ਮਾਨਸਾ, 16 ਨਵੰਬਰ ( ) : ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਲਈ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਲਗਾਤਾਰ ਪ੍ਰੇਰਿਆ ਜਾ ਰਿਹਾ ਹੈ ਤਾਂ ਕਿ ਉਹ ਇਸ ਤਕਨੀਕ ਨੂੰ ਅਪਣਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਉਣ। ਇਸੇ ਲੜੀ ਤਹਿਤ ਵਿਭਾਗ ਨੇ ਆਤਮਾ ਸਕੀਮ ਅਧੀਨ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਦੇ ਆਦੇਸ਼ਾਂ 'ਤੇ ਪਿੰਡ ਘਰਾਂਗਣਾ ਵਿਖੇ ਹੈਪੀ ਸੀਡਰ ਨਾਲ ਝੋਨੇ ਦੀ ਖੜ੍ਹੀ ਪਰਾਲੀ ਵਿਚ ਕਣਕ ਦੀ ਬਿਜਾਈ ਕਰਨ ਸਬੰਧੀ ਕਿਸਾਨ ਹਰਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਖੇਤ ਵਿਚ ਪ੍ਰਦਰਸ਼ਨੀ ਲਗਾਈ। ਇਸ ਕਿਸਾਨ ਵੱਲੋਂ 10 ਏਕੜ ਕਰਬੇ ਵਿਚ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਫਸਲ ਦੀ ਕਾਸ਼ਤ ਕੀਤੀ ਗਈ ਹੈ ਅਤੇ ਇਸ ਪਿੰਡ ਦੇ ਹੋਰ ਕਿਸਾਨਾਂ ਵੱਲੋਂ ਵੀ ਇਸ ਤਕਨੀਕ ਨੂੰ ਪਹਿਲ ਦੇ ਆਧਾਰ 'ਤੇ ਅਪਣਾਇਆ ਜਾ ਰਿਹਾ ਹੈ।
ਇਸ ਮੌਕੇ ਪ੍ਰਦੂਸ਼ਣ ਰੋਕਣ ਅਤੇ ਜ਼ਮੀਨ ਦੀ ਸਿਹਤ ਨਰੋਈ ਰੱਖਣ ਲਈ ਹੈਪੀ ਸੀਡਰ ਮਸ਼ੀਨ ਦੀ ਵਰਤੋਂ ਕਰਨ 'ਤੇ ਜ਼ੋਰ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ ਨੇ ਕਿਹਾ ਕਿ ਇਸ ਤਕਨੀਕ ਨੂੰ ਅਪਣਾਉਣ ਨਾਲ ਜਿਥੇ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਤੋਂ ਬਚਿਆ ਜਾ ਸਕਦਾ ਹੈ, ਉਥੇ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਚੁਣੇ ਗਏ 6 ਪਿੰਡਾਂ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਪਿੰਡਾਂ ਵਿਚ ਵੀ ਅਗਾਂਹਵਧੂ ਕਿਸਾਨਾਂ ਵੱਲੋਂ ਇਹ ਤਕਨੀਕਾਂ ਅਪਣਾਉਣ ਵਿਚ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ, ਜਿਸ ਨਾਲ ਕਾਫੀ ਰਕਬੇ ਵਿਚ ਕਣਕ ਦੀ ਫਸਲ ਦੀ ਕਾਸ਼ਤ ਹੋਣ ਦੀ ਸੰਭਾਵਨਾ ਹੈ।
ਖੇਤੀਬਾੜੀ ਇੰਜਨੀਅਰ ਸ਼੍ਰੀ ਰਮੇਸ਼ ਕੁਮਾਰ ਮਹਿਤਾ ਨੇ ਕਿਹਾ ਕਿ ਇਸ ਮਸ਼ੀਨ ਦੀ ਵਰਤੋਂ ਕਰਨ ਨਾਲ ਸਮੇਂ ਦੇ ਨਾਲ-ਨਾਲ ਲੇਬਰ ਦੀ ਕਾਫ਼ੀ ਬਚੱਤ ਹੁੰਦੀ ਹੈ ਅਤੇ ਮਸ਼ੀਨ ਦੁਆਰਾ ਬੀਜੀ ਗਈ ਕਣਕ ਵੀ ਡਿੱਗਦੀ ਨਹੀਂ। ਉਨ੍ਹਾਂ ਕਿਹਾ ਕਿ ਇਕ ਸਿੰਚਾਈ ਦੀ ਵੀ ਬਚੱਤ ਹੁੰਦੀ ਹੈ ਅਤੇ ਸਮੇਂ-ਸਿਰ ਬਿਜਾਈ ਹੋਣ ਸਦਕਾ ਝਾੜ ਵਿਚ ਵੀ ਵਾਧਾ ਹੁੰਦਾ ਹੈ। ਇਸ ਤਕਨੀਕ ਨੂੰ ਅਪਣਾਉਣ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਗਭਗ ਦੋ ਹਜ਼ਾਰ ਰੁਪਏ ਪ੍ਰਤੀ ਏਕੜ ਵਹਾਈ ਦਾ ਖਰਚਾ ਵੀ ਬੱਚਦਾ ਹੈ।
ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਹੋਰ ਨਵੀਂ ਵਿਕਸਤ ਹੋਈ ਖੇਤੀ ਮਸ਼ੀਨਰੀ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਬੇਲਰ ਮਸ਼ੀਨ, ਰੋਟਾਵੇਟਰ ਅਤੇ ਜ਼ੀਰੋ ਟਿਲ ਡਰਿੱਲ ਆਦਿ ਮਸ਼ੀਨਾਂ ਦੀ ਵਰਤੋਂ ਕਰਨ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਤਾਂ ਜੋ ਹਾੜ੍ਹੀ 2012-13 ਦੌਰਾਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਦਬਾਉਣ ਲਈ ਵਿੱਢੀ ਮੁਹਿੰਮ ਨੂੰ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲ ਸਕੇ। ਇਸ ਮੌਕੇ ਅੰਕੜਾ ਸਹਾਇਕ ਸ਼੍ਰੀ ਸੁਖਜੀਤ ਸਿੰਘ ਨੇ ਵੀ ਕਿਸਾਨਾਂ ਨੂੰ ਅਹਿਮ ਜਾਣਕਾਰੀ ਦਿੱਤੀ।


Post a Comment