ਮਾਨਸਾ, ਨਵੰਬਰ ( ):ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ 9 ਅਤੇ 10 ਨਵੰਬਰ ਨੂੰ ਕਚਿਹਰੀ ਰੋਡ 'ਤੇ ਸੋਲਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਮਾਨਸਾ ਸ਼੍ਰੀ ਅਮਿਤ ਕੁਮਾਰ ਨੇ ਕਿਹਾ ਕਿ 9 ਤੇ 10 ਨਵੰਬਰ ਨੂੰ ਲੱਗਣ ਵਾਲੇ ਇਸ ਮੇਲੇ ਵਿੱਚ ਸੋਲਰ ਵਾਟਰ ਹੀਟਰ ਸਬੰਧੀ ਅਤੇ ਫੈਮਿਲੀ ਸਾਇਜ਼ ਬਾਇਉ ਗੈਸ ਪਲਾਂਟ ਸਬੰਧੀ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ ਜਾਵੇਗੀ।ਸ਼੍ਰੀ ਅਮਿਤ ਕੁਮਾਰ ਨੇ ਕਿਹਾ ਕਿ ਪੇਡਾ ਨੂੰ ਸਰਕਾਰ ਵੱਲੋਂ ਊਰਜਾ ਦੇ ਗੈਰ-ਪਰੰਪਰਿਕ ਸਾਧਨਾਂ ਨੂੰ ਵਿਕਸਿਤ ਕਰਨ ਲਈ ਨੋਡਲ ਏਜੰਸੀ ਬਣਾਇਆ ਗਿਆ ਹੈ, ਜਿਸ ਦਾ ਮੁੱਖ ਮੰਤਵ ਊਰਜਾ ਦੇ ਨਵਿਆਉਣਯੋਗ ਸੋਮਿਆਂ ਸਬੰਧੀ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸੋਲਰ ਵਾਟਰ ਹੀਟਰ ਰਾਹੀਂ ਸਰਦੀਆਂ ਵਿੱਚ ਧੁੱਪ ਨਾਲ ਪਾਣੀ ਗਰਮ ਕੀਤਾ ਜਾ ਸਕਦਾ ਹੈ। ਇਸ ਉਪਰ ਸਰਕਾਰ ਵੱਲੋਂ ਪ੍ਰਤੀ 100 ਲੀਟਰ ਫਲੈਟ ਪਲੇਟ ਕੁਲੈਕਟਰ ਲਈ 6600/- ਰੁਪਏ ਅਤੇ ਈ.ਟੀ.ਸੀ. ਮਾਡਲ ਲਈ 4500/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਇਓਗੈਸ ਪਲਾਂਟ ਪੇਂਡੂ ਊਰਜਾ ਦਾ ਸਾਫ਼-ਸੁਥਰਾ ਅਤੇ ਵਧੀਆ ਸਾਧਨ ਹੈ। ਉਨ੍ਹਾਂ ਕਿਹਾ ਕਿ ਗੋਬਰ ਤੋਂ ਗੈਸ ਬਣਦੀ ਹੈ ਜੋ ਕਿ ਖਾਣਾ ਬਣਾਉਣ ਅਤੇ ਡੀਜਲ ਇੰਜਣ ਚਲਾਉਣ ਦੇ ਕੰਮ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬਣੀ ਖਾਦ ਬਹੁਤ ਤਾਕਤਵਰ ਹੁੰਦੀ ਹੈ। ਫੈਮਲੀ ਸਾਇਜ਼ ਬਾਇਓ ਗੈਸ ਪਲਾਂਟ 'ਤੇ 8000/- ਰੁਪਏ ਪ੍ਰਤੀ ਪਲਾਂਟ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਹੋ ਕੇ ਅਤੇ ਵੱਧ ਤੋਂ ਵੱਧ ਜਾਣਕਾਰੀ ਲੈ ਕੇ ਇਸ ਮੌਕੇ ਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ।

Post a Comment