ਬੱਧਨੀ ਕਲਾਂ 23 ਨਵੰਬਰ ( ਚਮਕੌਰ ਲੋਪੋਂ )ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਜਨਮ ਭੂਮੀ ਅਤੇ ਗਦਰੀ ਬਾਬਿਆਂ ਦੀ ਧਰਤੀ ਇਤਿਹਾਸਕ ਪਿੰਡ ਢੁੱਡੀਕੇ ਨੂੰ ਪਿਛਲੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਨੇ ਵਿਕਾਸ ਸਕੀਮ ਅਧੀਨ, ਲਾਲਾ ਲਾਜਪਤ ਰਾਏ ਦਾ ਪਿੰਡ ਹੋਣ ਕਰਕੇ ਗੋਦ ਲਿਆ ਹੈ ਅਤੇ ਇਸੇ ਤਹਿਤ ਹੀ ਬੈਂਕ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ’ਚ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿੱਚ ਪੀ. ਐਨ. ਬੀ. ਦੇ ਸਰਕਲ ਹੈਡ ਏ. ਕੇ. ਆਹਲੂਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਜ਼ੌਰਮ ਬੇਦਾ ਆਈ. ਏ. ਐਸ. ਨੇ ਮੁਫਤ ਕੈਂਪ ਦਾ ਉਦਘਾਟਨ ਕੀਤਾ। ਇਸ ਕੈਂਪ ’ਚ ਬੱਚਿਆਂ ਦੀਆਂ ਅੱਖਾਂ, ਦੰਦਾਂ, ਜਨਰਲ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਹੋਮਿਓਪੈਥਿਕ ਡਾਕਟਰਾਂ ਨੇ ਵੀ ਬੱਚਿਆਂ ਦੀ ਮੁਫਤ ਜਾਂਚ ਕੀਤੀ। ਇਸਤੋਂ ਇਲਾਵਾ ਬੈਂਕ ਵੱਲੋਂ ਸਰਕਾਰੀ ਸਕੂਲ ਨੂੰ ਪੰਜ ਕੰਪਿਊਟਰ ਅਤੇ ਕਮਿਊਨਟੀ ਸੈਂਟਰ ਨੂੰ 100 ਕੁਰਸੀਆਂ ਦਾਨ ਵਜੋਂ ਦਿੱਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜ਼ੌਰਮ ਬੇਦਾ ਨੇ ਢੁੱਡੀਕੇ ਪਿੰਡ ਨੂੰ ਬੈਂਕ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਪ੍ਰਸੰਸਾ ਕਰਦਿਆਂ, ਬੈਂਕ ਅਧਿਕਾਰੀਆਂ ਨੂੰ ਢੁੱਡੀਕੇ ਵਾਂਗ ਹੋਰ ਪਿੰਡ ਵੀ ਅਪਨਾਉਣ ਦੀ ਅਪੀਲ ਕੀਤੀ। ਪੀ. ਐਨ. ਬੀ. ਦੇ ਸਰਕਲ ਹੈਡ ਏ. ਕੇ. ਆਹਲੂਵਾਲੀਆ ਨੇ ਬੈਂਕ ਵੱਲੋਂ ਗ੍ਰਾਮੀਣ ਖੇਤਰ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਕੀਮਾਂ ਬਾਰੇ ਵਿਸਥਾਰ ਸਹਿਤ ਦੱਸਿਆ। ਇਸ ਮੌਕੇ ਸਰਪੰਚ ਜਗਤਾਰ ਸਿੰਘ ਧਾਲੀਵਾਲ, ਮਾਸਟਰ ਗੁਰਚਰਨ ਸਿੰਘ, ਰਣਜੀਤ ਸਿੰਘ ਧੰਨਾ, ਨਛੱਤਰ ਸਿੰਂਘ ਛੱਤੀ, ਡਾ. ਰੁਪਿੰਦਰ ਕੌਰ, ਐਸ. ਕੇ. ਸ਼ਰਮਾ, ਆਰ. ਸੀ ਸਰੋਆ, ਜੇ. ਐਸ. ਸੰਧੂ ਆਦਿ ਬੈਂਕ ਅਧਿਕਾਰੀ ਹਾਜ਼ਰ ਸਨ।

Post a Comment