ਸ਼ਾਹਕੋਟ, 17 ਨਵੰਬਰ (ਸਚਦੇਵਾ) ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਖਜ਼ਾਨਚੀ ਸੁਖਜਿੰਦਰ ਲਾਲੀ ਅਤੇ ਕਮੇਟੀ ਮੈਂਬਰ ਹਰਭਜਨ ਸਿੰਘ ਨੇ ਦੱਸਿਆ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਹੱਕੀ ਮੰਗਾਂ ਲਈ 20 ਨਵੰਬਰ ਨੂੰ ਨਕੋਦਰ ਅਤੇ 21 ਨਵੰਬਰ ਨੂੰ ਸ਼ਾਹਕੋਟ ਦੇ ਬੀ.ਡੀ.ਪੀ.ਓ. ਦਫ਼ਤਰਾਂ ਮੁਹਰੇ ਧਰਨੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਧਰਨਿਆਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਉਨਾਂ ਕਿਹਾ ਕਿ ਲਗਾਤਾਰ ਦੂਜੀ ਵਾਰ ਸਤਾ ਵਿੱਚ ਆਈ ਅਕਾਲੀ-ਭਾਜਪਾ ਸਰਕਾਰ ਨੇ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਮਜ਼ਦੂਰਾਂ ਨੂੰ ਪਲਾਟ ਦੇਣ ਦੇ ਵਾਅਦੇ ਕੀਤੇ ਸਨ, ਜਿਸ ਬਾਰੇ ਪੰਜਾਬ ਦੀਆਂ ਸੰਘਰਸ਼ਸ਼ੀਲ ਸਤਾਰਾਂ ਜਥੇਬੰਦੀਆਂ ਦੇ ਸੰਘਰਸ਼ ਦੌਰਾਨ ਵੀ ਮੁੱਖ ਮੰਤਰੀ ਬੇਜ਼ਮੀਨੇ ਮਜ਼ਦੂਰਾਂ ਦੀ ਇਹ ਮੰਗ ਮੰਨ ਚੁੱਕੇ ਹਨ, ਪਰ ਇਸਦੇ ਬਾਵਜੂਦ ਇਸ ਗੱਲ ਵੱਲ ਅਜੇ ਤੱਕ ਸਰਕਾਰ ਵੱਲੋਂ ਅਮਲ ਨਹੀਂ ਕੀਤਾ ਗਿਆ । ਉਨਾਂ ਕਿਹਾ ਕਿ ਬੇਜ਼ਮੀਨੇ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ ਲਈ ਇਹ ਧਰਨੇ ਦਿੱਤੇ ਜਾ ਰਹੇ ਹਨ । ਉਨਾਂ ਕਿਹਾ ਕਿ ਦੋਹਾਂ ਬਲਾਕਾਂ ਦੇ ਖੇਤ ਮਜ਼ਦੂਰਾਂ ਵੱਲੋਂ ਵਿਹੜਾ ਮੀਟਿੰਗਾਂ ਕਰਕੇ ਮਜ਼ਦੂਰਾਂ ਨੂੰ ਧਰਨੇ ਲਈ ਲਾਮਬੰਦ ਕੀਤਾ ਗਿਆ ਹੈ । ਉਨਾਂ ਇਲਾਕੇ ਦੇ ਬੇਜ਼ਮੀਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਇਨਾਂ ਧਰਨਿਆਂ ਵਿੱਚ ਵੱਧ-ਚੜ ਕੇ ਸ਼ਾਮਲ ਹੋਣ ।

Post a Comment