ਸ੍ਰੀ ਮੁਕਤਸਰ ਸਾਹਿਬ, 16 ਨਵੰਬਰ ( )ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸੋਕੇ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਪਲਬੱਧ ਕਰਵਾਈ ਮੁਫ਼ਤ ਬਿਜਲੀ ਅਤੇ ਨਹਿਰੀ ਪਾਣੀ ਅਤੇ ਵੰਡੇ ਤਕਨੀਕੀ ਗਿਆਨ ਸਦਕਾ ਇਸ ਵਾਰ ਜ਼ਿਲ੍ਹੇ ਦੇ ਮਿਹਨਤੀ ਕਿਸਾਨਾਂ ਨੇ ਝੋਨੇ ਦਾ ਰਿਕਾਰਡ ਉਤਪਾਦਨ ਕੀਤਾ ਹੈ। ਹੁਣ ਤੱਕ ਪਿਛਲੇ ਸਾਲ ਦੀ ਝੋਨੇ ਦੀ ਕੁੱਲ ਪੈਦਾਵਾਰ ਨਾਲੋਂ 26 ਫੀਸਦੀ ਵਧੇਰੇ ਝੋਨਾ ਮੰਡੀਆਂ ਵਿਚ ਆ ਚੁੱਕਿਆ ਹੈ ਜਦ ਕਿ ਹਾਲੇ ਵੀ ਮੰਡੀਆਂ ਵਿਚ ਝੋਨੇ ਦੀ ਆਮਦ ਜਾਰੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਹਾੜ੍ਹੀ ਦੇ ਸੀਜਨ ਦੌਰਾਨ ਵੀ ਜ਼ਿਲ੍ਹੇ ਦੇ ਕਿਸਾਨ ਇਸੇ ਤਰਾਂ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹੋਏ ਫਸਲਾਂ ਦਾ ਭਰਪੂਰ ਉਤਪਾਦਨ ਕਰਣਗੇ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਕੁੱਲ ਆਮਦ 393111 ਮਿਟ੍ਰਿਕ ਟਨ ਹੋਈ ਸੀ। ਜਦ ਕਿ ਇਸ ਵਾਰ ਹੁਣ ਤੱਕ 543760 ਮਿਟ੍ਰਿਕ ਟਨ ਝੋਨੇ ਦੀ ਆਮਦ ਮੰਡੀਆਂ ਵਿਚ ਹੋ ਚੁੱਕੀ ਹੈ ਜਿਸ ਵਿਚੋਂ 540983 ਮਿਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਜਦ ਕਿ ਇਸ ਵਾਰ ਉਤਪਾਦਨ 5.5 ਲੱਖ ਟਨ ਦੇ ਆਂਕੜੇ ਨੂੰ ਵੀ ਪਾਰ ਕਰ ਜਾਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਲਈ ਜ਼ਿਲ੍ਹੇ ਵਿਚ 111 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਸਨ।ਉਨ੍ਹਾਂ ਦੱਸਿਆ ਕਿ ਪਨਗ੍ਰੇਨ ਨੇ 148553 ਟਨ, ਮਾਰਕਫੈਡ ਨੇ 110547 ਟਨ, ਪਨਸਪ ਨੇ 103516 ਟਨ, ਪੰਜਾਬ ਰਾਜ ਗੁਦਾਮ ਨਿਗਮ ਨੇ 43275 ਟਨ, ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਨੇ 51295 ਟਨ, ਭਾਰਤੀ ਖੁਰਾਕ ਨਿਗਮ ਨੇ 43236 ਟਨ ਅਤੇ ਪ੍ਰਾਈਵੇਟ ਮਿੱਲ ਮਾਲਕਾਂ ਨੇ 40561 ਟਨ ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਇਸ ਪੈਦਾਵਾਰ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਲਗਭਗ 700 ਕਰੋੜ ਰੁਪਏ ਦੀ ਵਟਤ ਹੋਈ ਹੈ ਅਤੇ ਸਰਕਾਰੀ ਏਂਜਸੀਆਂ ਵੱਲੋਂ ਨਾਲੋ ਨਾਲ ਕਿਸਾਨਾਂ ਨੂੰ ਬਣਦੀ ਰਕਮ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤੀ ਗਈ। ਓਧਰ ਜ਼ਿਲ੍ਹਾ ਮੰਡੀ ਅਫ਼ਸਰ ਸ: ਕੁਲਦੀਪ ਸਿੰਘ ਅਨੁਸਾਰ ਝੋਨੇ ਤੋਂ ਮਾਰਕਿਟ ਕਮੇਟੀਆਂ ਦੀਆਂ ਆਮਦਨ ਵਿਚ ਵੀ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਦਾ ਵਾਧਾ ਹੋਣ ਦੀ ਆਸ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 95 ਹਜਾਰ ਹੈਕਟੇਅਰ ਵਿਚ ਝੋਨੇ ਦੀ ਕਾਸਤ ਕੀਤੀ ਗਈ ਸੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਕਾਸਤ ਸਬੰਧੀ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਦੇਣ ਲਈ ਲਗਾਏ ਗਏ ਕਿਸਾਨ ਸਿਖਲਾਈ ਕੈਂਪਾਂ ਵਿਚ ਵੰਡੇ ਵਿਗਿਆਨਕ ਖੇਤੀ ਦੇ ਗਿਆਨ ਕਾਰਨ ਵੀ ਕਿਸਾਨਾਂ ਨੇ ਸੁਧਰੀਆਂ ਖੇਤੀ ਤਕਨੀਕਾਂ ਅਪਨਾਈਆਂ ਜਿਸ ਕਾਰਨ ਚੰਗੀ ਕੁਆਲਟੀ ਦਾ ਝੋਨਾ ਪੈਦਾ ਹੋਇਆ।

Post a Comment