ਖੰਨਾ / ਸਮਰਾਲਾ, 19 ਨਵੰਬਰ ( ਥਿੰਦ / ਉਟਾਲ ) ਸਿਵਲ ਸਰਜਨ ਲੁਧਿਆਣਾ ਵੱਲੋਂ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਚਲਾਈ ਗਈ ਇੱਕ ਮੁਹਿੰਮ ਦੇ ਤਹਿਤ ਸਥਾਨਕ ਸਿਵਲ ਹਸਪਤਾਲ ਸਮਰਾਲਾ ਦੇ ਐਸ.ਐਮ.ਓ. ਡਾ. ਬੀ.ਕੇ. ਅਗਰਵਾਲ ਦੀ ਅਗਵਾਈ ਵਾਲੀ ਟੀਮ ਨੇ ਸ਼ਹਿਰ ਦੀਆਂ ਵੱਖ ਵੱਖ ਸਬਜੀਆਂ ਅਤੇ ਫਲਾਂ ਦੀਆਂ ਦੁਕਾਨਾਂ ਤੇ ਰੇਹੜੀਆਂ ਤੇ ਜਾ ਕੇ ਆਪ ਚੈਕਿੰਗ ਕੀਤੀ । ਜਿਸ ਵਿਚ ਦੁਕਾਨਾਂ ਤੋਂ ਗਲੀਆਂ ਸੜੀਆਂ ਸਬਜੀਆਂ ਅਤੇ ਫਲ ਵਾਲੀਆਂ ਰੇਹੜੀਆਂ ਤੋਂ ਗੰਦੇ ਫਲ ਸੁਟਵਾਏ ਗਏ । ਡਾ. ਅਗਰਵਾਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਸਬਜੀ ਵਾਲੇ ਦੁਕਾਨਦਾਰ ਅਤੇ ਫਲ ਵੇਚਣ ਵਾਲੇ ਰੇਹੜੀਦਾਰਾਂ ਨੂੰ ਕਿਹਾ ਕਿ ਉਹ ਅਜਿਹਾ ਸਮਾਨ ਨਾ ਵੇਚਣ ਜਿਸ ਨਾਲ ਬਿਮਾਰੀਆਂ ਫੈਲਦੀਆਂ ਹਨ । ਉਹਨਾਂ ਨੇ ਅੱਗੇ ਹਦਾਇਤ ਕੀਤੀ ਕਿ ਅਜਿਹੀ ਖਰਾਬ ਸਬਜੀ ਤੇ ਫਲ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਨੇ ਨਗਰ ਕੌਂਸਲ ਸਮਰਾਲਾ ਦੇ ਈ.ਓ. ਨੂੰ ਵੀ ਕਿਹਾ ਕਿ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ । ਤਾਂ ਜੋ ਕਿ ਸ਼ਹਿਰ ਵਿਚ ਕਿਸੇ ਕਿਸਮ ਦੀ ਕੋਈ ਬਿਮਾਰੀ ਨਾ ਫੈਲ ਸਕੇ । ਉਹਨਾਂ ਨੇ ਅੱਜ ਖੁਦ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਲੜਕੇ, ਸਮਰਾਲਾ ਅੱਗੇ ਲੱਗੇ ਇੱਕ ਵੱਡੇ ਗੰਦਗੀ ਦੇ ਢੇਰ ਨੂੰ ਵੇਖ ਕੇ ਹੈਰਾਨ ਰਹਿ ਗਏ । ਇਸ ਮੌਕੇ ਤੇ ਡਾ. ਅਗਰਵਾਲ ਨਾਲ ਉਹਨਾਂ ਦੀ ਟੀਮ ਵਿਚ ਭੁਪਿੰਦਰ ਸਿੰਘ, ਸੁਰਮੁੱਖ ਸਿੰਘ ਅਤੇ ਨਗਰ ਕੌਂਸਲ ਸਮਰਾਲਾ ਦੇ ਐਸ.ਆਈ. ਸੁਖਦੇਵ ਸਿੰਘ ਵੀ ਹਾਜ਼ਰ ਸਨ ।
Post a Comment