ਮਾਨਸਾ, 09 ਨਵੰਬਰ : ਮਾਨਸਾ ਪੁਲਿਸ ਨੇ ਗੈਸ ਸਿਲੰਡਰ ਚੋਰੀ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ 280 ਸਿਲੰਡਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਰਿੰਦਰ ਭਾਰਗਵ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਅਰਸੇ ਦੌਰਾਨ ਇਸ ਗੈਂਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੈਸ ਏਜੰਸੀ ਦੇ ਗੁਦਾਮ ਲੁੱਟਣ ਦੀਆਂ ਵਾਰਦਾਤਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਸਮਾਂ ਹੋਣ ਕਾਰਨ ਸਿਲੰਡਰਾਂ ਦੀ ਖਪਤ ਕਮਰਸ਼ੀਅਲ ਪੱਧਰ 'ਤੇ ਵੀ ਵੱਧ ਜਾਂਦੀ ਹੈ, ਜਿਸ ਕਰਕੇ ਸਿਲੰਡਰਾਂ ਦੀ ਲੁੱਟ ਹੋਣ ਕਾਰਨ ਗੈਸ ਏਜੰਸੀਆਂ ਤੋਂ ਸਿਲੰਡਰ ਹਾਸਲ ਕਰਨ ਲਈ ਲੋਕਾਂ ਨੂੰ ਕਾਫ਼ੀ ਦਿੱਕਤ ਪੇਸ਼ ਆ ਰਹੀ, ਜਿਸ ਦੇ ਨਤੀਜੇ ਵਜੋਂ ਆਮ ਲੋਕਾਂ ਅਤੇ ਦੁਕਾਨਦਾਰ ਤਬਕੇ ਵਿੱਚ ਬੇਚੈਨੀ ਤੇ ਗੈਸ ਸਿਲੰਡਰਾਂ ਦੀ ਬਲੈਕ ਹੋਣੀ ਸ਼ੁਰੂ ਹੋ ਗਈ ਸੀ।ਐਸ.ਐਸ.ਪੀ. ਨੇ ਦੱਸਿਆ ਕਿ ਇਹ ਗੈਂਗ ਪਿਛਲੇ 3 ਜਾਂ 4 ਮਹੀਨੇ ਤੋਂ ਮਾਨਸਾ, ਸੰਗਰੂਰ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆ ਵਿੱਚ ਸਰਗਰਮ ਸੀ। ਉਨ੍ਹਾਂ ਕਿਹਾ ਕਿ ਇਸ ਗੈਂਗ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਪੁਲਿਸ ਵੱਲੋਂ ਕਪਤਾਨ ਪੁਲਿਸ ਸ਼੍ਰੀ ਕੁਲਦੀਪ ਸ਼ਰਮਾ ਤੇ ਕਪਤਾਨ ਪੁਲਿਸ (ਡੀ) ਸ਼੍ਰੀ ਪੁਸ਼ਕਰ ਸੰਦਲ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਦੇ ਇੰਸਪੈਕਟਰ ਦਲਬੀਰ ਸਿੰਘ ਸਮੇਤ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ, ਜਿਸ ਨੇ ਮਿਹਨਤ ਤੇ ਸੂਝ-ਬੂਝ ਤੋਂ ਕੰਮ ਲੈਂਦੇ ਹੋਏ ਇਸ ਗੈਂਗ ਦੀ ਖੁਫੀਆ ਤੌਰ 'ਤੇ ਅਤੇ ਤਕਨੀਕੀ ਆਧਾਰ 'ਤੇ ਸ਼ਨਾਖਤ ਕਰਕੇ 9 ਮੈਂਬਰੀ ਗੈਂਗ ਦੇ 7 ਮੈਂਬਰਾਂ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਮਲਕੀਤ ਸਿੰਘ ਵਾਸੀ ਨੂਰਪੁਰ ਚੱਠਾ (ਜਲੰਧਰ), ਸੰਤੋਸ ਕੁਮਾਰ ਟਿੰਕੂ ਪੁੱਤਰ ਪ੍ਰਮੋਦ ਕੁਮਾਰ ਵਾਸੀ ਮਾਨਸਾ, ਮੱਖਣ ਸਿੰਘ, ਜਗਮੇਲ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਕੌਹਰੀਆ (ਸੰਗਰੂਰ), ਰਾਕੇਸ਼ ਕੁਮਾਰ ਰਿੰਕੂ ਪੁੱਤਰ ਪ੍ਰਮੋਦ ਕੁਮਾਰ ਵਾਸੀ ਮਾਨਸਾ, ਸੁਖਬੀਰ ਸਿੰਘ ਉਰਫ ਕਾਕਾ ਪੁੱਤਰ ਮੱਖਣ ਸਿੰਘ ਵਾਸੀ ਮਾਨਸਾ, ਸੋਨੀ ਪੁੱਤਰ ਜਸਵੀਰ ਸਿੰਘ ਵਾਸੀ ਚੀਮਾ ਮੰਡੀ (ਸੰਗਰੂਰ), ਟੋਨੀ ਗਰਗ ਪੁੱਤਰ ਮੇਹਰ ਚੰਦ ਵਾਸੀ ਰਾਮਪੁਰਾ (ਬਠਿੰਡਾ) ਨੂੰ ਕਾਬੂ ਕਰਕੇ 280 ਗੈਸ ਸਿਲੰਡਰ ਅਤੇ ਚੋਰੀ ਵਿੱਚ ਵਰਤੇ ਜਾਣ ਵਾਲੇ ਤਿੰਨ ਵਾਹਨਾਂ ਬਲੈਰੋ ਪਿਕਅੱਪ ਗੱਡੀਆ ਜਿਨ੍ਹਾਂ ਦੇ ਨੰਬਰ ਪੀ.ਬੀ. 31 ਜੇ 6178, ਪੀ.ਬੀ. 31 ਜੀ 5474 ਅਤੇ ਇੱਕ ਏਪ ਟਰੱਕ ਜਿਸਦਾ ਨੰਬਰ ਪੀ.ਬੀ. 03 ਟੀ-ਸੀ-6144, ਨੂੰ ਬਰਾਮਦ ਕਰਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਡਾ. ਭਾਰਗਵ ਨੇ ਦੱਸਿਆ ਕਿ ਇਸ ਗੈਂਗ ਦੀਆ ਲੁੱਟ ਖੋਹ ਦੀਆ ਵਾਰਦਾਤਾਂ ਇੰਨੀਆ ਵੱਧ ਗਈਆਂ ਸਨ, ਜਿਸ ਕਰਕੇ ਇਹਨਾਂ ਨੂੰ ਲੁੱਟ ਦੇ ਸਿਲੰਡਰਾਂ ਦੀ ਢੋਆ-ਢੁਆਈ ਲਈ ਗੱਡੀਆ ਦੀ ਕਮੀ ਪੇਸ਼ ਆ ਰਹੀ ਸੀ, ਇਸ ਮਕਸਦ ਲਈ ਅਵਤਾਰ ਸਿੰਘ ਤਾਰੀ, ਜੋ ਕਿ ਇਸ ਗੈਂਗ ਦਾ ਮੁੱਖ ਸਰਗਨਾ ਹੈ, ਪਹਿਲਾਂ ਵੀ 25 ਅਗਸਤ ਨੂੰ ਸੁਨਾਮ (ਸੰਗਰੂਰ) ਪੁਲਿਸ ਵੱਲੋ ਇੱਕ ਬਲੈਰੋ ਗੱਡੀ ਜਿਸਦਾ ਨੰਬਰ ਪੀ.ਬੀ.13 ਵਾਈ 9988 ਚੋਰੀ ਕਰਦਾ ਗ੍ਰਿਫਤਾਰ ਕਰ ਲਿਆ ਗਿਆ ਸੀ ਪਰੰਤੂ ਪੁੱਛਗਿੱਛ ਦੌਰਾਨ ਉਸਨੇ ਪੁਲਿਸ ਨੂੰ ਗੈਸ ਗੁਦਾਮਾਂ ਲੁੱਟਣ ਦੀਆ ਵਾਰਦਾਤਾਂ ਬਾਰੇ ਨਹੀ ਦੱਸਿਆ ਅਤੇ ਜੇਲ੍ਹ ਚਲਾ ਗਿਆ।
ਐਸ.ਐਸ.ਪੀ. ਨੇ ਕਿਹਾ ਕਿ ਇਸ ਗਿਰੋਹ ਦਾ ਵਾਰਦਾਤ ਕਰਨ ਦਾ ਤਰੀਕਾ ਇਸ ਤਰ੍ਹਾਂ ਸੀ ਕਿ ਇਹ ਦਿਨ ਸਮੇਂ ਸਿਲੰਡਰ ਗੁਦਾਮਾਂ ਦੀ ਰੈਕੀ ਕਰਦੇ ਸਨ ਅਤੇ ਗੁਦਾਮਾਂ ਨੂੰ ਆਉਣ ਜਾਣ ਵਾਲੇ ਰਸਤਿਆਂ ਅਤੇ ਉਸਦੇ ਨਜਦੀਕ ਬਿਲਡਿੰਗਾਂ ਨੂੰ ਚੰਗੀ ਤਰ੍ਹਾਂ ਵਾਚਣ ਤੋਂ ਬਾਅਦ ਅੱਧੀ ਰਾਤ ਨੂੰ ਵਾਰਦਾਤ ਕਰਦੇ ਸਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਇੱਕ ਦੋ ਵਿਅਕਤੀ ਸੱਬਲ ਨਾਲ ਪਾੜ੍ਹ ਲਾਉਂਦੇ ਤੇ ਜਦੋਂ ਪਾੜ੍ਹ ਲੱਗ ਜਾਂਦਾ ਤਾਂ ਸਿਲੰਡਰਾਂ ਨੂੰ ਦੂਰ ਲਿਜਾ ਕੇ ਖੜੀ ਗੱਡੀ ਵਿੱਚ ਲੋਡ ਕਰ ਲੈਂਦੇ ਸਨ ਅਤੇ ਜੇਕਰ ਪਾੜ੍ਹ ਨਾ ਲੱਗਦਾ ਤਾਂ ਇਹਨਾਂ ਪਾਸ ਗੱਡੀ ਵਿੱਚ ਗੈਸ ਕਟਰ ਵੀ ਰੱਖਿਆ ਹੁੰਦਾ ਸੀ। ਉਨ੍ਹਾਂ ਕਿਹਾ ਕਿ ਉਹ ਗੈਸ ਕਟਰ ਦੀ ਮੱਦਦ ਨਾਲ ਅਰਲ ਜਾਂ ਲੌਕ ਨੂੰ ਕੱਟ ਕੇ ਗੈਸ ਗਡਾਊਨ ਵਿੱਚ ਦਾਖਲ ਹੋ ਜਾਂਦੇ ਸਨ ਅਤੇ ਲੁੱਟ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇੱਕ ਗੱਡੀ ਸਪੈਸ਼ਲ ਤੌਰ 'ਤੇ ਤਿਆਰ ਕੀਤੀ ਹੋਈ ਸੀ, ਜਿਸਦੇ ਸਾਈਡ 'ਤੇ ਅਤੇ ਫਰਸ਼ ਤੇ ਰਬੜ ਲਗਵਾਈ ਹੋਈ ਸੀ ਤਾਂ ਜੋ ਵਾਰਦਾਤ ਕਰਦੇ ਸਮੇਂ ਖੜਕਾ ਨਾ ਹੋਵੇ। ਇਹ ਗੱਡੀ ਇਸ ਗੈਂਗ ਵੱਲੋ ਲੁੱਟ ਦੇ ਪੈਸਿਆ ਤੋਂ ਨਵੀਂ ਖਰੀਦ ਕੀਤੀ ਗਈ ਸੀ।ਡਾ.ਭਾਰਗਵ ਨੇ ਦੱਸਿਆ ਕਿ ਇਸ ਗਿਰੋਹ ਵੱਲੋਂ ਕੀਤੀਆ ਵਾਰਦਾਤਾਂ ਵਿੱਚ 9 ਮਈ 2012 ਨੂੰ ਬਰਨਾਲਾ ਹੰਢਿਆਇਆ ਗੈਸ ਗਡਾਊਨ ਵਿੱਚੋ 24 ਸਿਲੰਡਰ, 25 ਮਈ ਨੂੰ ਬਰੇਟਾ ਵਿੱਚ 25 ਸਿਲੰਡਰ, 2 ਜੂਨ ਨੂੰ ਚੀਮਾਂ ਮੰਡੀ ਤੋਂ 24 ਸਿਲੰਡਰ, 19 ਜੂਨ ਨੂੰ ਝੁਨੀਰ ਤੋਂ 25 ਸਿਲੰਡਰ, 11 ਅਗਸਤ ਨੂੰ ਜੋਗਾ ਤੋਂ ਬਲੈਰੋ ਗੱਡੀ 'ਤੇ 98 ਸਿਲੰਡਰ, 8 ਜੁਲਾਈ ਨੂੰ ਸੁਨਾਮ ਤੋਂ ਬਲੈਰੋ ਗੱਡੀ 'ਤੇ ਲੌਗੌਵਾਲ ਰੋਡ ਸੁਨਾਮ ਤੋਂ 40 ਸਿਲੰਡਰ, ਬਠਿੰਡਾ ਤੋਂ ਬਲੈਰੋ ਗੱਡੀ 'ਤੇ 40 ਸਿਲੰਡਰ, 16 ਜੁਲਾਈ ਧਨੌਲਾ ਤੋਂ 35 ਸਿਲੰਡਰ, 25 ਸਤੰਬਰ ਨੂੰ ਮਾਨਸਾ ਖੁਰਦ ਖਿਆਲਾ ਰੋਡ ਤੋਂ 62 ਸਿਲੰਡਰ ਲੁੱਟ ਕੀਤੇ। ਐਸ.ਐਸ.ਪੀ. ਨੇ ਕਿਹਾ ਕਿ ਇਸ ਗੈਂਗ ਦੇ ਗ੍ਰਿਫਤਾਰ ਹੋਣ ਨਾਲ ਪਿਛਲੇ ਦਿਨੀਂ ਹੋਈਆਂ 4 ਜ਼ਿਲ੍ਹਿਆਂ ਦੀਆਂ ਗੈਸ ਏਜੰਸੀ ਗੁਦਾਮਾਂ ਨੂੰ ਲੁੱਟਣ ਦੀਆ ਵਾਰਦਾਤਾਂ ਨੂੰ ਹੱਲ ਕਰ ਲਿਆ ਗਿਆ ਹੈ। ਇਸਤੋਂ ਇਲਾਵਾ ਅਵਤਾਰੀ ਸਿੰਘ ਤਾਰੀ ਅਤੇ ਉਸਦੇ ਪਹਿਲੇ ਵਾਲੇ ਗੈਂਗ ਵੱਲੋਂ ਮੋਗਾ, ਬਠਿੰਡਾ, ਬਰਨਾਲਾ ਵਿਖੇ ਵੀ ਸਿਲੰਡਰਾਂ ਦੀ ਲੁੱਟ ਦੀਆਂ ਵਾਰਦਾਤਾਂ ਕੀਤੀਆ ਸਨ, ਜਿਨ੍ਹਾਂ ਨੇ ਲੁੱਟ ਕੀਤੇ ਸਿਲੰਡਰ ਸ਼ਾਹਕੋਟ ਨੇੜੇ ਨਕੋਦਰ (ਜਲੰਧਰ) ਵਿਖੇ ਵੇਚੇ ਸੀ, ਜਿਸ ਵਿੱਚ ਇਨ੍ਹਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਵਤਾਰ ਸਿੰਘ ਤਾਰੀ ਨੇ ਇਹ ਨਵਾਂ ਗੈਂਗ ਤਿਆਰ ਕੀਤਾ ਸੀ। ਡਾ. ਭਾਰਗਵ ਨੇ ਕਿਹਾ ਕਿ ਫੜੇ ਗਏ ਵਿਅਕਤੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੁਣ ਤੱਕ ਦੀ ਪੁੱਛਗਿੱਛ ਤੋਂ ਇਨ੍ਹਾਂ ਨੇ 15 ਗੈਸ ਗੁਦਾਮਾਂ ਨੂੰ ਲੁੱਟਣ ਦੀਆ ਵਾਰਦਾਤਾਂ ਮੰਨੀਆ ਹਨ। ਉਨ੍ਹਾਂ ਕਿਹਾ ਕਿ ਲੁੱਟ ਕੀਤੇ ਸਿਲੰਡਰ ਇਹ ਰਾਮਪੁਰਾ ਤੇ ਰਾਮਾਂ ਵਿਖੇ ਵੇਚਦੇ ਸਨ। ਐਸ.ਐਸ.ਪੀ. ਨੇ ਕਿਹਾ ਕਿ ਲੁੱਟ ਦੇ ਸਿਲੰਡਰ ਖਰੀਦਣ ਵਾਲਿਆਂ ਦੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਗਿਰੋਹ ਦੇ ਬਾਕੀ ਰਹਿੰਦੇ ਮੈਂਬਰਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਬਰਾਮਦਗੀ ਕਰਵਾਈ ਜਾਵੇਗੀ ਅਤੇ ਜੇਲ ਵਿੱਚ ਬੰਦ ਵਿਅਕਤੀਆਂ ਦਾ ਪ੍ਰੋਡੱਕਸ਼ਨ ਵਾਰੰਟ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋ ਹੋਰ ਵੀ ਸਿਲੰਡਰਾਂ ਦੇ ਬਰਾਮਦ ਹੋਣ ਦੀ ਆਸ ਹੈ।


Post a Comment