ਮਾਨਸਾ, 22 ਅਕਤੂਬਰ ( ):ਫੌਜ ਵਿੱਚ ਕਲਰਕਾਂ ਦੀ ਭਰਤੀ 3 ਦਸੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਪਾਈਟ ਕੈਂਪ ਬੋੜਾਵਾਲ ਦੇ ਟ੍ਰੇਨਿੰਗ ਅਫ਼ਸਰ ਮੇਜਰ ਦਵਿੰਦਰਪਾਲ ਪੁਰੀ ਨੇ ਕਿਹਾ ਕਿ 3 ਦਸੰਬਰ ਨੂੰ ਲਧਿਆਣਾ ਵਿਖੇ ਹੋ ਰਹੀ ਇਸ ਭਰਤੀ ਵਿੱਚ ਉਮੀਦਵਾਰ ਦੀ ਉਮਰ ਭਰਤੀ ਕਾਰਵਾਈ ਵਾਲੇ ਦਿਨ ਸਾਢੇ 17 ਸਾਲ ਤੋਂ ਲੈਕੇ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਦਾ ਕੱਦ ਘੱਟੋ-ਘੱਟ 162 ਸੈਂਟੀਮੀਟਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਦਾ ਬਾਰ੍ਹਵੀਂ ਜਮਾਤ ਵਿੱਚ ਅੰਗਰੇਜੀ ਵਿਸ਼ੇ ਨਾਲ ਘੱਟੋ-ਘੱਟ 50 ਫੀਸਦੀ ਅੰਕ ਨਾਲ ਅਤੇ ਹਰ ਵਿਸ਼ੇ ਵਿੱਚੋਂ 40 ਫੀਸਦੀ ਅੰਕਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਸਵੀਂ ਜਾਂ ਬਾਰ੍ਹਵੀਂ ਜਮਾਤ ਵਿੱਚ ਗਣਿਤ ਵਿਸ਼ੇ ਵਿੱਚੋਂ ਉਮੀਦਵਾਰ 40 ਫੀਸਦੀ ਅੰਕਾਂ ਨਾਲ ਪਾਸ ਹੋਣਾ ਚਾਹੀਦਾ ਹੈ। ਮੇਜਰ ਪੁਰੀ ਨੇ ਕਿਹਾ ਕਿ ਪੰਜਾਬ ਦੇ ਯੁਵਕਾਂ ਦਾ ਸਿਖਲਾਈ ਅਤੇ ਰੋਜ਼ਗਾਰ ਕੇਂਦਰ (ਸੀ-ਪਾਈਟ) ਬੋੜਾਵਾਲ (ਮਾਨਸਾ) , ਜੋ ਕਿ ਪੰਜਾਬ ਸਰਕਾਰ ਦਾ ਇਕ ਅਦਾਰਾ ਹੈ, ਵਿਖੇ ਫੌਜ ਵਿੱਚ ਕਲਰਕ ਭਰਤੀ ਹੋਣ ਦੇ ਇਛੁੱਕ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਕਰਵਾਉਣ ਲਈ ਤਜ਼ਰਬੇਕਾਰ ਅਧਿਆਪਕਾਂ ਵੱਲੋਂ ਮੁਫ਼ਤ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਉਮੀਦਵਾਰਾਂ ਦੇ ਰਹਿਣ ਤੇ ਖਾਣ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਸਾ ਅਤੇ ਬਰਨਾਲਾ ਜ਼ਿਲ੍ਹੇ ਦੇ ਇਛੁੱਕ ਉਮੀਦਵਾਰ ਤੁਰੰਤ ਸੀ.ਪਾਈਟ ਦੇ ਬੋੜਾਵਾਲ ਕੈਂਪ, ਜੋ ਕਿ ਭੀਖੀ ਤੋਂ 9 ਕਿਲੋਮੀਟਰ ਦੂਰ ਬੁਢਲਾਡਾ ਸੜਕ 'ਤੇ ਹੈ, ਵਿਖੇ ਪਹੁੰਚ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।
Post a Comment