ਲੁਧਿਆਣਾ, ( ਸਤਪਾਲ ਸੋਨ9 ) ਪੰਜਾਬ ਸਰਕਾਰ ਵੱਲੋਂ 25 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੇ ਸਾਰੇ ਸ਼ਹਿਰਾਂ ਨੂੰ ਚਾਰ ਤੇ ਛੇ ਮਾਰਗੀ ਸੜਕਾਂ ਨਾਲ ਜੋੜਨ ਦੀ ਇੱਕ ਵਿਆਪਕ ਯੋਜਨਾ ਉਲੀਕੀ ਗਈ ਹੈ, ਜਿਸ ਨਾਲ ਰਾਜ ਦੇਸ਼ ਦਾ ਉਹ ਪਹਿਲਾ ਸੂਬਾ ਹੋਵੇਗਾ ਜਿਸਦੇ ਸਾਰੇ ਸ਼ਹਿਰ 4/6 ਮਾਰਗੀ ਸੜਕਾਂ ਨਾਲ ਜੁੜੇ ਹੋਣਗੇ। ਇਹ ਵਿਚਾਰ ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਅੱਜ ਮਿੰਨੀ ਸਕੱਤਰੇਤ ਦੇ ਬਾਹਰ ਫ਼ਿਰੋਜ਼ਪੁਰ ਰੋਡ ’ਤੇ 3.25 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ 44 ਮੀਟਰ ਲੰਬੇ ਅਤੇ 12 ਮੀਟਰ ਚੌੜੇ ਜ਼ਮੀਨ-ਦੋਜ਼ ਲਾਂਘੇ (ਅੰਡਰ ਪਾਥ) ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ. ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਲੋਕਾਂ ਦੇ ਸੁਪਨਿਆਂ ਦਾ ਪੰਜਾਬ ਬਨਾਉਣ ਲਈ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਸ਼ਹਿਰਾਂ ‘ਚ ਟ੍ਰੈਫ਼ਿਕ ਨੂੰ ਘਟਾਉਣ ਲਈ ਰਿੰਗ ਸੜਕਾਂ ਬਨਾਉਣ ਦੀ ਯੋਜਨਾ ਵੀ ਉਲੀਕੀ ਗਈ ਹੈ, ਜਿਸ ਤਹਿਤ ਮੁੱਖ ਸ਼ਹਿਰਾਂ ਦੇ ਆਲੇ-ਦੁਆਲੇ ਅਤੇ ਸ਼ਹਿਰਾਂ ਅੰਦਰਲੀ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਤੇ ਘਟਾਉਣ ਲਈ ਰਿੰਗ ਸੜਕਾਂ ਬਣਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਦਿਹਾਤੀ ਲਿੰਕ ਸੜਕ ਨੈਟਵਰਕ ‘ਚ ਹੋਰ ਸੁਧਾਰ ਲਿਆਉਣ ਲਈ 350 ਕਰੋੜ ਰੁਪਏ ਦੀ ਲਾਗਤ ਨਾਲ 400 ਕਿਲੋਮੀਟਰ ਲਿੰਕ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਇਹ ਕੰਮ ਇਸ ਵਿੱਤੀ ਸਾਲ ਦੇ ਅੰਦਰ ਮਕੁੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਅੰਡਰ ਪਾਥ ਦੇ ਸ਼ੁਰੂ ਹੋਣ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਉਹਨਾਂ ਦੱਸਿਆ ਕਿ ਇਸੇ ਤਰ•ਾਂ ਫ਼ਿਰੋਜ਼ਪੁਰ ਰੋਡ, ਅਗਰ ਨਗਰ ਦੇ ਨੇੜੇ ਅੰਡਰ ਪਾਥ ਬਣ ਰਿਹਾ ਹੈ, ਜੋ ਕਿ 2 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਹਨਾਂ ਕਿਹਾ ਕਿ ਬੱਸ ਸਟੈਡ ਦੇ ਨੇੜੇ ਵੀ ਜਲਦੀ ਹੀ ਅੰਡਰ-ਪਾਥ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸਨਅੱਤੀ ਸ਼ਹਿਰ ਲੁਧਿਆਣਾ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰਕੇ ਕਈ ਵਿਕਾਸ ਪ੍ਰੋਜੈਕਟ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਇਹਨਾਂ ਵਿਕਾਸ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਅਗਲੇ ਦੋ ਸਾਲਾਂ ਵਿੱਚ ਦੇਸ਼ ਦੇ ਇੱਕ ਵਿਕਸਤ ਸ਼ਹਿਰ ਵੱਜੋਂ ਉ¤ਭਰ ਕੇ ਵਿਸ਼ਵ ਦੇ ਨਕਸ਼ੇ ‘ਤੇ ਆਵੇਗਾ। ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਛੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਪਟਿਆਲਾ ਅਤੇ ਪਠਾਨਕੋਟ ਦੀ ਵਿਆਪਕ (ਮੋਬੈਲਟੀ) ਗਤੀਸ਼ੀਲਤਾ ਯੋਜਨਾ ਉਲੀਕੀ ਗਈ ਹੈ ਅਤੇ ਇਹ ਯੋਜਨਾ ਸ਼ਹਿਰ ਦੇ ਆਉਂਦੇ 50 ਸਾਲਾਂ ਤੱਕ ਵਧਣ ਵਾਲੇ ਟ੍ਰੈਫ਼ਿਕ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਉਹਨਾਂ ਦੱਸਿਆ ਕਿ ਚੰਡੀਗੜ• ਅਤੇ ਲੁਧਿਆਣਾ ਵਿਚਲੇ ਅਹਿਮ ਕੌਮੀ ਸ਼ਾਹ ਮਾਰਗ ਦੇ ਅੱਠ-ਮਾਰਗੀਕਰਨ ਲਈ ਪ੍ਰਵਾਨਗੀ ਵੀ ਪ੍ਰਾਪਤ ਹੋ ਚੁੱਕੀ ਹੈ। ਇਸ ਮੌਕੇ ਤੇ ਸ੍ਰ. ਹਰਚਰਨ ਸਿੰਘ ਗੋਹਲਵੜੀਆ ਮੇਅਰ ਨਗਰ ਨਿਗਮ, ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ ਤੇ ਸ੍ਰ. ਰਣਜੀਤ ਸਿੰਘ ਢਿੱਲੋਂ (ਦੋਵੇ ਐਮ.ਐਲ.ਏ), ਸ੍ਰ. ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ, ਸ੍ਰੀ ਰਾਕੇਸ਼ ਵਰਮਾ ਕਮਿਸ਼ਨਰ ਨਗਰ ਨਿਗਮ, ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ, ਸ੍ਰੀ ਈਸ਼ਵਰ ਸਿੰਘ ਪੁਲਿਸ ਕਮਿਸ਼ਨਰ, ਸ੍ਰੀ ਪ੍ਰਵੀਨ ਬਾਂਸ਼ਲ ਜਿਲਾ ਪ੍ਰਧਾਨ ਬੀਜੇ.ਪੀ., ਸ੍ਰੀ ਹਰਭਜ਼ਨ ਸਿੰਘ ਡੰਗ, ਸ੍ਰੀ ਸਵਰਨ ਸਿੰਘ ਮਹੌਲੀ, ਸ੍ਰੀ ਇੰਦਰਜੀਤ ਸਿੰਘ ਗਿੱਲ ਤੇ ਸ੍ਰੀ ਰਘਬੀਰ ਸਿੰਘ ਬੀਰਾ (ਸਾਰੇ ਕੌਸਲਰ), ਸ੍ਰੀ ਜਤਿੰਦਰਪਾਲ ਸਿੰਘ ਸਲੂਜ਼ਾ, ਸ੍ਰੀ ਕੁਲਵਿੰਦਰ ਸਿੰਘ ਦਹੀ, ਨਗਰ ਨਿਗਮ ਦੇ ਨਿਗਰਾਨ ਇੰਜਨੀਅਰ ਸ੍ਰੀ ਐਚ.ਐਸ.ਖੋਸਾ, ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜਨੀਅਰ ਸ੍ਰੀ ਵੀ.ਐਸ.ਢੀਂਡਸਾ, ਕਾਰਜਕਾਰੀ ਇੰਜਨੀਅਰ ਸ੍ਰੀ ਗੁਰਸੇਵਕ ਸਿੰਘ ਸੰਘਾ, ਸ੍ਰੀ ਚਰਨਜੀਤ ਸਿੰਘ ਬੈਂਸ ਤੇ ਸ੍ਰੀ ਜੇ.ਐਸ.ਤੁੰਗ, ਸ੍ਰੀ ਸਹਿਜਪ੍ਰੀਤ ਸਿੰਘ ਮਾਂਗਟ ਤੇ ਸ੍ਰੀ ਸੁਰਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

Post a Comment