਦੇਣ ਲਈ ਪ੍ਰੇਰਿਤ ਕਰਦਾ ਹੈ। ਜ਼ਿਕਰਯੋਗ ਹੈ ਕਿ ਅੱਜ ਈਦ-ਉਲ-ਜੁਹਾ ਦੇ ਮੌਕੇ ਸ਼ਹਿਰ ਵਿਚ ਤਿੰਨ ਦਰਜਨ ਤੋਂ ਵੱਧ ਥਾਵਾਂ 'ਤੇ ਨਮਾਜ ਅਦਾ ਕੀਤੀ ਗਈ ਅਤੇ ਭਾਰੀ ਗਿਣਤੀ 'ਚ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਬੱਚਿਆਂ ਵਿਚ ਈਦ ਨੂੰ ਲੈਕੇ ਬਹੁਤ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ।

Post a Comment