ਸੁਲਤਾਨਪੁਰ ਲੋਧੀ ਨਵੰਬਰ/ਬਾਬੇ ਨਾਨਕ ਦੀ ਨਗਰੀ ਵੱਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ‘ਚ ਸੜਕਾਂ ‘ਤੇ ਆਲੇ ਦੁਆਲੇ ਦੀ ਸਫਾਈ ਕਰਵਾ ਰਹੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਦਾ ਕੂੜਾ ਕਰਕਟ ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ‘ਚ ਅਤੇ ਪਵਿੱਤਰ ਸ਼ਹਿਰ ਨੂੰ ਆਉਂਦੇ ਮੁਖ ਮਾਰਗਾਂ ਤੇ ਨਾ ਸੁਟਣ।ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ‘ਚ ਸੰਗਤਾਂ ਜੁਟੀਆਂ ਹੋਈਆਂ ਹਨ। ਸੰਤ ਸੀਚੇਵਾਲ ਦੀ ਅਗਵਾਈ ਹੇਠ ਸੇਵਾਦਾਰ ਸੁਲਤਾਨਪੁਰ ਲੋਧੀ ਸ਼ਹਿਰ ਦੇ ਆਲੇ ਦੁਆਲੇ ਦੀਆਂ ਸੜਕਾਂ ਦੇ ਬਰਮਾਂ ‘ਤੇ ਮਿੱਟੀ ਪਾ ਕੇ ਟੋਏ ਪੂਰ ਰਹੇ ਹਨ। ਬੇਬੇ ਨਾਨਕੀ ਮਾਰਗ ਸਮੇਤ ਹੋਰ ਮੁਹਲਿਆਂ ਦੀ ਸਫਾਈ ਕਰਵਾ ਰਹੇ ਹਨ।
ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਸੇਵਾਦਾਰਾਂ ਸਮੇਤ ਪਿੱਛਲੇ ਕਈ ਦਿਨਾਂ ਤੋਂ ਰੋਜ਼ਾਨਾ ਛੇ ਵਜੇ ਤੋਂ ਸਫਾਈ ਮਹਿੁੰਮ ‘ਚ ਜੁਟ ਜਾਂਦੇ ਹਨ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸ਼ਹਿਰ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ 14 ਸਾਲ 9 ਮਹੀਨੇ 13 ਦਿਨ ਰਹੇ ਸਨ ਤੇ ਇਸ ਸਮੇਂ ਦੌਰਾਨ ਉਹ ਪਵਿੱਤਰ ਕਾਲੀ ਵੇਈਂ ‘ਚ ਇਸ਼ਨਾਨ ਕਰਦੇ ਰਹੇ ਸਨ।ਸੰਤ ਸੀਚੇਵਾਲ ਨੇ ਕਿਹਾ ਕਿ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤਰ ਸ਼ਹਿਰ ਦੇ ਦਰਸ਼ਨਾਂ ਲਈ ਆ ਰਹੀਆਂ ਹਨ ।ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਪਵਿੱਤਰ ਨਗਰੀ ਤੋਂ ਚੰਗਾ ਸੁਨੇਹਾ ਲੈਕੇ ਜਾਣ।ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ‘ਚ ਸ਼ਰਧਾਂ ਨਾਲ ਇਸ਼ਨਾਨ ਕਰਨ ਲਈ ਆਉਦੀਆਂ ਹਨ ਪਰ ਕੁਝ ਲੋਕ ਆਪਣੇ ਘਰਾਂ ਦੇ ਗੰਦੇ ਕੱਪੜੇ ਤੇ ਹੋਰ ਕੂੜਾ ਸੁੱਟ ਜਾਂਦੇ ਜਿਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਲੀ ਵੇਈ ਹੀ ਇੱਕ ਅਜਿਹੀ ਦੇਸ਼ ਦੀ ਪਹਿਲੀ ਨਦੀ ਹੈ ਜਿਸ ਨੂੰ ਪਵਿੱਤਰ ਵੇਈ ਐਲਾਨਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸੰਗਤਾਂ ਪਿੱਛਲੇ 12 ਸਾਲਾਂ ਤੋਂ ਇਸ ਦੀ ਕਾਰ ਸੇਵਾ ਕਰਕੇ ਇਸ ਨੂੰ ਸਾਫ ਸੁਥਰਾ ਰੱਖ ਰਹੀਆਂ ਹਨ ਇਸ ਲਈ ਸਾਡੇ ਸਾਰਿਆ ਦਾ ਫ਼ਰਜ਼ ਬਣਦਾ ਹੈ ਕਿ ਇਸ ਨੂੰ ਸਾਫ਼ ਸਾਥਰਾ ਬਣਾ ਕੇ ਰੱਖੀਏ।
ਇਸ ਮੌਕੇ ਸੁਲਤਾਨਪੁਰ ਲੋਧੀ ਦੇ ਐਸ ਡੀ ਐਮ ਸ੍ਰੀ ਕੁਲਦੀਪ ਸਿੰਘ ਚੰਦੀ ਚੱਲ ਰਹੇ ਸੇਵਾ ਦੇ ਕਾਰਜ਼ ਨੂੰ ਦੇਖਣ ਲਈ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਇੱਕ ਚੈਨਲ ਲਈ ਹੋ ਰਹੀ ਰਿਕਾਰਡਿੰਗ ਲਈ ਬੋਲਦਿਆਂ ਕਿਹਾ ਕਿ ਸੰਤ ਸੀਚੇਵਾਲ ਜੀ ਸੰਗਤਾਂ ਸਮੇਤ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਪਿਛਲੇ ਦਸ ਦਿਨ ਤੋਂ ਕਾਰ ਸੇਵਾ ਕਰਵਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀ ਕਿ ਮਿਊਸੀਪਲ ਕਾਰਪੋਰੇਸ਼ਨ ਪਵਿੱਤਰ ਸ਼ਹਿਰ ਦੀ ਸਫਾਈ ਲਈ ਆਪਣੀ ਬਣਦੀ ਜਿੰਮੇਵਾਰੀ ਬਿਲਕੁਲ ਨਹੀਂ ਨਿਭਾ ਰਹੀ। ਉਨ੍ਹਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪਰਬ ਦੀ ਤਿਆਰੀ ਲਈ ਚੱਲ ਲਈ ਸਫਾਈ ਮੁਹਿੰਮ 'ਚ ਸੰਗਤਾਂ ਆਪਣਾ ਪੂਰਾ ਸਹਿਯੋਗ ਕਰਨ ਅਤੇ ਆਪਣੇ ਘਰ ਦੇ ਨਾਲ ਨਾਲ ਆਪਣੇ ਰਸਤੇ ਦੀ ਸਫਾਈ ਦਾ ਵੀ ਪੂਰਾ ਖਿਆਲ ਕਰਨ ਦੀਅਪੀਲਕੀਤੀ ।
Post a Comment