ਮੋਗਾ, 21 ਅਕਤੂਬਰ (ਸਵਰਨ ਗੁਲਾਟੀ) : ਮੋਗਾ-ਕੋਟਕਪੂਰਾ ਹਾਈਵੇ ਰੋਡ ’ਤੇ ਚੰਦ ਪੁਰਾਣਾ ਕੋਲ ਲੱਗੇ ਟੋਲ ਪਲਾਜ਼ਾ ’ਤੇ ਆਮ ਰਾਹਗੀਰਾਂ ਦੀ ਹੁੰਦੀ ਰੋਜ਼ਾਨਾ ਦੀ ਲੁੱਟ-ਖਸੁੱਟ ਨੂੰ ਰੋਕਣ ਲਈ ਪ੍ਰਸ਼ਾਸ਼ਨ ਸੰਜੀਦਾ ਨਹੀਂ ਜਾਪ ਰਿਹਾ ਹੈ, ਕਿਉਂਕਿ ਪਹਿਲਾਂ ਵੀ ਕਈ ਵਾਰ ਇਹ ਮਾਮਲਾ ਮੋਗਾ ਜਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਾਈਵੇਟ ਬੱਸ ਉਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਰੋਤਮ ਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਇਸ ਮਾਮਲੇ ’ਤੇ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਨੁਕਤਾਚੀਨੀ ਕਰਦਿਆਂ ਕਿਹਾ ਕਿ ਟੋਲ ਪਲਾਜ਼ਾ ਵੱਲੋਂ ਥਾਂ-ਥਾਂ ਲਿੰਕ ਰੋਡਾਂ ’ਤੇ ਵੀ ਨਾਕੇ ਲਾ ਕੇ ਸੜਕ ਦੀ ਸਾਂਭ-ਸੰਭਾਲ ਦੇ ਨਾਂ ’ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਸੀ ਤਾਂ ਇਹ ਮਾਮਲਾ ਪ੍ਰਾਈਵੇਟ ਬੱਸ ਉਪਰੇਟਰ ਐਸੋਸੀਏਸ਼ਨ ਨੇ ਕਈ ਵਾਰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਅਤੇ ਇਸ ਸਬੰਧੀ ਆਰ. ਟੀ. ਆਈ. ਐਕਟ ਅਧੀਨ ਜਾਣਕਾਰੀ ਵੀ ਮੰਗੀ ਗਈ ਸੀ। ਜਿਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਲਿੰਕ ਰੋਡਾਂ ’ਤੇ ਇਹ ਟੋਲ ਪਲਾਜ਼ੇ ਦੇ ਨਾਕੇ ਨਹੀਂ, ਬਲਕਿ ਚੈਕ ਪੋਸਟਾਂ ਹਨ ਅਤੇ ਇੱਥੇ ਕਿਸੇ ਵੀ ਕਿਸਮ ਦੀ ਵਸੂਲੀ ਨਹੀਂ ਕੀਤੀ ਜਾ ਸਕਦੀ ਅਤੇ ਇਸ ਮਾਮਲੇ ਦੀ ਜਾਂਚ ਸਾਬਕਾ ਏ. ਡੀ. ਸੀ. ਮਹਿੰਦਰ ਸਿੰਘ ਕੈਂਥ ਵੱਲੋਂ ਕੀਤੀ ਗਈ ਸੀ। ਪਰ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਕੋਈ ਠੋਸ ਨਤੀਜਾ ਨਾ ਦੇ ਸਕੀ। ਪਰ ਐਸੋਸੀਏਸ਼ਨ ਨੇ ਆਪਣੇ ਦਮ ’ਤੇ ਨਾਕਿਆਂ ਨੂੰ ਬੰਦ ਕਰਾਇਆ। ਉਨ੍ਹਾਂ ਅੱਗੇ ਕਿਹਾ ਕਿ ਐਸੋਸੀਏਸ਼ਨ ਨੇ ਟੋਲ ਪਲਾਜ਼ਾ ਵੱਲੋਂ ਲੱਖਾਂ ਦੀ ਕੀਤੀ ਜਾ ਰਹੀ ਕਥਿਤ ਬਿਜਲੀ ਚੋਰੀ ਬਾਰੇ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ, ਪਰ ਪ੍ਰਸ਼ਾਸ਼ਨ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਪਰ ਪੁਰੀ ਨੇ ਇਸ ਗੱਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਆਮ ਆਦਮੀ ਦੇ ਮੀਟਰ ਦੀ ਸੀਲ ਵੀ ਟੁੱਟੀ ਹੋਵੇ ਤਾਂ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਬਹੁਤ ਵੱਡਾ ਚੋਰ ਸਮਝਿਆ ਜਾਂਦਾ ਹੈ। ਪਰ ਇਸ ਦੇ ਐਨ ਉਲਟ ਟੋਲ ਪਲਾਜ਼ਾ ਵੱਲੋਂ ਕੁੰਡੀ ਲਾ ਕੇ ਸ਼ਰੇਆਮ ਕੀਤੀ ਬਿਜਲੀ ਦੀ ਚੋਰੀ ’ਤੇ ਪ੍ਰਸ਼ਾਸ਼ਨ ਦੇ ਦੋਹਰੇ ਮਾਪਦੰਡਾਂ ਦੇ ਸੰਕੇਤ ਨਜ਼ਰ ਆ ਰਹੇ ਹਨ। ਸ੍ਰੀ ਪੁਰੀ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਟੋਲ ਪਲਾਜ਼ਾ ਵੱਲੋਂ ਜੇਕਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਇਸ ਦੀ ਸਕਿਊਰਟੀ ਜਬਤ ਕਰਕੇ ਇਸ ਨੂੰ ਚੁਕਾ ਦੇਣਾ ਚਾਹੀਦਾ ਹੈ। ਸ੍ਰੀ ਨਰੋਤਮ ਪੁਰੀ ਨੇ ਲੋਕ ਹਿੱਤਾਂ ਦੀ ਰਾਖੀ ਕਰਨ ਲਈ ਚੰਗੇ ਲੋਕਾਂ ਦੇ ਸਹਿਯੋਗ ਨਾਲ ਲੋਕ ਭਲਾਈ ਮੰਚ ਬਣਾ ਕੇ ਸਮਾਜ ਵਿੱਚ ਹੋ ਰਹੇ ਅਜਿਹੇ ਲੋਕ ਮਾਰੂ ਮੁੱਦਿਆਂ ਲਈ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ।
Post a Comment