ਮਾਨਸਾ, 23 ਨਵੰਬਰ ( ) : ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਇਸ ਵਾਰ ਪਿਛਲੇ ਸਾਲ ਦੀ ਝੋਨੇ ਦੀ ਕੁੱਲ ਪੈਦਾਵਾਰ ਨਾਲੋਂ 40 ਫ਼ੀਸਦੀ ਵਧੇਰੇ ਝੋਨਾ ਮੰਡੀਆਂ ਵਿਚ ਆ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਕੁੱਲ ਆਮਦ 3 ਲੱਖ, 20 ਹਜ਼ਾਰ 108 ਮੀਟਰਕ ਟਨ ਹੋਈ ਸੀ ਜਦ ਕਿ ਇਸ ਵਾਰ ਹੁਣ ਤੱਕ 4 ਲੱਖ, 32 ਹਜ਼ਾਰ, 779 ਮੀਟਰਕ ਟਨ ਝੋਨੇ ਦੀ ਆਮਦ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 4 ਲੱਖ, 30 ਹਜ਼ਾਰ, 927 ਮੀਟਰਕ ਟਨ ਝੋਨੇ ਦੀ ਖਰੀਦ ਵੱਖ-ਵੱਖ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਹਿੰਦਾ ਝੋਨਾ ਵੀ ਜਲਦੀ ਖਰੀਦ ਲਿਆ ਜਾਵੇਗਾ ਅਤੇ ਲਿਫ਼ਟਿੰਗ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸ਼੍ਰੀ ਢਾਕਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਘੱਟ ਬਾਰਿਸ਼ ਹੋਣ ਦੇ ਬਾਵਜੂਦ ਜ਼ਿਲ੍ਹੇ ਵਿਚ ਝੋਨੇ ਦੀ ਰਿਕਾਰਡ ਪੈਦਾਵਾਰ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਿਹਨਤ ਲਈ ਜ਼ਿਲ੍ਹੇ ਦੇ ਕਿਸਾਨ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਪੈਰਾਂ ਸਿਰ ਕਰਨ ਲਈ ਪੰਜਾਬ ਸਰਕਾਰ ਸੁਹਿਰਦ ਹੈ ਅਤੇ ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਅਦਾਇਗੀ ਮੌਕੇ ਵੀ ਕਿਸਾਨਾਂ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾਲੋ-ਨਾਲ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਅਜੇ ਵੀ ਖਰੀਦ ਦਾ ਕੰਮ ਚੱਲ ਰਿਹਾ ਹੈ ਅਤੇ ਜਿਸ ਵੀ ਅਧਿਕਾਰੀ ਨੇ ਕਿਸਾਨਾਂ ਦੀ ਖਰੀਦ ਦੌਰਾਨ ਖੱਜਲ-ਖੁਆਰੀ ਕੀਤੀ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਹੁਣ ਤੱਕ ਪਨਗਰੇਨ ਵਲੋਂ 1 ਲੱਖ, 12 ਹਜ਼ਾਰ, 331 ਮੀਟਰਕ ਟਨ, ਮਾਰਕਫੈਡ ਵਲੋਂ 90 ਹਜ਼ਾਰ, 545 ਮੀਟਰਕ ਟਨ, ਪਨਸਪ ਵਲੋਂ 96 ਹਜ਼ਾਰ, 430 ਮੀਟਰਕ ਟਨ, ਪੰਜਾਬ ਐਗਰੋ ਵਲੋਂ 52 ਹਜ਼ਾਰ, 508 ਮੀਟਰਕ ਟਨ, ਵੇਅਰ ਹਾਊਸ ਵਲੋਂ 42 ਹਜ਼ਾਰ, 930 ਮੀਟਰਕ ਟਨ, ਐਫ਼.ਸੀ.ਆਈ ਵਲੋਂ 30 ਹਜ਼ਾਰ 453 ਮੀਟਰਕ ਟਨઠ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 5730 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫ਼ਸਲ ਦੀ ਖਰੀਦ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਸਾਰੀਆਂ ਖਰੀਦ ਏਜੰਸੀਆਂ ਨੂੰ ਕਿਸਾਨਾਂ ਦੀਆਂ ਫਸਲਾਂ ਦਾ ਭੁਗਤਾਨ ਬਿਨ੍ਹਾਂ ਕਿਸੇ ਦੇਰੀ ਤੋਂ ਕਰਨ ਅਤੇ ਵਿਕੇ ਹੋਏ ਝੋਨੇ ਦੀ ਲਿਫਟਿੰਗ ਵੀ ਨਾਲੋ-ਨਾਲ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਝੋਨੇ ਦੇ ਖਰੀਦ ਪ੍ਰਬੰਧਾਂ ਵਿੱਚ ਕੋਤਾਹੀ ਕਰਨ ਵਾਲੇ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।

Post a Comment