ਸੁਲਤਾਨਪੁਰ ਲੋਧੀ ਨਵੰਬਰ/ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈ ’ਤੇ ਬਣੇ ਇਸ਼ਨਾਨ ਘਾਟਾਂ ‘ਤੇ ਸੰਗਤਾਂ ਨੇ ਵੱਡੀ ਗਿਣਤੀ 'ਚ ਦੀਵੇ ਬਾਲ ਕੇ ਦੀਵਾਲੀ ਦਾ ਤਿਉਹਾਰ ਮਨਾਇਆ। ਗੁਰਦੁਆਰਾ ਬੇਰ ਸਾਹਿਬ ਤੋਂ ਲੈਕੇ ਗੁਰਦੁਆਰਾ ਸੰਤ ਘਾਟ ਤੱਕ ਬਣੇ ਤਿੰਨ ਕਿਲੋਮੀਟਰ ਤੱਕ ਦੇ ਇਸ਼ਨਾਨ ਘਾਟਾਂ ‘ਤੇ ਲੱਗਭਗ 13 ਹਾਜ਼ਰ ਤੋਂ ਵੱਧ ਦੀਵੇ ਬਾਲ ਕੇ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਮਨਾਇਆ ਗਿਆ।ਸੰਗਤਾਂ ਨੇ ਦੱਸਿਆ ਕਿ ਪੰਜਾਬ ਦੇ ਪੇਂਡੂ ਇਲਾਕੇ ਦਾ ਇਹ ਪਹਿਲਾ ਅਸਥਾਨ ਹੈ ਜਿਥੇ ਇੰਨ੍ਹੀ ਵੱਡੀ ਗਿਣਤੀ ’ਚ ਦੀਵੇ ਬਾਲੇ ਗਏ ਹੋਣ।ਵੇਈਂ ਕੰਢੇ ਬਾਲੇ ਗਏ ਦੀਵਿਆਂ ਲਈ 20 ਟੀਨ ਸਰੋਂ ਦੇ ਤੇਲ ਦੀ ਖਪਤ ਹੋਈ ਜਦ ਕਿ ਛੇ ਟੀਨ ਦੇਸੀ ਘਿਓ ਦੇ ਨਾਲ ਵੀ ਦੀਵੇ ਬਾਲੇ ਗਏ। ਵੇਈਂ ਕੰਢੇ ਦੀਵੇ ਬਾਲਣ ਲਈ ਸੰਗਤਾਂ ਦੂਜੇ ਜਿਲ੍ਹਿਆਂ ‘ਚੋਂ ਵੀ ਆਈਆਂ ਹੋਈਆਂ ਸਨ।ਉਧਰ ਇਸ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਕਰਵਾ ਰਹੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਦੀ ਕੀਤੀਆਂ ਗਈਆਂ ਅਪੀਲਾਂ ਦਾ ਅਸਰ ਵੀ ਸ਼ਪਸ਼ੱਟ ਤੌਰ ’ਤੇ ਦੇਖਣ ਨੂੰ ਮਿਲਿਆ।ਸੰਤ ਸੀਚੇਵਾਲ ਦੀਆਂ ਅਪੀਲਾਂ ’ਤੇ ਅਮਲ ਕਰਦਿਆ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਤੇ ਸਕੂਲ ‘ਚ ਪੜ੍ਹਦੇ ਕਿਸੇ ਵੀ ਬੱਚੇ ਨੇ ਪਟਾਕੇ ਨਹੀਂ ਚਲਾਏ।ਇਸ ਤਰ੍ਹਾਂ ਸੀਚੇਵਾਲ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਨਿਹਾਲੂਵਾਲ,ਚੱਕ ਚੇਲਾ, ਮਾਲਾ,ਰੂਪੇਵਾਲੀ,ਸ਼ੇਰਪੁਰ ਦੋਨਾ,ਤਲਵੰਡੀ ਮਾਧੋ,ਫੌਜੀ ਕਾਲੋਨੀ,ਮਹੱਬਲੀਪੁਰ,ਸੋਹਲਖਾਲਸਾ,ਮੁਰੀਦਵਾਲ,ਅਹਿਮਦਪੁਰ,ਆਹਲੀਕਲਾਂ ਵਿੱਚ ਪਹਿਲਾ ਦੇ ਮੁਕਾਬਲੇ ਘੱਟ ਪਟਾਕੇ ਚਲਾਏ ਗਏ । ਕਈ ਪ੍ਰੀਵਾਰਾਂ ਨੇ ਤਾਂ ਇੱਕ ਵੀ ਪਟਾਕਾ ਨਹੀਂ ਚਲਾਇਆ।

Post a Comment