ਤਲਵੰਡੀ ਸਾਬੋ 25 ਨਵੰਬਰ (ਰਣਜੀਤ ਸਿੰਘ ਰਾਜੂ) ਸਿਰਸਾ ਵਿਖੇ ਸਿੱਖ ਆਗੂਆਂ ਅਤੇ ਸੰਗਤਾਂ ਉੱਪਰ ਕੀਤਾ ਗਿਆ ਹਮਲਾ ਗਿਣੀ ਮਿੱਥੀ ਸਾਜਿਸ਼ ਤਹਿਤ ਸੈਂਟਰ ਅਤੇ ਹਰਿਆਣਾ ਸਰਕਾਰ ਦੀ ਮਿਲੀ ਭੁਗਤ ਨਾਲ ਹੋਇਆ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਇੱਥੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਉੁਨ੍ਹਾਂ ਕਿਹਾ ਕਿ ਸਿਰਸਾ ਦੇ ਡੀ ਸੀ ਅਤੇ ਐੱਸ ਐੱਸ ਪੀ ਨੇ ਸਾਰੇ ਮਸਲੇ ਨੂੰ ਹੱਲ ਕਰ ਲਿਆ ਸੀ ਅਤੇ ਸਿੱਖ ਸੰਗਤਾਂ ਸ਼ਾਂਤਮਈ ਮੀਟਿੰਗ ਉਪਰੰਤ ਘਰਾਂ ਨੂੰ ਵਾਪਿਸ ਆ ਰਹੀਆਂ ਸਨ ਕਿ ਉਨ੍ਹਾਂ ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੇ ਹਥਿਆਰਾਂ ਨਾਲ ਲੈੱਸ ਦਰਜਨਾਂ ਟਰੱਕ ਅਤੇ ਕੈਂਟਰ ਡੇਰਾ ਸਿਰਸਾ ਵਿੱਚੋਂ ਭੇਜੇ ਗਏ ਸਨ।ਜਥੇ: ਨੰਦਗੜ੍ਹ ਨੇ ਕਿਹਾ ਕਿ ਕੇਂਦਰ ਪੰਜਾਬ ਅਤੇ ਹਰਿਆਣਾ ਸਰਕਾਰਾਂ ਸਿੱਖਾਂ ਤੇ ਜਾਣਬੁੱਝ ਕੇ ਹਮਲੇ ਕਰਵਾ ਰਹੀਆਂ ਹਨ।ਜੇਕਰ ਸਿੱਖ ਮੋੜਵਾਂ ਜਵਾਬ ਦੇਣ ਲੱਗ ਪਏ ਤਾਂ ਸਿੱਟੇ ਗੰਭੀਰ ਨਿੱਕਲਣਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਦੇ ਸੱਟਾਂ ਮਾਰਨੀਆਂ ਹੀ ਦਰਸਾਉਦਾਂ ਹੈ ਕਿ ਇਸ ਵਿੱਚ ਸਰਕਾਰ ਦੀ ਵੱਡੀ ਭੂਮਿਕਾ ਸੀ।ਉਨ੍ਹਾਂ ਕਿਹਾ ਕਿ ਉਕਤ ਸਾਰੇ ਆਗੂ ਉਨ੍ਹਾਂ ਦੇ (ਜਥੇ:ਨੰਦਗੜ੍ਹ) ਕਹਿਣ ਤੇ ਹੀ ਸਿਰਸਾ ਗਏ ਸਨ ਤੇ ਖੁਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬੁਲਾਇਆ ਸੀ।ਉਨ੍ਹਾਂ ਮੰਗ ਕੀਤੀ ਕਿ 120 ਬੀ ਤਹਿਤ ਮਾਮਲਾ ਦਰਜ ਕਰਕੇ ਗੁਰਮੀਤ ਰਾਮ ਰਹੀਮ ਨੂੰ ਵੀ ਉਸ ਵਿੱਚ ਸ਼ਾਮਿਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਲਾਹ ਅਤੇ ਪੰਥਕ ਜਥੇਬੰਦੀਆਂ ਨਾਲ ਮਸ਼ਵਰੇ ਤੋਂ ਬਾਦ ਹੀ ਪ੍ਰੋਗਰਾਮ ਉਲੀਕਿਆ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨ:ਸਕੱ: ਗੁਰਸੇਵਕ ਸਿੰਘ ਜਵਾਹਰਕੇ,ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀੌਤ ਸਿੰਘ ਝੱਬਰ,ਮਾਨ ਦਲ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਕਿੰਗਰਾ,ਏਕਨੂਰ ਖਾਲਸਾ ਫੌਜ ਦੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਜੀਤ ਸਿੰਘ ਗੰਗਾ,ਭਾਈ ਦਰਸ਼ਨ ਸਿੰਘ ਦਾਦੂਵਾਲ੍ਹ,ਪ੍ਰੀਤਮ ਸਿੰਘ ਫੌਜੀ,ਜਬਰਜੰਗ ਸਿੰਘ,ਸੰਤੋਖ ਸਿੰਘ,ਲਾਭ ਸਿੰਘ ਦੇਸੂ ਆਦਿ ਆਗੂ ਹਾਜਿਰ ਸਨ।


Post a Comment