ਫਤਹਿਗੜ੍ਹ ਗਹਿਰੀ 6 ਨਵੰਬਰ-ਬੀਤੇ ਦਿਨੀਂ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਫਤਹਿਗੜ੍ਹ ਗਹਿਰੀ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਜੀ ਦੀ ਯਾਦ ਵਿਚ ਬਣੇ ਗੁਰਮਤਿ ਵਿਦਿਆਲਾ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਵਿਚੋਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਸਰਪ੍ਰਸਤੀ ਵਾਲੀ ਏਕਨੂਰ ਖਾਲਸਾ ਫੌਜ ਵੱਲੋਂ ਮਰਿਆਦੀ ਬਹਾਲੀ ਦਾ ਬਹਾਨਾ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕੇ ਜਾਣ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕੀਤੇ ਜਾਣ ਕਰਕੇ ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ ਅਤੇ ਇਸ ਮੰਦਭਾਗੀ ਘਟਨਾ ਦੀ ਚੌਤਰਫੀ ਨਿਖੇਧੀ ਵੀ ਹੋ ਰਹੀ ਸੀ । ਸਿੱਖ ਸੰਗਤਾਂ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਫੈਲ ਗਈ ਜਦੋਂ ਅੱਜ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦੁਬਾਰਾ ਨੀਂਹ ਰੱਖ ਦਿੱਤੀ ਗਈ। ਪੰਜ ਪਿਆਰਿਆਂ ਦੇ ਰੂਪ ਵਿਚ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਲਜੀਤ ਸਿੰਘ ਜੀ ਦਾਦੂਵਾਲ, ਸੰਤ ਅਜੀਤ ਸਿੰਘ ਜੀ ਕਾਰ ਸੇਵਾ ਜੰਡ ਸਾਹਿਬ ਵਾਲੇ, ਸੰਤ ਹਰਬੰਸ ਸਿੰਘ ਜੀ ਊਨਾ ਸਾਹਿਬ ਵਾਲੇ, ਸੰਤ ਬਲਕਾਰ ਸਿੰਘ ਭਾਗੋਕੇ, ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਗੁਰਦੁਆਰਾ ਸਾਹਿਬ ਦੀ ਉਸੇ ਜਗ੍ਹਾ ਮੁੜ ਉਸਾਰੀ ਲਈ ਨੀਂਹ ਰੱਖਣ ਦੀ ਸੇਵਾ ਨਿਭਾਈ । ਸੰਤ ਮਹਾਂਪੁਰਖਾਂ, ਪੰਥਕ ਜਥੇਬੰਦੀਅਆਂ, ਨਗਰ ਪੰਚਾਇਤ, ਨਗਰ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਸ ਅਸਥਾਨ ਦੀ ਸਮੁੱਚੀ ਕਾਰ ਸੇਵਾ ਅਤੇ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਸੌਂਪੀ ਗਈ। ਭਾਈ ਬੂਟਾ ਸਿੰਘ, ਭਾਈ ਸੱਜਣ ਸਿੰਘ ਦੇ ਪਰਿਵਾਰ ਵੱਲੋਂ ਅੱਧਾ ਏਕੜ ਅਤੇ ਭਾਈ ਗੁਰਪ੍ਰੀਤ ਸਿੰਘ ਸਪੁੱਤਰ ਬਾਬਾ ਅਰੂੜ ਸਿੰਘ ਵੱਲੋਂ ਵੀ ਅੱਧਾ ਏਕੜ ਜ਼ਮੀਨ ਦੀ ਸੇਵਾ ਗੁਰਦੁਆਰਾ ਸਾਹਿਬ ਵਾਸਤੇ ਕੀਤੀ ਗਈ । ਇਸ ਸਮੇਂ ਆਏ ਸੰਤ ਮਹਾਂਪੁਰਖਾਂ, ਪੰਥਕ ਆਗੂਆਂ ਅਤੇ ਸਿੱਖ ਸੰਗਤਾਂ ਵੱਲੋਂ ਵੀ ਕਾਰ ਸੇਵਾ ਲਈ ਮਾਇਆ ਦੀ ਸੇਵਾ ਕੀਤੀ ਗਈ। ਇਸ ਸਮਾਗਮ ਵਿਚ ਪੁੱਜੀਆਂ ਧਾਰਮਿਕ ਸਖਸ਼ੀਅਤਾਂ ਨੇ ਸਿੱਖ ਸੰਗਤਾਂ ਨਾਲ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੇ ਵਾਪਰਨ ਦੇ ਕਾਰਨਾਂ ਦੀ ਘੋਖ ਅਤੇ ਅੱਗੇ ਤੋਂ ਰੋਕਥਾਮ ਲਈ ਗੰਭੀਰ ਵਿਚਾਰਾਂ ਕੀਤੀਆਂ । ਸੰਤ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਦੌਰਾਨ ਗੁਰਦੁਆਰਾ ਸਾਹਿਬਾਨਾਂ ਦੀਆਂ ਇਮਾਰਤਾਂ ਨੂੰ ਢਾਹ ਦੇਣ ਕਰਕੇ ਜਗ੍ਹਾ-ਜਗ੍ਹਾ ਤੇ ਹੋ ਰਹੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਪੰਥ ਵਿਰੋਧੀਆਂ ਦੀਆਂ ਡੂੰਘੀਆਂ ਸਾਜ਼ਿਸ਼ਾਂ ਦਾ ਖੁਲਾਸਾ ਕੀਤਾ । ਉਨ੍ਹਾਂ ਹੋਰ ਕਿਹਾ ਕਿ ਅਜਿਹੀਆਂ ਘਟਨਾਵਾਂ ਤੇ ਰੋਕਥਾਮ ਲਈ ਹਰ ਇਕ ਸਿੱਖ ਨੂੰ ਆਪਣੀ ਬਣਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਪੰਥਕ ਸੇਵਾ ਲਹਿਰ ਵੱਲੋਂ ਸੰਤ ਪ੍ਰਦੀਪ ਸਿੰਘ ਚਾਂਦਪੁਰਾ, ਸੰਤ ਅਵਤਾਰ ਸਿੰਘ ਸਾਧਾਂਵਾਲਾ, ਡਾ: ਗੁਰਮੀਤ ਸਿੰਘ ਬਰੀਵਾਲਾ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ, ਸੰਤ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਸੰਤ ਹਰਬੰਸ ਸਿੰਘ ਜੀ ਊਨਾ ਸਾਹਿਬ ਵਾਲੇ, ਸੰਤ ਬੋਹੜ ਸਿੰਘ ਤੂਤਾਂ ਵਾਲੇ, ਸੰਤ ਅਵਤਾਰ ਸਿੰਘ ਝੋਕ ਹਰੀਹਰ, ਸੰਤ ਹਰਭਜਨ ਸਿੰਘ ਕਾਰ ਸੇਵਾ ਵਾਲੇ, ਬਾਬਾ ਅਮਰਜੀਤ ਸਿੰਘ ਮਰਿਆਦਾ ਕਣਕਵਾਲ ਭੰਗੂਆਂ, ਬਾਬਾ ਸੁਖਦੇਵ ਸਿੰਘ ਬੰਡਾਲਾ, ਜਥੇਦਾਰ ਹਰਨੇਕ ਸਿੰਘ ਗਿਆਨਾ, ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਮੋਹਕਮ ਸਿੰਘ ਕਨਵੀਨਰ ਖਾਲਸਾ ਐਕਸ਼ਨ ਕਮੇਟੀ, ਜਥੇਦਾਰ ਸਤਨਾਮ ਸਿੰਘ ਮਨਾਵਾਂ, ਭਾਈ ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਸਰਪੰਚ ਸੁਰਿੰਦਰ ਸਿੰਘ ਮੋਠਾਂਵਾਲਾ, ਫਤਹਿਗੜ੍ਹ ਗਹਿਰੀ ਦੇ ਮੌਜੂਦਾ ਸਰਪੰਚ ਮੰਗਲ ਸਿੰਘ, ਗੁਰਪ੍ਰੀਤ ਸਿੰਘ ਪੰਚ, ਗਰੀਬੂ ਸਿੰਘ ਪੰਚ, ਜਗਤਾਰ ਸਿੰਘ ਪੰਚ, ਸਰਪੰਚ ਹੁਸ਼ਿਆਰ ਸਿੰਘ ਮਾੜੇ ਕਲਾਂ, ਸਰਪੰਚ ਜੋਗਿੰਦਰ ਸਿੰਘ ਚੱਪੜ ਸ਼ੀਂਹ, ਸਰਪੰਚ ਬਗੀਚਾ ਸਿੰਘ ਬੋਘੀਵਾਲਾ, ਜਸਵਿੰਦਰ ਸਿੰਘ ਸਾਬਕਾ ਸਰਪੰਚ ਨਿੱਝਰ, ਸੁਰਿੰਦਰ ਸਿੰਘ ਸਿੱਧੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਹੀਰਾ ਸੋਢੀ, ਸੁਖਪਾਲ ਸਿੰਘ ਕਰਕਾਂਦੀ, ਬਾਬਾ ਅਰੂੜ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ । ਗੁਰੂ ਕਾ ਲੰਗਰ ਅਤੁੱਟ ਵਰਤਿਆ ।



Post a Comment