ਲੁਧਿਆਣਾ, (ਸਤਪਾਲ ਸੋਨ9 ) ਸ੍ਰ. ਪਰਮਜੀਤ ਸਿੰਘ ਔਜਲਾ ਪ੍ਰਿੰਸੀਪਲ ਸਕੱਤਰ ਖੇਡ ਵਿਭਾਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ 1 ਦਸੰਬਰ ਤੋ 15 ਦਸੰਬਰ ਤੱਕ ਕਰਵਾਏ ਜਾ ਰਹੇ ਤੀਜੇ ਵਿਸ਼ਵ ਕਬੱਡੀ ਕੱਪ ਦੇ ਸਾਰੇ ਪ੍ਰਬੰਧ ਮੁੰਕਮਲ ਕੀਤੇ ਜਾ ਰਹੇ ਹਨ। ਉਦਘਾਟਨੀ ਸਮਾਗਮ 1 ਦਸੰਬਰ ਨੂੰ ਬਠਿੰਡਾ ਵਿਖੇ ਹੋਵੇਗਾ, ਜਦ ਕਿ ਇਨਾਮ ਵੰਡ ਤੇ ਸਮਾਪਤੀ ਸਮਾਗਮ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 15 ਦਸੰਬਰ ਨੂੰ ਹੋਵੇਗਾ। ਸ੍ਰੀ ਔਜਲਾ ਅੱਜ ਗੁਰੂ ਨਾਨਕ
ਸਟੇਡੀਅਮ ਵਿਖੇ ਇਨਾਮ ਵੰਡ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਿਲਾ ਅਧਿਕਾਰੀਆਂ ਦੀ ਇੱਕ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿੱਚ ਸ੍ਰੀ ਈਸ਼ਵਰ ਸਿੰਘ ਪੁਲਿਸ ਕਮਿਸ਼ਨਰ, ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ, ਸ੍ਰੀ ਸ਼ਿਵ ਦੁਲਾਰ ਸਿੰਘ ਡਾਇਰੈਕਟਰ ਸਪੋਰਟਸ ਤੇ ਸ੍ਰੀ ਰਾਕੇਸ਼ ਵਰਮਾ ਕਮਿਸ਼ਨਰ ਨਗਰ ਨਿਗਮ ਵੀ ਹਾਜ਼ਰ ਸਨ। ਸ੍ਰੀ ਔਜਲਾ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਪਾਕਿਸਤਾਨੀ ਪੰਜਾਬ ਸੂਬੇ ਦੇ ਮੁੱਖ ਮੰਤਰੀ ਜਨਾਬ ਸਹਿਬਾਜ਼ ਸ਼ਰੀਫ ਹੋਣਗੇ। ਇਹਨਾਂ ਤੋ ਇਲਾਵਾ ਹੋਰਨਾਂ ਦੇਸ਼ਾਂ ਤੋ ਵੀ ਮੰਤਰੀ ਸਹਿਬਾਨ ਇਸ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਤੀਸਰੇ ਵਰਲਡ ਕਬੱਡੀ ਕੱਪ ਵਿੱਚ ਵਿਦੇਸ਼ਾਂ ਤੋ 16 ਮਰਦਾਂ ਦੀਆਂ ਟੀਮਾਂ ਅਤੇ 7 ਔਰਤਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸ ਵਰਲਡ ਕਬੱਡੀ ਕੱਪ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 2 ਕਰੋੜ ਰੁਪਏ, ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 1 ਕਰੋੜ ਰੁਪਏ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਕੰਮ ਤੁਰੰਤ ਮੁਕੰਮਲ ਕਰਨ। ਉਹਨਾਂ ਕਿਹਾ ਕਿ ਇਸ ਇਨਾਮ ਵੰਡ ਸਮਾਗਮ ਵਿੱਚ ਵੀ.ਵੀ.ਆਈ.ਪੀਜ਼, ਵੀ.ਆਈ.ਪੀਜ਼, ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਪੁੱਜਣਗੇ, ਜਿਸ ਨੂੰ ਦੇਖਦੇ ਹੋਏ ਹਰ ਪਹਿਲੂ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਮਾਗਮ ਦੇ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਦਾ ਗਠਿਨ ਕੀਤਾ ਗਿਆ ਹੈ ਜਿਹਨਾਂ ਵਿੱਚ ਸਵਾਗਤੀ ਕਮੇਟੀ, ਪ੍ਰੋਟੋਕਾਲ ਕਮੇਟੀ, ਰਿਫੈਰਸ਼ਮੈਟ ਕਮੇਟੀ, ਵੈਨਿਊ ਕਮੇਟੀ, ਟਰਾਂਸਪੋਰਟ ਕਮੇਟੀ, ਮੀਡੀਆ ਕਮੇਟੀ, ਖਿਡਾਰੀਆਂ ਦੇ ਠਹਿਰਾਓ ਲਈ ਕਮੇਟੀ ਦਾ ਗਠਿਨ ਕਰ ਦਿੱਤਾ ਗਿਆ ਹੈ।
ੲਸ ਮੌਕੇ ਤੇ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਸ.ਡੀ.ਐਮ. ਪੱਛਮੀ, ਸ੍ਰੀ ਅਜੇ ਸੂਦ ਐਸ.ਡੀ.ਐਮ. ਪੂਰਬੀ, ਸ੍ਰੀ ਕਰਤਾਰ ਸਿੰਘ ਜਿਲਾ ਸਪੋਰਟਸ ਅਫਸਰ, ਸ੍ਰੀ ਸੁਭਾਸ਼ ਬੱਤਾ ਸਿਵਲ ਸਰਜ਼ਨ ਅਤੇ ਸ੍ਰੀ ਮਨਪ੍ਰੀਤ ਸਿੰਘ ਛਤਵਾਲ ਜਿਲਾ ਟਰਾਂਸਪੋਰਟ ਅਫਸਰ ਹਾਜ਼ਰ ਸਨ।
- ਸ੍ਰ. ਪਰਮਜੀਤ ਸਿੰਘ ਔਜਲਾ ਪ੍ਰਿੰਸੀਪਲ ਸਕੱਤਰ ਖੇਡ ਵਿਭਾਗ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਤੀਜੇ ਵਿਸ਼ਵ ਕਬੱਡੀ ਕੱਪ ਦੇ ਪ੍ਰਬੰਧਾਂ ਸਬੰਧੀ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
Post a Comment