ਮਾਨਸਾ, 24 ਨਵੰਬਰ ( ) : ਪੰਜਾਬ ਸਰਕਾਰ ਵੱਲੋਂ 3 ਲਗਾਏ ਗਏ ਦੋ ਦਿਨਾਂ ਮੈਗਾ ਮੈਡੀਕਲ ਕੈਂਪ ਦਾ ਹਜ਼ਾਰਾਂ ਮਰੀਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਕੇ ਲਾਹਾ ਲੈ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਪਿਛਲੇ ਦਿਨੀਂ ਲੱਗੇ ਮੈਗਾ ਮੈਡੀਕਲ ਦੇ ਮਰੀਜ਼ਾਂ ਨੂੰ ਜ਼ਿਲ੍ਹੇ ਦੇ ਤਿੰਨ ਹਸਪਤਾਲਾਂ, ਸਿਵਲ ਹਸਪਤਾਲ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿੱਚ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਬਲਾਕ ਖਿਆਲਾ ਕਲਾਂ ਦੇ ਹਸਪਤਾਲ ਤੋਂ ਵੀ ਮੁਫ਼ਤ ਦਵਾਈਆਂ ਮਿਲ ਰਹੀਆਂ ਹਨ। ਸ਼੍ਰੀ ਢਾਕਾ ਨੇ ਕਿਹਾ ਕਿ ਮਰੀਜਾਂ ਨੂੰ ਇਹ ਦਵਾਈਆਂ ਮੈਗਾ ਕੈਂਪ ਵਿੱਚ ਦਿੱਤੇ ਗਏ ਕਾਰਡਾਂ ਉਪਰ ਹੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਜੋ ਮਰੀਜ਼ ਕਿਸੇ ਕਾਰਨ ਮੈਗਾ ਕੈਂਪ ਵਿੱਚੋਂ ਦਵਾਈਆਂ ਨਹੀਂ ਲੈ ਸਕੇ ਤਾਂ ਹੁਣ ਉਹ ਇਹਨਾਂ ਹਸਪਤਾਲਾਂ ਵਿੱਚੋਂ ਦਵਾਈਆਂ ਪ੍ਰਾਪਤ ਕਰ ਸਕਦੇ ਹਨ ਅਤੇ ਇਹ ਦਵਾਈਆਂ ਉਹਨਾਂ ਮਰੀਜ਼ਾਂ ਨੂੰ ਤਿੰਨ ਮਹੀਨਿਆਂ ਤੱਕ ਇਹਨਾਂ ਹਸਪਤਾਲਾਂ ਤੋਂ ਮੁਫ਼ਤ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਾਕਟਰਾਂ ਵੱਲੋਂ ਇਹਨਾਂ ਮਰੀਜ਼ਾਂ ਦਾ ਸਮੇਂ-ਸਮੇਂ 'ਤੇ ਚੈਕਅਪ ਕੀਤਾ ਕੀਤਾ ਜਾ ਰਿਹਾ ਹੈ ਅਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਵੀ ਇਹਨਾਂ ਹਸਪਤਾਲਾਂ ਵਿੱਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਇਨ੍ਹਾਂ ਤਿੰਨਾਂ ਸਿਹਤ ਸੰਸਥਾਵਾਂ ਤੋਂ ਮੈਗਾ ਮੈਡੀਕਲ ਕੈਂਪ ਦੇ 1038 ਮਰੀਜ਼ ਇਸ ਦਾ ਲਾਹਾ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 4 ਮਰੀਜ਼ਾਂ ਦੇ ਆਪ੍ਰੇਸ਼ਨ, 19 ਮਰੀਜ਼ਾਂ ਦਾ ਅੱਖਾਂ ਦਾ ਇਲਾਜ, 142 ਮਰੀਜ਼ਾਂ ਦੇ ਦੰਦਾਂ ਦਾ ਇਲਾਜ, 72 ਮਰੀਜ਼ਾਂ ਦੇ ਐਕਸਰੇ, 258 ਮਰੀਜ਼ਾਂ ਦੇ ਲੈਬੋਰੇਟਰੀ ਟੈਸਟ ਅਤੇ 724 ਮਰੀਜ਼ਾਂ ਨੂੰ ਮੁਫ਼ਤ ਦਵਾਈ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੈਗਾ ਮੈਡੀਕਲ ਕੈਂਪ ਵਿੱਚ ਆ ਕੇ ਭੋਲੇ-ਭਾਲੇ ਲੋਕ, ਜਿਹੜੇ ਕਿ ਦੇਸੀ ਨੁਸਖਿਆਂ ਅਤੇ ਜਾਦੂ-ਟੂਣਿਆਂ ਵਿੱਚ ਪੈ ਕੇ ਆਪਣਾ ਪੈਸਾ ਤੇ ਸਮਾਂ ਬਰਬਾਦ ਕਰ ਰਹੇ ਸਨ, ਉਨ੍ਹਾਂ ਨੂੰ ਹੁਣ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਇਕ ਸੇਧ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਅਸਲ ਬਿਮਾਰੀ ਅਤੇ ਉਸਦੇ ਮੁਫ਼ਤ ਇਲਾਜ ਦਾ ਪਤਾ ਲੱਗਣ ਨਾਲ ਹੁਣ ਉਨ੍ਹਾਂ ਵਿੱਚ ਇਕ ਆਸ ਦੀ ਕਿਰਨ ਜਾਗ ਪਈ ਹੈ ਕਿ ਹੁਣ ਉਹ ਵੀ ਜਲਦੀ ਹੀ ਠੀਕ ਹੋ ਜਾਣਗੇ।
ਸ਼੍ਰੀ ਢਾਕਾ ਨੇ ਕਿਹਾ ਕਿ ਕੰਨਾ ਨਾਲ ਸਬੰਧਿਤ ਬਿਮਾਰੀ ਵਾਲੇ 6 ਮਰੀਜ਼, ਜਸਕਰਨ ਕੌਰ ਪੁੱਤਰੀ ਗੁਰਤੇਜ ਸਿੰਘ, ਗੁਰਸ਼ਰਨਪ੍ਰੀਤ ਸਿੰਘ ਪੁੱਤਰ ਤੇਜਿੰਦਰ ਸਿੰਘ, ਅਰਸ਼ਦੀਪ ਖਾਨ ਪੁੱਤਰ ਸਤਪਾਲ ਖਾਨ, ਹਰਪਿੰਦਰ ਸਿੰਘ ਪੁੱਤਰ ਨੈਬ ਸਿੰਘ, ਗੁਰਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਅਤੇ ਖੁਸ਼ਪ੍ਰੀਤ ਕੌਰ ਪੁੱਤਰੀ ਸਤਗੁਰ ਸਿੰਘ ਜੋ ਕਿ ਜਮਾਂਦਰੂ ਹੀ ਸੁਣਨ ਤੋਂ ਅਸਮਰਥ ਹਨ, ਉਨ੍ਹਾਂ ਦਾ ਵੀ ਜਲਦੀ ਹੀ ਅਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਇਲਾਜ ਸ਼ੁਰੂ ਹੋ ਜਾਵੇਗਾ, ਜਿਸ ਨਾਲ ਉਹ ਜਲਦੀ ਹੀ ਸੁਣਨ ਦੇ ਕਾਬਿਲ ਹੋ ਜਾਣਗੇ।

Post a Comment