ਸਮਰਾਲਾ 23 ਨਵੰਬਰ ( ਨਵਰੂਪ ਧਾਲੀਵਾਲ / ਜਸਪਾਲ ਢੀਂਡਸਾ ) ਗਰੁੱਪ ਕਮਾਂਡਰ ਬ੍ਰਿਗੇਡੀਅਰ ਐਸ.ਐਸ. ਗਿੱਲ ਅਤੇ 19 ਪੰਜਾਬ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਰਣਜੀਤ ਸਿੰਘ ਅਤੇ ਅਲੋਕ ਸ਼ੰਕਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰ: ਹਰਭਜਨ ਸਿੰਘ ਅਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ ) ਦੇ ਐਨ.ਸੀ.ਸੀ. ਯੂਨਿਟ ਵੱਲੋਂ ਸਕੂਲ ਵਿੱਚ ਐਨ.ਸੀ.ਸੀ. ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਵਿਚ ਕੈਡਿਟਾਂ ਦੇ ਨਸ਼ਿਆਂ, ਦਾਜ਼-ਦਹੇਜ਼ ਅਤੇ ਮਾਦਾ ਭਰੂਣ ਹੱਤਿਆ ਖਿਲਾਫ ਕੁਇੱਜ਼, ਭਾਸ਼ਣ ਪ੍ਰਤੀਯੋਗਤਾ, ਪੋਸਟਰ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ । ਲੈਫ਼ਟੀਨੈਂਟ ਜਤਿੰਦਰ ਕੁਮਾਰ ਵੱਲੋਂ ਐਨ.ਸੀ.ਸੀ. ਦਿਵਸ ਦੀ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਇਸ ਦੀ ਮਹੱਤਤਾ ਤੇ ਚਾਨਣਾ ਪਾਇਆ ਗਿਆ ਅਤੇ ਕੈਡਿਟਾਂ ਨੂੰ ਨਸ਼ਿਆਂ, ਦਾਜ਼-ਦਹੇਜ਼ ਅਤੇ ਮਾਦਾ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰਣ ਵੀ ਦਿਵਾਇਆ ਗਿਆ । ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਪ੍ਰਿੰ: ਹਰਭਜਨ ਸਿੰਘ ਅਤੇ ਟਰੈਫਿਕ ਇੰਚਾਰਜ ਸਬ ਇੰਸਪੈਕਟਰ ਪਵਨਦੀਪ ਸਿੰਘ ਵੱਲੋਂ ਨਿਭਾਈ ਗਈ । ਇਸ ਉਪਰੰਤ ਸ਼ਹਿਰ ਦੀ ਆਮ ਜਨਤਾ ਨੂੰ ਨਸ਼ਿਆਂ ਅਤੇ ਮਾਦਾ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਨ ਲਈ ਸਮਰਾਲਾ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਤੇ ਬਾਜ਼ਾਰਾਂ ਵਿੱਚੋਂ ¦ਘਦੀ ਹੋਈ ਇੱਕ ਸ਼ਾਨਦਾਰ ਰੈਲੀ ਕੱਢੀ ਗਈ । ਇਸ ਰੈਲੀ ਦੌਰਾਨ ਕੈਡਿਟਾਂ ਵੱਲੋਂ ਪੂਰੇ ਜੋਸ਼ ਨਾਲ ‘‘ਨਸ਼ੇ ਦੀ ਆਦਤ, ਮੌਤ ਨੂੰ ਦਾਅਵਤ’’, ‘‘ਨਸ਼ੇ ਭਜਾਓ, ਦੇਸ਼ ਬਚਾਓ’’, ‘‘ਪੈਂਦੇ ਜੋ ਨਸ਼ਿਆਂ ਦੇ ਰਾਹ, ਚਾਰ ਦਿਨਾਂ ਵਿੱਚ ਹੋਣ ਤਬਾਹ’’, ‘‘ਜਿਹੜਾ ਨਸ਼ਿਆਂ ਲਈ ਪ੍ਰੇਰੇ, ਕਦੀ ਨਾ ਬੈਠੇ ਉਸਦੇ ਨੇੜੇ’’, ‘‘ਰਹਿੰਦਾ ਜੋ ਨਸ਼ਿਆਂ ਤੋਂ ਦੂਰ, ਉਸਨੂੰ ਮੰਜ਼ਿਲ ਮਿਲੇ ਜ਼ਰੂਰ’’, ‘‘ਮਾਦਾ ਭਰੂਣ ਹੱਤਿਆ ਪਾਪ ਹੈ, ਪਾਪ ਹੈ’’, ‘‘ਮਾਦਾ ਭਰੂਣ ਹੱਤਿਆ ਬੰਦ ਕਰੋ, ਬੰਦ ਕਰੋ’’, ਆਦਿ ਨਾਅਰਿਆਂ ਦੀ ਆਵਾਜ਼ ਗੂੰਜ ਰਹੀ ਸੀ । ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ ਜਾਗਰੂਕਤਾ ਪੈਦਾ ਕਰਨ ਹਿੱਤ ਪਿਛਲੇ ਦੋ ਦਿਨ ਜਿੱਥੇ ਕਵਿਤਾ, ਭਾਸ਼ਣ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ, ਉੱਥੇ ਰੈਲੀ ਜਨਤਕ ਦੇ ਰੂਪ ਵਿਚ ਵੱਖ ਵੱਖ ਨਾਅਰਿਆਂ ਨਾਲ ਆਲੇ ਦੁਆਲੇ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਤੇ ਉਪਰੋਕਤ ਵਿਸ਼ਿਆਂ ਤੇ ਪ੍ਰਿੰ: ਹਰਭਜਨ ਸਿੰਘ, ਲੈਫ਼: ਜਤਿੰਦਰ ਕੁਮਾਰ, ਟਰੈਫਿਕ ਇੰਚਾਰਜ ਸਬ ਇੰਸਪੈਕਟਰ ਪਵਨਦੀਪ ਸਿੰਘ, ਬਲਰਾਜ ਸਿੰਘ, ਲੈਕਚਰਾਰ ਜਗਰੂਪਜੀਤ ਸਿੰਘ, ਨਿਰੰਜਣ ਕੁਮਾਰ, ਹਰੀ ਚੰਦ, ਨਿਰਭੈ ਸਿੰਘ, ਰਾਜੀਵ ਰਤਨ, ਮੈਡਮ ਗੁਰਦਰਸ਼ਨ ਕੌਰ, ਇੰਦਰਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਆਦਿ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ । ਇਸ ਰੈਲੀ ਨੂੰ ਸਫਲ ਬਣਾਉਣ ਲਈ ਐਨ.ਸੀ.ਸੀ. ਦਫਤਰ ਲੁਧਿਆਣਾ ਤੋਂ ਪਹੁੰਚੇ ਪੀ.ਆਈ. ਸਟਾਫ ਦੇ ਨਾਇਕ ਗੁਰਮੇਲ ਸਿੰਘ, ਹੌਲਦਾਰ ਮਨਜੀਤ ਸਿੰਘ, ਬਲਦੇਵ ਸਿੰਘ, ਮਨਪ੍ਰੀਤ ਸਿੰਘ ਢੀਂਡਸਾ ਅਤੇ ਪ੍ਰੇਮ ਸਿੰਘ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ । ਇਸ ਮੌਕੇ ਤੇ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਜਤਿੰਦਰ ਕੁਮਾਰ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਪ੍ਰਿੰ: ਹਰਭਜਨ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।


Post a Comment