ਮਾਨਸਾ, 06 ਨਵੰਬਰ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਅਮਿਤ ਢਾਕਾ ਨੇ ਫੋਜ਼ਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਬਾਹਰਲੇ ਰਾਜ ਅਤੇ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਬਣਿਆ ਹੋਇਆ ਨਕਲੀ ਖੋਆ ਲਿਆਉਣ, ਉਸ ਦੀ ਮਠਿਆਈ ਤਿਆਰ ਕਰਨ, ਅਜਿਹਾ ਖੋਆ ਸਟੋਰ ਕਰਨ, ਖਰੀਦਣ ਅਤੇ ਵੇਚਣ 'ਤੇ ਮੁਕੰਮਲ ਪਾਬੰਦੀ ਲਗਾਈ ਹੈ। ਹੁਕਮ ਵਿੱਚ ਉਨ੍ਹਾਂ ਕਿਹਾ ਕਿ ਤਿਊਹਾਰਾਂ ਮੌਕੇ ਆਮ ਪਬਲਿਕ ਵੱਲੋਂ ਮਠਿਆਈਆਂ ਦੀ ਖਰੀਦੋ-ਫਰੋਖ਼ਤ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਅਤੇ ਦੁਕਾਨਦਾਰਾਂ ਵੱਲੋਂ ਮਠਿਆਈਆਂ ਨੂੰ ਤਿਆਰ ਕਰਨ ਸਮੇਂ ਖੋਏ ਦੀ ਵਰਤੋਂ ਕੀਤੀ ਜਾਂਦੀ ਹੈ।ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਵਿੱਚ ਕਿਹਾ ਕਿ ਮਠਿਆਈਆਂ ਦੀ ਮੰਗ ਵੱਧ ਜਾਣ ਕਰਕੇ ਕਈ ਦੁਕਾਨਦਾਰਾਂ ਵੱਲੋਂ ਨਕਲੀ ਜਾਂ ਸਿੰਥੈਟਿਕ ਖੋਏ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰਣ ਦੇ ਨਾਲ-ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਸ਼੍ਰੀ ਢਾਕਾ ਨੇ ਕਿਹਾ ਕਿ ਇਸ ਜ਼ਿਲ੍ਹੇ ਦੀ ਹੱਦ ਹਰਿਆਣਾ ਰਾਜ ਦੇ ਬਾਰਡਰ ਨਾਲ ਵੀ ਲੱਗਦੀ ਹੈ, ਜਿਸ ਕਾਰਨ ਇਸ ਜ਼ਿਲ੍ਹੇ ਵਿੱਚ ਹਰਿਆਣਾ ਰਾਜ ਅਤੇ ਹੋਰ ਜ਼ਿਲ੍ਹਿਆਂ ਤੋਂ ਨਕਲੀ ਜਾਂ ਸਿੰਥੈਟਿਕ ਤਿਆਰ ਕੀਤਾ ਖੋਆ ਆਉਣ ਦਾ ਵੀ ਖਦਸ਼ਾ ਹੈ। ਇਸ ਲਈ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਕਲੀ ਜਾਂ ਸਿੰਥੈਟਿਕ ਖੋਏ ਤੋਂ ਤਿਆਰ ਮਠਿਆਈਆਂ ਦੀ ਖਰੀਦ ਅਤੇ ਵੇਚ 'ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ। ਹੁਕਮ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ 10 ਦਸੰਬਰ ਤੱਕ ਲਾਗੂ ਰਹੇਗਾ।

Post a Comment