ਨਵੀਂ ਦਿੱਲੀ : (4, ਨਵੰਬਰ, 2012)ਇਉਂ ਜਾਪਦਾ ਹੈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਮੁਖੀਆਂ ਵਿਰੁਧ ਕੂੜ-ਪ੍ਰਚਾਰ ਕਰ ਉਨ੍ਹਾਂ ਵਿਰੁਧ ਆਪਣੀ ਬੌਖਲਾਹਟ ਪ੍ਰਗਟ ਕਰਨ ਤੋਂ ਇਲਾਵਾ ਉਨ੍ਹਾਂ ਦੇ ਵਿਰੋਧਿਆਂ ਪਾਸ ਹੋਰ ਕੋਈ ਏਜੰਡਾ ਨਹੀਂ। ਇਹ ਵਿਚਾਰ ਸ. ਜਸਬੀਰ ਸਿੰਘ ਕਾਕਾ ਜਨਰਲ ਸਕਤੱਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਪਣੇ ਇਕ ਬਿਆਨ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹੀ ਕਾਰਣ ਹੈ ਕਿ ਉਹ ਆਏ-ਦਿਨ ਆਧਾਰ-ਹੀਨ ਬਿਆਨ ਜਾਰੀ ਕਰ ਇਕ-ਦੂਜੇ ਨੂੰ ਮਾਤ ਦੇਣ ਦੀ ਹੋੜ ਵਿਚ ਲਗੇ ਰਹਿੰਦੇ ਹਨ। ਸ. ਜਸਬੀਰ ਸਿੰਘ ਕਾਕਾ ਨੇ ਆਪਣੇ ਬਿਆਨ ਵਿਚ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਇਕ ਬਿਆਨ ਦੇ ਕੁਝ ਹਿਸਿਆਂ ਨੂੰ ਤੋੜ-ਮਰੋੜ ਕੇ ਪੇਸ਼ ਕਰ, ਉਨ੍ਹਾਂ ਦੇ ਵਿਰੋਧਿਆਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਸ. ਸਰਨਾ ਨੇ ਸ਼ੇਰਾਂ ਵਰਗੀ ਕੌਮ ਨੂੰ ਚੂਹੇ ਆਖਕੇ ਸਿੱਖ ਕੌਮ ਦਾ ਅਪਮਾਨ ਕੀਤਾ ਹੈ। ਸ. ਜਸਬੀਰ ਸਿੰਘ ਕਾਕਾ ਨੇ ਆਪਣੇ ਬਿਆਨ ਵਿਚ ਦਸਿਆ ਕਿ ਸ. ਪਰਮਜੀਤ ਸਿੰਘ ਸਰਨਾ ਦੀ ਮਾਨਤਾ ਹੈ ਕਿ ਆਪਣੇ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਗਪਗ ਢਾਈ ਸਦੀਆਂ ਦੀ ਘਾਲਣਾ ਘਾਲ ਕੇ ਇਕ ਅਜਿਹੇ ਸੰਤ-ਸਿਪਾਹੀ ਖਾਲਸੇ ਦੀ ਸਿਰਜਨਾ ਨੂੰ ਸੰਪੂਰਣ ਕੀਤਾ ਸੀ ਜੋ ਅਮਨ-ਸ਼ਾਂਤੀ ਸਮੇਂ ਸੰਤ ਦੇ ਰੂਪ ਵਿਚ ਆਪਣੀ ਲਿਵ ਗੁਰੂ ਚਰਨਾਂ ਨਾਲ ਜੋੜੀ ਰਖਦਾ ਹੈ ਤੇ ਭੀੜਾ ਪੈਣ ਤੇ ਗਰੀਬ, ਮਜ਼ਲੂਮ ਅਤੇ ਆਤਮ ਸਨਮਾਨ ਦੀ ਰਖਿਆ ਲਈ ਮੈਦਾਨੇ-ਜੰਗ ਵਿਚ ਨਿਤਰ ਆਉਂਦਾ ਹੈ। ਅਜਿਹੇ ਸੰਤ ਸਿਪਾਹੀ ਦੀ ਤੁਲਨਾ, ਕਿਸੇ ਵੀ ਜਾਨਵਰ ਦੇ ਨਾਲ ਕਰਨਾ ਇਸ ਸੰਤ ਸਿਪਾਹੀ ਦੀ ਸਿਰਜਨਾ ਕਰਨ ਲਈ ਗੁਰੂ ਸਾਹਿਬਾਨ ਵਲੋਂ ਜੋ ਢਾਈ ਸਦੀਆਂ ਦੀ ਘਾਲਣਾ ਘਾਲੀ ਗਈ ਹੈ, ਉਸ ਤੋਂ ਅਨਜਾਣ ਹੋਣਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਦਾ ਹਰ ਜਾਨਵਰ ਕਿਸੇ ਨਾ ਕਿਸੇ ਕਮਜ਼ੋਰੀ ਦਾ ਸ਼ਿਕਾਰ ਹੈ। ਸ਼ੇਰ ਤਕ ਵੀ ਛੁਪ ਕੇ ਪਿਠ ਪਿਛੋਂ ਸ਼ਿਕਾਰ ਤੇ ਹਮਲਾ ਕਰ, ਉਸਦੀ ਚੀਰ-ਫਾੜ ਕਰ ਜਸ਼ਨ ਮੰਨਾਂਦਾ ਹੈ ਹਾਲਾਂਕਿ ਉਸਦਾ ਕੋਈ ਗੁਨਾਹ ਨਹੀਂ ਹੁੰਦਾ। ਪਰ ਸਿੱਖ ਜੋ ਸੰਤ-ਸਿਪਾਹੀ ਹੈ, ਉਹ ਤਾਂ ਦੁਸ਼ਮਣ ਤੇ ਵੀ ਪਿੱਠ ਪਿਛੇ ਵਾਰ ਨਹੀਂ ਕਰਦਾ ਸਗੋਂ ਉਸਨੂੰ ਵੰਗਾਰ ਕੇ ਹਮਲਾ ਕਰਦਾ ਹੈ। ਇਸ ਤਰ੍ਹਾਂ ਉਹ ਬੇਗੁਨਾਹਵਾਂ ਨਾਲ ਨਾ ਤਾਂ ਕਦੀ ਮਾੜਾ ਵਰਤਾਉ ਕਰਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਨੁਕਸਾਨ ਪੰਹੁਚਾਂਦਾ ਹੈ, ਸਗੋਂ ਉਹ ਤਾਂ ਬੇਗੁਨਹਵਾਂ, ਮਜ਼ਲੂਮਾਂ ਤੇ ਗਰੀਬਾਂ ਲਈ ਆਪਣੀ ਜਾਨ ਤਕ ਕੁਰਬਾਨ ਕਰ ਦਿੰਦਾ ਹੈ। ਸ. ਜਸਬੀਰ ਸਿੰਘ ਕਾਕਾ ਨੇ ਪੁਛਿਆ ਕਿ ਸ. ਪਰਮਜੀਤ ਸਿੰਘ ਸਰਨਾ, ਜਿਨ੍ਹਾਂ ਦੇ ਸਿੱਖਾਂ ਬਾਰੇ ਅਜਿਹੇ ਵਿਚਾਰ ਹੋਣ ਉਹ ਕਿਵੇਂ ਸਿੱਖਾਂ ਦੀ ਤੁਲਨਾ ਕਿਸੇ ਜਾਨਵਰ ਨਾਲ ਕਰ ਸਕਦੇ ਹਨ?

Post a Comment