ਤਲਵੰਡੀ ਸਾਬੋ 25 ਨਵੰਬਰ (ਰਣਜੀਤ ਸਿੰਘ ਰਾਜੂ) ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਸਿੱਖ ਸੰਗਤਾਂ ਤੇ ਹੋ ਰਹੇ ਵਾਰ ਵਾਰ ਹਮਲੇ ਸਿੱਖ ਧਾਰਮਿਕ ਅਤੇ ਪੰਥਕ ਆਗੂਆਂ ਦੀ ਨਲਾਇਕੀ ਕਾਰਣ ਹੋ ਰਹੇ ਹਨ। ਹਰ ਵਾਰ ਹਮਲੇ ਤੋਂ ਬਾਦ ਸਿੱਖ ਧਾਰਮਿਕ ਅਤੇ ਪੰਥਕ ਆਗੂ ਬਿਆਨਬਾਜੀ ਕਰਕੇ ਆਪਣਾ ਫਰਜ ਪੂਰਾ ਕਰ ਦਿੰਦੇ ਹਨ ਕੋਈ ਕੌਮ ਨੂੰ ਠੋਸ ਪ੍ਰੋਗਰਾਮ ਨਹੀ ਦਿੰਦਾ ਜਿਸ ਕਾਰਣ ਸਿੱਖਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਡੇਰਾ ਸਿਰਸਾ ਦੇ ਕੱਟੜ ਵਿਰੋਧੀ ਵਜੋਂ ਜਾਣੇ ਜਾਂਦੇ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਂਹੀ ਕੀਤਾ। ਸੰਤ ਦਾਦੂਵਾਲ੍ਹ ਨੇ ਕਿਹਾ ਕਿ ਡੇਰਾ ਸਿੱਖ ਵਿਵਾਦ ਦੌਰਾਨ ਹੁਣ ਤੱਕ ਚਾਰ ਸਿੰਘ ਸ਼ਹੀਦ ਹੋ ਚੁੱਕੇ ਹਨ ਅਤੇ ਧਾਰਮਿਕ ਅਤੇ ਪੰਥਕ ਆਗੂ ਸ਼ਹੀਦ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੇਕੇ ਅਤੇ ਜਖਮੀ ਨੂੰ ਪੰਜਾਹ ਹਜਾਰ ਰੁਪਏ ਦੇ ਕੇ ਆਪਣਾ ਫਰਜ ਪੂਰਾ ਹੋਇਆ ਸਮਝ ਲੈਂਦੇ ਹਨ।ਉਨ੍ਹਾਂ ਕਿਹਾ ਕਿ ਨਾਂ ਤਾਂ ਸਰਕਾਰਾਂ ਨੇ ਡੇਰਾ ਸਿਰਸਾ ਵਿਰੁੱਧ ਕੋਈ ਕਾਰਵਾਈ ਕੀਤੀ ਹੈ ਤੇ ਨਾਂ ਹੀ ਕਰਨੀ ਹੈ ਇਸਲਈ ਸਿੱਖ ਆਗੂ ਗੋਂਗਲੂਆਂ ਤੋਂ ਮਿੱਟੀ ਨਾਂ ਝਾੜਨ ਡੇਰੇ ਵਿਰੁੱਧ ਕੋਈ ਠੋਸ ਪ੍ਰੋਗਰਾਮ ਦੇਣ।ਉਨ੍ਹਾਂ ਕਿਹਾ ਕਿ ਇਹ ਮਸਲਾ ਪੂਰੇ ਸਿੱਖ ਪੰਥ ਦਾ ਮਸਲਾ ਹੈ ਸੋ ਸਿੱਖ ਧਾਰਮਿਕ ਆਗੂ ਗਰਮ ਬਿਆਨਬਾਜੀ ਕਰਨ ਦੀ ਥਾਂ ਕੌਮ ਨੂੰ ਪ੍ਰੋਗਰਾਮ ਦੇਣ ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇਕੱਠ ਕਰਨ ਅਤੇ ਡੇਰਾ ਸਿਰਸਾ ਨਾਲ ਆਰ ਪਾਰ ਦੀ ਲੜਾਈ ਦਾ ਐਲਾਨ ਕਰਨ।ਸੰਤ ਦਾਦੂਵਾਲ੍ਹ ਨੇ ਕਿਹਾ ਕਿ ਜੇ ਸਿੱਖ ਧਾਰਮਿਕ ਆਗੂ ਅਤੇ ਪੰਥਕ ਜਥੇਬੰਦੀਆਂ ਕੌਮ ਨੂੰ ਕੋਈ ਠੋਸ ਪ੍ਰੋਗਰਾਮ ਦਿੰਦੀਆਂ ਹਨ ਤਾਂ ਉਹਨ੍ਹਾਂ ਦੀ ਜਥੇਬੰਦੀ ਉਨ੍ਹਾਂ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਲਈ ਵਚਨਵੱਧ ਹੈ।

Post a Comment