ਸ੍ਰੀ ਮੁਕਤਸਰ ਸਾਹਿਬ, 23 ਨਵੰਬਰ ( )ਮਾਲ ਅਫ਼ਸਰਾਂ ਦੀ ਮਹੀਨਾਵਾਰ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਰਿੰਦਰ ਸਿੰਘ ਬਾਠ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਕ ਨਵੇਕਲੀ ਪਹਿਲ ਤੇ ਸਥਾਪਿਤ ਕੀਤੇ ਫਰਦ ਕੇਂਦਰ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਹੀਨਾ ਅਕਤੂਬਰ‑2012 ਦੌਰਾਨ ਜ਼ਿਲ੍ਹੇ ਵਿਚ ਸਥਾਪਤ 7 ਫਰਦ ਕੇਂਦਰਾਂ ਤੋਂ 5215 ਕਿਸਾਨਾਂ ਨੇ ਲਾਭ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਰਦ ਲੈਣ ਲਈ ਹੁਣ ਪਟਵਾਰੀਆਂ ਕੋਲ ਜਾਣ ਦੀ ਜਰੂਰਤ ਨਹੀਂ ਹੈ ਅਤੇ ਕਿਸਾਨ ਫਰਦ ਕੇਂਦਰ ਵਿਚ ਪਹੁੰਚ ਕੇ ਇਕ ਸਧਾਰਨ ਫਾਰਮ ਭਰਦਾ ਹੈ ਅਤੇ ਪ੍ਰਤੀ ਪੇਜ 20 ਰੁਪਏ ਦੀ ਦਰ ਤੇ ਉਸ ਨੂੰ ਉਸਦੇ ਜ਼ਮੀਨੀ ਰਿਕਾਰਡ ਦੀ ਨਕਲ ਮਿਲ ਜਾਂਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਰਿੰਦਰ ਸਿੰਘ ਬਾਠ ਨੇ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹੀਨਾ ਅਕਤੁਬਰ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਫਰਦ ਕੇਂਦਰ ਤੋਂ ਸਭ ਤੋਂ ਵੱਧ 1215 ਨਕਲ ਜਮਾਂਬੰਦੀਆਂ ਜਾਰੀ ਕੀਤੀਆਂ ਗਈਆਂ। ਜਦ ਕਿ ਮਲੋਟ ਤਹਸੀਲ ਦੇ ਫਰਦ ਕੇਂਦਰ ਤੋਂ 950 ਅਤੇ ਗਿੱਦੜਬਾਹਾ ਦੇ ਫਰਦ ਕੇਂਦਰ ਤੋਂ 747 ਕਿਸਾਨਾਂ ਨੇ ਲਾਭ ਲਿਆ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਪ੍ਰਸਾਸ਼ਨ ਦਾ ਵਿਕੇਂਦਰੀਕਰਨ ਕਰਦਿਆਂ ਉਨ੍ਹਾਂ ਦੇ ਪਿੰਡਾਂ ਦੇ ਨੇੜੇ ਹੀ ਸਬ ਤਹਸੀਲਾਂ ਵਿਚ ਵੀ ਫਰਦ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿਸ ਤਹਿਤ ਬਰੀਵਾਲਾ ਫਰਦ ਕੇਂਦਰ ਤੋਂ 547, ਲੱਖੇਵਾਲੀ ਫਰਦ ਕੇਂਦਰ ਤੋਂ 295, ਲੰਬੀ ਤੋਂ 1048 ਅਤੇ ਦੋਦਾ ਦੇ ਫਰਦ ਕੇਂਦਰ ਤੋਂ 413 ਨਕਲਾਂ ਕਿਸਾਨਾਂ ਨੂੰ ਜਾਰੀ ਕੀਤੀਆਂ ਗਈਆਂ।
ਬੈਠਕ ਦੌਰਾਨ ਉਨ੍ਹਾਂ ਨੇ ਮਾਲ ਅਫ਼ਸਰਾਂ ਨੂੰ ਵੱਖ ਵੱਖ ਵਸੂਲੀਆਂ ਦੇ ਕੰਮ ਵਿਚ ਤੇਜੀ ਲਿਆਉਣ ਦੇ ਹੁਕਮ ਦਿੰਦਿਆਂ ਦੱਸਿਆ ਕਿ ਸਬ ਤਹਸੀਲ ਦੋਦਾ ਦੇ ਨਾਇਬ ਤਹਸੀਲਦਾਰ ਸ: ਗੁਰਮੇਜ ਸਿੰਘ ਢੱਡਾ ਵੱਲੋਂ ਸਾਰੀਆਂ ਵਸੂਲੀਆਂ ਕਰਕੇ ਚੰਗੀ ਕਾਰਗੁਜਾਰੀ ਵਿਖਾਈ ਗਈ ਹੈ।
ਬੈਠਕ ਦੌਰਾਨ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਸ਼ਕੀਲ ਸਿੰਘ, ਐਸ.ਡੀ.ਐਮ. ਸ: ਵਰਿੰਦਰਪਾਲ ਸਿੰਘ ਬਾਜਵਾ, ਤਹਸੀਲਦਾਰ ਸ੍ਰੀ ਰਵਿੰਦਰ ਬਾਂਸਲ, ਸ: ਸੁਖਮੰਦਰ ਸਿੰਘ ਡੀ.ਐਸ.ਐਮ., ਸ: ਦਵਿੰਦਰਪਾਲ ਸਿੰਘ ਏ.ਐਸ.ਐਮ. ਆਦਿ ਵੀ ਹਾਜਰ ਸਨ।

Post a Comment