ਕੋਟਕਪੂਰਾ 20 ਨਵੰਬਰ ( ਜੇ ਆਰ ਅਸਕ ) ਮਾਲਵੇ ਦੀ ਪ੍ਰਸਿੱਧ ਅਨਾਜ ਮੰਡੀ ਕੋਟਕਪੂਰਾ ਵਿੱਚ ਅੱਜ ਬਾਸਮਤੀ 2938 ਰੁਪੈ ਪ੍ਰਤੀ ਕੁਇੰਟਲ ਦੇ ਹਿਸਾਬ ਵਜੋ ਵਿਕੀ, ਜੋ ਕਿ ਸਾਰੇ ਪੰਜਾਬ ਵਿੱਚੋ ਬਾਸਮਤੀ ਦਾ ਸਭ ਤੋਂ ਵੱਧ ਰੇਟ ਕਿਸਾਨਾਂ ਨੂੰ ਮਿਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਚਮਕ ਦਿਖਾਈ ਦੇ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਬੀਰ ਸਿੰਘ ਮੱਤਾ ਸਕੱਤਰ ਮਾਰਕਿਟ ਕਮੇਟੀ ਕੋਟਕਪੂਰਾ ਨੇ ਦੱਸਿਆ ਕਿ ਕੋਟਕਪੂਰਾ ਮੰਡੀ ਵਿੱਚ ਬਾਸਮਤੀ 1121 ਦੀ ਆਮਦ ਹੁਣ ਰਫ਼ਤਾਰ ਫੜ੍ਹ ਚੁੱਕੀ ਹੈ । ਇਸ ਮੰਡੀ ਵਿੱਚ ਬਹੁਤ ਸਾਰੇ ਬਾਹਰਲੇ ਵਪਾਰੀਆਂ ਵੱਲੋਂ ਬਾਸਮਤੀ 1121 ਦੀ ਖਰੀਦ ਕਰਨ ਆਉਣ ਕਰਕੇ ਕਿਸਾਨਾਂ ਨੂੰ ਲਾਹੇਵੰਦਾਂ ਰੇਟ ਮਿਲ ਰਿਹਾ ਹੈ । ਸਕੱਤਰ ਮੱਤਾ ਨੇ ਦੱਸਿਆ ਕਿ ਅੱਜ ਤੱਕ 1 ਲੱਖ 55 ਹਜਾਰ ਕੁਇੰਟਲ ਬਾਸਮਤੀ ਕੋਟਕਪੂਰਾ ਮੰਡੀ ਵਿੱਚ ਵਿਕ ਚੁੱਕੀ ਹੈ, ਪਿਛਲੇ ਸਾਲ 3,50,000 ਹਜਾਰ ਕੁਇੰਟਲ ਤੋਂ ਉਪਰ ਬਾਸਮਤੀ ਕੋਟਕਪੂਰਾ ਮੰਡੀ ਵਿੱਚ ਆਈ ਸੀ, ਪ੍ਰੰਤੂ ਪਿਛਲੇ ਸਾਲ ਬਾਸਮਤੀ ਦਾ ਰੇਟ ਘੱਟ ਹੋਣ ਕਰਕੇ ਕਿਸਾਨਾਂ ਵੱਲੋਂ ਬਾਸਮਤੀ ਹੇਠ ਰਕਬਾ ਘਟਿਆ ਹੈ । ਇਹ ਰਕਬਾ ਝੋਨੇ ਜਾਂ ਹੋਰ ਫ਼ਸਲਾਂ ਹੇਠ ਇਸ ਵਾਰ ਕਿਸਾਨਾਂ ਨੇ ਲਿਆਂਦਾ ਹੈ, ਜਿਸ ਕਾਰਨ ਇਸ ਵਾਰ ਕੋਟਕਪੂਰਾ ਵਿਖੇ ਬਾਸਮਤੀ ਦੀ ਆਮਦ ਘਟਣ ਦੀ ਸੰਭਾਵਨਾ ਨੂੰ ਰੱਦ ਨਹੀ ਕੀਤਾ ਜਾ ਸਕਦਾ । ਸ਼੍ਰੀ ਮੱਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਾਸਮਤੀ ਨੂੰ ਸੁਕਾ ਅਤੇ ਸਾਫ ਸੁਥਰੀ ਕਰਨ ਉਪਰੰਤ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਲਾਹੇਵੰਦਾ ਰੇਟ ਮਿਲਣ ਦੇ ਨਾਲ-2 ਉਨ੍ਹਾਂ ਦੀ ਫ਼ਸਲ ਮੰਡੀ ਵਿੱਚ ਆਉਦਿਆਂ ਸਾਰ ਵਿਕ ਜਾਵੇ । ਸਕੱਤਰ ਮੱਤਾ ਨੇ ਅੱਗੇ ਦੱਸਿਆ ਕਿ ਕੋਟਕਪੂਰਾ ਮੰਡੀ ਵਿੱਚ ਬਾਸਮਤੀ 1121 ਦਾ ਭਾਅ ਉਚਾ ਹੋਣ ਕਰਕੇ ਪੂਰੇ ਪੰਜਾਬ ਵਿੱਚੋਂ ਕਿਸਾਨ ਆਪਣੀ ਬਾਸਮਤੀ ਕੋਟਕਪੂਰਾ ਮੰਡੀ ਵਿੱਚ ਲਿਆ ਕੇ ਵੇਚ ਰਹੇ ਹਨ, ਕਿਉਂਕਿ ਹੁਣ ਤੱਕ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਰੇਟ ਕੋਟਕਪੂਰਾ ਮੰਡੀ ਵਿੱਚ ਕਿਸਾਨਾਂ ਨੂੰ ਮਿਲ ਰਿਹਾ ਹੈ ।
Post a Comment