ਭੀਖੀ,23ਨਵੰਬਰ-( ਬਹਾਦਰ ਖਾਨ )- ਸਮਾਜ ਵਿੱਚੋਂ ਨਸ਼ੇ ਅਤੇ ਹੋਰ ਬੁਰਾਈਆਂ ਨੂੰ ਖਤਮ ਕਰਨ ਲਈ ਵਿਦਿਆਰਥੀਆਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਇਹ ਪ੍ਰਗਟਾਵਾ ਬੀਡੀਪੀਉ ਭੀਖੀ ਬਲਜਿੰਦਰ ਸਿੰਘ ਖਾਰਾ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਬਲਾਕ ਦੇ ਪਿੰਡ ਸਮਾਉਂ, ਅਤਲਾ ਕਲਾਂ, ਅਲੀਸ਼ੇਰ ਖੁਰਦ, ਅਲੀਸ਼ੇਰ ਕਲਾਂ, ਮੋਜੋਂ, ਗੁੜਥੜੀ ਆਦਿ ਪਿੰਡਾਂ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਦੌਰੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਖਾਰਾ ਆਪਣੀ ਟੀਮ ਸਮੇਤ ਇੰਨਾਂ ਸਕੂਲਾਂ ਵਿੱਚ ਕੱਢੀਆਂ ਗਈਆਂ ਨਸ਼ਾ ਵਿਰੋਧੀ ਚੇਤਨਾ ਰੈਲੀਆਂ ਸੰਬੰਧੀ ਜਾਣਕਾਰੀ ਲੈਣ ਹਿੱਤ ਪੁੱਜੇ ਹੋਏ ਸਨ। ਉਨਾਂ ਕਿਹਾ ਕਿ ਨਸ਼ਾ ਕਰਨ ਨਾਲ ਜਿਥੇ ਵਿਅਕਤੀ ਸਰੀਰਿਕ ਪੱਖੋਂ ਕਮਜੌਰ ਹੁੰਦਾ ਹੈ ਉਥੇ ਆਰਥਿਕ ਪੱਖੋਂ ਵੀ ਬਰਬਾਦ ਹੁੰਦਾ ਹੈ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਤੋਂ ਛੁਟਕਾਰਾ ਪਾਕੇ ਚੰਗੇ ਅਤੇ ਨੇਕ ਕੰਮਾਂ ਵੱਲ ਧਿਆਨ ਦੇਣ। ਉਨਾਂ ਕਿਹਾ ਕਿ ਵਿਦਿਆਰਥੀ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਉਨਾਂ ਕਿਹਾ ਕਿ ਨਸ਼ੇ ਮਨੁੱਖ ਨੂੰ ਸਿਹਤ ਅਤੇ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਂਦੇ ਹਨ ਇਸ ਲਈ ਮਨੁੱਖ ਨਸ਼ੇ ਤੋਂ ਦੂਰ ਰਹਿਕੇ ਚੰਗੇ ਸਮਾਜ ਦਾ ਨਿਰਮਾਣ ਕਰ ਸਕਦਾ ਹੈ। ਇਸ ਮੌਕੇ ਉਨਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਸ਼ਰਮਾਂ ਨੇ ਕਿਹਾ ਕਿ ਦੇਸ਼ ਦੇ ਭਵਿੱਖ ਵਿਦਿਆਰਥੀਆਂ ਨੂੰ ਨਸ਼ੇ ਦੇ ਖਿਲਾਫ ਆਪਣਾ ਯੋਗਦਾਨ ਪਾਉਣ ਲਈ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜ ਕੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਮੌਕੇ ਪ੍ਰਭੂ ਸਿੰਘ, ਜਗਦੇਵ ਸਿੰਘ, ਦਲਜੀਤ ਸਿੰਘ, ਪੁਸ਼ਪਾ ਦੇਵੀ, ਜੁਗਰਾਜ ਸਿੰਘ ਆਦਿ ਹਾਜਰ ਸਨ।

Post a Comment