ਤਲਵੰਡੀ ਸਾਬੋ 21 ਨਵੰਬਰ (ਰਣਜੀਤ ਸਿੰਘ ਰਾਜੂ) ਨਵੰਬਰ 1984 ਨੂੰ ਵਾਪਰੇ ਸਿੱਖ ਕਤਲੇਆਮ ਕਾਂਡ ਦੀ ਗੂੰਜ ਅੱਜ ਹਿਸਾਰ ਦੇ ਕੋਰਟ ਕੰਪਲੈਕਸ ਵਿੱਚ ਗੂੰਜੀ । ਪੀੜਤ ਪਰਿਵਾਰਾਂ ਨੇ ਆਪਣੀ ਦਰਦ ਭਰੀ ਵਿੱਥਿਆ ਟੀ.ਪੀ.ਗਰਗ ਕਮਿਸ਼ਨ ਅੱਗੇ ਸੁਣਾਈ । ਕਮਿਸ਼ਨ ਅੱਗੇ ਪੇਸ਼ ਹੁੰਦਿਆਂ ਅਮਰਜੀਤ ਸਿੰਘ ਪੁੱਤਰ ਸ਼ਾਂਤੀ ਬਾਈ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਅੱਠ ਜੀਅ ਗੁਆ ਚੁੱਕਾ ਹੈ ਜਿਸ ਵਿੱਚ ਉਸ ਦਾ ਨਾਨਾ ਗੁਰਦਿਆਲ ਸਿੰਘ, ਨਾਨੀ ਜਮਨਾ ਬਾਈ, ਤਿੰਨ ਮਾਸੀਆਂ ਜੋਗਿੰਦਰ ਕੌਰ, ਜਸਬੀਰ ਕੌਰ, ਸੁਨੀਤਾ ਅਤੇ ਤਿੰਨ ਮਾਮੇ ਗਿਆਨ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ ਨੂੰ ਅੱਖਾ ਸਾਹਮਣੇ ਤੜਫਦੇ ਅਤੇ ਮਰਦੇ ਦੇਖਿਆ ਹੈ । ਉਸ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ । ਉਸ ਨੇ ਜੱਜ ਸਾਹਮਣੇ ਸਬੂਤਾ ਸਮੇਤ ਹਲਫੀਆ ਬਿਆਨ ਰਾਂਹੀ ਬੇਧੜਕ ਹੋ ਕੇ ਗਵਾਹੀ ਦਿਤੀ । ਜੱਜ ਸਾਹਿਬ ਨੇ ਸਾਰੀਆਂ ਦੋਸ਼ੀ ਧਿਰਾਂ ਨੂੰ ਆਪਣੀ ਸਫਾਈ ਪੇਸ਼ ਕਰਨ ਲਈ ਸੰਮਣ ਜਾਰੀ ਕੀਤੇ ।ਸੁਣਵਾਈ ਦੌਰਾਨ ਨਾਥੂ ਰਾਮ ਜਿਸ ਨੇ 23 ਏਕੜ ਜਮੀਨ ਸਿੱਖਾਂ ਤੋਂ ਕੌਡੀਆਂ ਭਾਅ ਖਰੀਦੀ ਸੀ ਨੇ ਜੱਜ ਸਾਹਿਬ ਨੂੰ ਦੱਸਿਆਂ ਕਿ ਉਸ ਨੇ ਹਵੇਲੀਆਂ ਖਰੀਦੀਆਂ ਹਨ ਅਤੇ ਉਹ ਦੀਵਾਰ ਡੇਗਣੀ ਚਾਹੁੰਦਾ ਹੈ ਤਾਂ ਜੋ ਖੇਤ ਦੇ ਨਾਲ਼ ਮਿਲਾ ਵਾਹੀਯੋਗ ਬਣਾ ਸਕੇ । ਇਸ ਤੇ ਜੱਜ ਸਾਹਿਬ ਨੇ ਸਖਤ ਪ੍ਰਤੀਕਰਮ ਦਿੰਦਿਆ ਕਿਹਾ ਕਿ ਉਸ ਜਗਾ ਨੂੰ ਸੀਲ ਕੀਤਾ ਹੋਇਆ ਹੈ ਕੋਈ ਵੀ ਉਹਨਾਂ ਖੰਡਰਾਂ ਨਾਲ਼ ਛੇੜਛਾੜ ਨਹੀਂ ਕਰ ਸਕਦਾ । ਇਸੇ ਸਬੰਧੀ ਜੱਜ ਸਾਹਿਬ ਨੇ ਕਾਨੂੰਗੋ ਨੂੰ ਰਿਕਾਰਡ ਬਾਰੇ ਪੁੱਛਿਆ। ਰਿਕਾਰਡ ਦਿਖਾਉਣ ਤੋਂ ਅਸਮਰੱਥ ਰਹਿਣ ਕਾਰਨ ਜੱਜ ਸਾਹਿਬ ਨੇ ਉਸ ਨੂੰ ਖੂਬ ਝਾੜ ਪਾਈ ਅਤੇ ਕਿਹਾ ਕਿ ਅਗਰ ਅਗਲੀ ਪੇਸ਼ੀ ਤੇ ਰਿਕਾਰਡ ਨਾ ਪੇਸ਼ ਕੀਤਾ ਤਾਂ ਉਹ ਜੁਰਮਾਨਾ ਲਗਾ ਦੇਣਗੇ । ਕੇਸਾਂ ਦੀਆਂ ਫਾਈਲਾਂ ਜਿਆਦਾ ਹੋਣ ਕਾਰਨ ਜੱਜ ਸਾਹਿਬ ਨੇ ਕੇਸ ਵਾਈਜ ਅਗਲੀਆਂ ਤਾਰੀਕਾਂ ਦੇ ਦਿਤੀਆਂ ਜਿਸ ਅਨੁਸਾਰ 30-11-2012 ਨੂੰ ਗੁੜਗਾਵਾ ਦੇ 118 ਕੇਸ, 12-12-2012 ਨੂੰ ਹੋਂਦ ਚਿੱਲੜ ਦਾ ਮੌਜੂਦਾ ਕੇਸ, 28-12-2012 ਨੂੰ ਪਟੌਦੀ ਦੇ 43 ਕੇਸ, 31-12-2012 ਨੂੰ ਗੁੜਗਾਵਾਂ ਦੇ 14 ਕੇਸ ਅਤੇ 22-01-2013 ਨੂੰ ਗੁੜਗਾਵਾਂ ਦੇ 13 ਕੇਸਾਂ ਦੀ ਸੁਣਵਾਈ ਹੋਵੇਗੀ । ਇਸ ਸਮੇਂ ਪੀੜਤਾਂ ਨਾਲ਼ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆਂ ਨੇ ਕਿਹਾ ਕਿ 28 ਸਾਲਾਂ ਬਾਅਦ ਅਸੀਂ ਮਾਰਨ ਵਾਲੀ ਭੀੜ ਦਾ ਨਾਮ ਕਿਵੇਂ ਦੱਸ ਸਕਦੇ ਹਾਂ ? ਦੋਸ਼ੀਆਂ ਦੇ ਨਾਵਾਂ ਦਾ ਪਤਾ ਲਗਾਉਣਾ ਹਰਿਆਣਾ ਸਰਕਾਰ, ਕੇਂਦਰ ਸਰਕਾਰ ਜਾਂ ਖੁਫੀਆਂ ਏਜੰਸੀਆਂ ਦੀ ਜਿੰਮੇਵਾਰੀ ਹੈ ਕਿਉਂਕਿ ਦਿਨ ਦਿਹਾੜੇ ਸਿੱਖਾਂ ਨੂੰ ਸੱਭ ਦੇ ਸਾਹਮਣੇ ਕੋਹ ਕੋਹ ਕੇ ਮਾਰਿਆ ਗਿਆ । ਪੀੜਤਾਂ ਅਤੇ ਤਾਲਮੇਲ ਕਮੇਟੀ ਮੈਂਬਰਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ , ਉਹਨਾਂ ਕਿਹਾ ਕਿ ਉਹ ਧਮਕੀਆਂ ਤੋਂ ਡਰਦੇ ਨਹੀਂ ,ਇਸੇ ਤਰਾਂ ਉਹਨਾਂ ਦੀ ਤਾਲਮੇਲ ਕਮੇਟੀ ਕੇਸਾਂ ਦੀ ਪੈਰਵਾਈ ਕਰਦੀ ਰਹੇਗੀ । ਇਸ ਸਮੇਂ ਉਹਨਾਂ ਨਾਲ਼ ਬਲਬੀਰ ਸਿੰਘ ਹਿਸਾਰ, ਹਰਮੇਲ ਸਿੰਘ ਸਮਾਧ ਭਾਈ, ਜੰਗੀਰ ਸਿੰਘ ਖਾਲਸਾ ਅਤੇ ਸ਼ੋਮਣੀ ਕਮੇਟੀ ਦੇ ਨੁਮਾਇੰਦੇ ਜਥੇਦਾਰ ਭਰਭੂਰ ਸਿੰਘ ਵੀ ਹਾਜਿਰ ਸਨ ।ਉਕਤ ਸਾਰੀ ਜਾਣਕਾਰੀ ਇੰਜੀ.ਮਨਜਿੰਦਰ ਸਿੰਘ ਗਿਆਸਪੁਰਾ ਵੱਲੋਂ ਮੁਹੱਈਆ ਕਰਵਾਈ ਗਈ।


Post a Comment