ਸ੍ਰੀ ਮੁਕਤਸਰ ਸਾਹਿਬ, 6 ਨਵੰਬਰ ਪੰਜਾਬ ਸਰਕਾਰ ਸੂਬੇ ਦੇ ਪਸ਼ੂ ਪਾਲਕਾਂ ਵਿਚ ਪਸ਼ੂਆਂ ਦੀ ਨਸਲ ਸੁਧਾਰ ਅਤੇ ਉਸਾਰੂ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਸਮੇਂ ਸਮੇਂ ਤੇ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲੇ ਕਰਵਾਉਂਦੀ ਰਹਿੰਦੀ ਹੈ। ਇਸ ਵਾਰ ਵੀ ਜ਼ਿਲ੍ਹਾ ਪੱਧਰੀ ਮੁਕਾਬਲੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ‑ਬਠਿੰਡਾ ਬਾਈਪਾਸ ਰੋਡ ਨੇੜੇ ਡੀ.ਸੀ. ਦਫ਼ਤਰ ਵਿਖੇ 19 ਅਤੇ 20 ਨਵੰਬਰ 2012 ਨੂੰ ਕਰਵਾਏ ਜਾ ਰਹੇ ਹਨ। ਇੰਨ੍ਹਾਂ ਮੁਕਾਬਲਿਆਂ ਦੌਰਾਨ ਪਸ਼ੂਧਨ ਦੀਆਂ 48 ਵੱਖ ਵੱਖ ਸ਼੍ਰੇਣੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇੰਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਕੁੱਲ 5.5 ਲੱਖ ਰੁਪਏ ਦੇ ਨਗਦ ਇਨਾਮ ਤਕਸੀਮ ਕੀਤੇ ਜਾਣਗੇ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਵੱਧ ਚੜ੍ਹ ਕੇ ਇੰਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਦੌਰਾਨ ਕਿਸਾਨਾਂ ਨੂੰ ਪਸ਼ੂ ਪਾਲਣ ਸਬੰਧੀ ਜਿੱਥੇ ਵਿਗਿਆਨਕ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਕਿਸਾਨ ਇਕ ਦੂਜੇ ਦੇ ਤਜਰਬਿਆਂ ਤੋਂ ਵੀ ਸਿੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਰਾਹੀਂ ਕਿਸਾਨਾਂ ਨੂੰ ਪਤਾ ਲਗਦਾ ਹੈ ਕਿ ਕਿਸ ਤਰਾਂ ਦੀਆਂ ਤਕਨੀਕਾਂ ਸਾਥੀ ਕਿਸਾਨ ਅਪਨਾ ਰਹੇ ਹਨ ਅਤੇ ਇੰਨ੍ਹਾਂ ਦਾ ਕੀ ਫਾਇਦਾ ਹੁੰਦਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਨਰੇਸ਼ ਸਚਦੇਵਾ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਨੁਕਰਾ ਤੇ ਮਾਰਵਾੜੀ ਨਸਲ ਦੇ ਘੋੜੇ‑ਘੋੜੀਆਂ, ਵਛੇਰੇ‑ਵਛੇਰੀਆਂ, ਮੁਰਹਾ ਨਸ਼ਲ ਦਾ ਝੋਟਾ ਤੇ ਕੱਟਾ, ਮੁਰਹਾ ਨਸ਼ਲ ਦੀ ਮੱਝ ਦੋਦੀ ਤੇ ਸੁੱਕੀ, ਮੁਰਹਾ ਨਸ਼ਲ ਦੀ ਝੋਟੀ ਅਤੇ ਕੱਟੀ, ਨੀਲੀ ਰਾਵੀ ਨਸ਼ਲ ਦੇ ਝੋਟੇ, ਕੱਟੇ, ਮੱਝ ਅਤੇ ਝੋਟੀ, ਐਚ.ਐਫ.ਕ੍ਰਾਸ ਗਾਂ ਦੁੱਧ ਦੇਂਦੀ ਅਤੇ ਦੁੱਧੋਂ ਸੁੱਕੀ, ਵਹਿੜੀ ਤੇ ਵੱਛੀ, ਜਰਸੀ ਗਾਂ, ਜਰਸੀ ਕ੍ਰਾਸ ਵਹਿੜੀ, ਸਾਹੀਵਾਲ ਸਾਨ, ਸਾਹੀਵਾਲ ਗਾਂ ਤੇ ਵਹਿੜੀ, ਬਕਰਾ, ਬਕਰੀ, ਭੇਡੂ, ਭੇਡ, ਸੂਰ, ਸੂਰੀ, ਦੇਸੀ ਮੁਰਗਾ ਅਸੀਲ, ਬਤੱਖ, ਟਰਕੀ ਦੇ ਮੁਕਾਬਲੇ, ਘੋੜਿਆਂ ਦੇ ਨਾਚ ਅਤੇ ਸਜਾਵਟ ਦੇ ਮੁਕਾਬਲੇ, ਕੁੱਤਿਆਂ ਦੀ ਦੋੜ ਤੋਂ ਇਲਾਵਾ ਮੁਰਹਾ ਮੱਝ, ਨੀਲੀ ਰਾਵੀ ਮੱਝ, ਐਚ.ਐਫ. ਕ੍ਰਾਸ ਗਾਂ, ਜਰਸੀ ਕ੍ਰਾਸ ਗਾਂ ਦੇਸੀ ਨਸ਼ਲ ਨਾਲ, ਸਾਹੀਵਾਲ ਗਾਂ ਅਤੇ ਬਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹੋਣਗੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਤਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਕਿਸਾਨਾਂ ਨੂੰ ਮੁਕਾਬਲਿਆਂ ਦੌਰਾਨ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਿਚ ਇਸ ਮੇਲੇ ਪ੍ਰਤੀ ਭਾਰੀ ਉਤਸਾਹ ਅਤੇ ਚੋਖੀ ਗਿਣਤੀ ਵਿਚ ਪਸੂ ਪਾਲਕਾਂ ਦੇ ਇਸ ਮੁਕਾਬਲੇ ਵਿਚ ਪਹੁੰਚਣ ਦੀ ਆਸ ਹੈ।

Post a Comment