‑ਖੇਤੀ ਰਹਿੰਦ ਖੁਹੰਦ ਅਧਾਰਤ ਬਿਜਲੀ ਘਰਾਂ ਵਿਚ ਬਿਜਲੀ ਬਣਾਉਣ ਲਈ ਬਾਲਣ ਵਜੋਂ ਵਰਤੀਆਂ ਜਾਂਦੀਆਂ ਹਨ ਇਹ ਗੱਠਾਂ

Thursday, November 01, 20120 comments


ਸ੍ਰੀ ਮੁਕਤਸਰ ਸਾਹਿਬ, 1 ਨਵੰਬਰ /ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਤਕਨੀਕਾਂ ਪ੍ਰਤੀ ਚੇਤਨ ਕਰਨ ਦੀ ਮੁਹਿੰਮ ਦੇ ਸਾਰਥਕ ਨਤੀਜੇ ਨਿਕਲਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਨੇ ਪਹਿਲਾਂ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਝੋਨਾ 10 ਜੂਨ ਤੋਂ ਬਾਅਦ ਲਗਾਉਣ ਦੀ ਪਿਰਤ ਪਾ ਲਈ ਹੈ ਅਤੇ ਹੁਣ ਪਰਾਲੀ ਨੂੰ ਖੇਤਾਂ ਵਿਚ ਸਾੜਨ ਦੀ ਬਜਾਏ ਕਿਸਾਨ ਜਾਂ ਤਾਂ ਇਸ ਨੂੰ ਖੇਤ ਵਿਚ ਹੀ ਵਾਹ ਕੇ ਇਸ ਨੂੰ ਖਾਦ ਵਜੋਂ ਵਰਤ ਰਹੇ ਹਨ ਅਤੇ ਜਾਂ ਫਿਰ ਸਟਰਾਅ ਬੇਲਰ ਦੀ ਮਦਦ ਨਾਲ ਇਸ ਦੀਆਂ ਗੱਠਾਂ ਬਣਾ ਕੇ ਇਹ ਗੱਠਾਂ ਰਾਜ ਵਿਚ ਖੇਤੀ ਰਹਿੰਦ ਖੁਹੰਦ ਤੋਂ ਬਿਜਲੀ ਪੈਦਾ ਕਰਨ ਲਈ ਲਗਾਏ ਬਿਜਲੀ ਪ੍ਰੋਜੈਕਟਾਂ ਨੂੰ ਭੇਜ ਕੇ ਸਰਕਾਰ ਦੀਆਂ ਸਾਫ ਸੁਥਰੇ ਵਾਤਾਵਰਨ ਪ੍ਰਤੀ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੇ ਸਾਥੀ ਬਣ ਰਹੇ ਹਨ।
ਪੰਜਾਬ ਸਰਕਾਰ ਨੇ ਖੇਤੀ ਰਹਿੰਦ ਖੁਹੰਦ ਤੋਂ ਬਿਜਲੀ ਪੈਦਾ ਕਰਨ ਲਈ ਪ੍ਰੋਜੈਕਟ ਲਗਾਉਣ ਲਈ ਬਣਾਈ ਆਕਰਸ਼ਕ ਨੀਤੀ ਕਾਰਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਤਿੰਨ ਬਿਜਲੀ ਘਰ ਕ੍ਰਮਵਾਰ ਚਨੂੰ, ਗੁਲਾਬੇਵਾਲਾ ਅਤੇ ਗੱਦਾ ਡੋਬ ਵਿਖੇ ਬਣਾਏ ਗਏ ਹਨ ਜੋ ਕਿ ਖੇਤੀ ਰਹਿੰਦ ਖੁੰਹਦ ਨੂੰ ਬਾਲਣ ਵਜੋਂ ਵਰਤ ਕੇ ਬਿਜਲੀ ਪੈਦਾ ਕਰਦੇ ਹਨ। ਇਸ ਕਾਰਨ ਝੋਨੇ ਦੀ ਪਰਾਲੀ ਦੀ ਇੰਨ੍ਹਾਂ ਬਿਜਲੀ ਘਰਾਂ ਵਿਚ ਚੋਖੀ ਖਪਤ ਹੋ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ਵਿਚ ਅੱਗ ਨਹੀਂ ਲਗਾਉਣੀ ਪੈ ਰਹੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਵਿਚ ਵਾਤਾਵਰਨ ਦੀ ਸੰਭਾਲ ਪ੍ਰਤੀ ਵੱਧ ਰਹੀ ਚੇਤਨਾ ਅਤੇ ਸਰਕਾਰ ਦੀ ਨਵੇਕਲੀ ਪਹਿਲ ਨਾਲ ਸਥਾਪਿਤ ਹੋਏ ਬਿਜਲੀ ਘਰਾਂ ਦਾ ਹੀ ਨਤੀਜਾ ਹੈ ਕਿ ਵੱਡੀ ਗਿÎਣਤੀ ਵਿਚ ਕਿਸਾਨ ਝੋਨੇ ਦੀ ਪਰਾਲੀ ਦੀਆਂ ਸਟਰਾਅ ਬੇਲਰ ਨਾਲ ਗੱਠਾਂ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਲਗਾਤਾਰ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ।
ਇਸ ਸਬੰਧੀ ਪਿੰਡ ਮਹਿਰਾਜ ਦੇ ਕਿਸਾਨ ਜਸਵਿੰਦਰ ਸਿੰਘ ਅਨੁਸਾਰ ਪਰਾਲੀ ਸਾੜਨ ਨਾਲ ਖੇਤਾਂ ਦੇ ਰੁੱਖ, ਜੀਵ ਜੰਤੂ ਮਰ ਜਾਂਦੇ ਸਨ ਅਤੇ ਪਰਾਲੀ ਸਾੜਨ ਤੇ ਰੋਕ ਸਬੰਧੀ ਕਾਨੂੰਨ ਦਾ ਵੀ ਡਰ ਰਹਿੰਦਾ ਸੀ। ਪਰ ਹੁਣ ਉਹ ਪਰਾਲੀ ਦੀਆਂ ਗੱਠਾਂ ਬਣਾ ਰਹੇ ਹਨ। ਇਸ ਤਰਾਂ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਮਿੱਤਰ ਕੀਟ ਅਤੇ ਹੋਰ ਜੈਵ ਵਿਭਿੰਨਤਾ ਵੀ ਨਸ਼ਟ ਹੁੰਦੀ ਹੈ। ਜਿਸ ਕਾਰਨ ਕੁਦਰਤ ਦੇ ਸਤੁੰਲਨ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੌਦੇ ਨੂੰ ਪਾਈ ਖੁਰਾਕ ਦਾ ਦੋ ਤਿਹਾਈ ਹਿੱਸਾ ਪਰਾਲੀ ਵਿਚ ਹੁੰਦਾ ਹੈ ਜਿਸ ਨੂੰ ਅਸੀਂ ਅੱਗ ਲਗਾ ਕੇ ਨਸ਼ਟ ਕਰ ਦਿੰਦੇ ਹਾਂ। ਆਤਮਾ ਸਕੀਮ ਦੇ ਜ਼ਿਲ੍ਹਾ ਪ੍ਰੋਜੈਕਟ ਡਾਇਰੈਕਟਰ ਡਾ: ਕਿਰਨਜੀਤ ਸਿੰਘ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਡਾ: ਗਗਨਦੀਪ ਸਿੰਘ ਮਾਨ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਵਿਚ ਪਰਾਲੀ ਦੀਆਂ ਗੱਠਾਂ ਬਣਾਉਣ ਦੀ ਰੂਚੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬੇ ਵਿਚੋਂ ਪਰਾਲੀ ਨੂੰ ਗੱਠਾਂ ਬਣਾਉਣ ਲਈ ਵਰਤਨਾ ਚਾਹੀਦਾ ਹੈ।
ਬਾਕਸ ਲਈ ਪ੍ਰਸਤਾਵਿਤ
ਕਿਵੇਂ ਬਣਦੀਆਂ ਹਨ ਪਰਾਲੀ ਦੀਆਂ ਗੱਠਾਂ
ਪਰਾਲੀ ਦੀਆਂ ਗੱਠਾਂ ਬਣਾਉਣ ਲਈ ਤਿੰਨ ਪ੍ਰਕਾਰ ਦੀਆਂ ਮਸ਼ੀਨਾਂ ਲੜੀਵਾਰ ਕੰਮ ਕਰਦੀਆਂ ਹਨ। ਕੰਬਾਇਨ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਸਭ ਤੋਂ ਪਹਿਲਾ ਰੀਪਰ ਨਾਂਅ ਦੀ ਮਸ਼ੀਨ ਪਰਾਲੀ ਦਾ ਕੁਤਰਾ ਕਰ ਦਿੰਦੀ ਹੈ। ਫਿਰ ਰੈਕ ਨਾਂਅ ਦੀ ਮਸ਼ੀਨ ਇਸ ਕੁਤਰੇ ਨੂੰ ਇਕ ਕਤਾਰ ਵਿਚ ਇੱਕਠਾ ਕਰਦੀ ਜਾਂਦੀ ਹੈ ਅਤੇ ਇਸੇ ਕਚਰੇ ਦੀ ਇਸੇ ਕਤਾਰ ਤੇ ਚਲਦਿਆਂ ਸਟਰਾਅ ਬੇਲਰ ਪਰਾਲੀ ਦੀਆਂ ਗੱਠਾਂ ਤਿਆਰ ਕਰਦਾ ਹੈ। ਇਕ ਏਕੜ ਵਿਚੋਂ 20 ਕੁਇੰਟਲ ਤੱਕ ਗਠਾਂ ਤਿਆਰ ਹੋ ਜਾਂਦੀਆਂ ਹਨ ਅਤੇ ਇਹ ਗੱਠਾਂ 110 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਬਿਜਲੀ ਘਰਾਂ ਵਿਚ ਵਿਕਦੀਆਂ ਹਨ। ਇਕ ਮਸ਼ੀਨ ਦਿਨ ਵਿਚ 15 ਤੋਂ 20 ਏਕੜ ਪਰਾਲੀ ਦੀਆਂ ਗੱਠਾਂ ਤਿਆਰ ਕਰ ਦਿੰਦੀ ਹੈ। ਇਸ ਤਰਾਂ ਇਹ ਵਾਤਾਵਰਨ ਦੀ ਸੰਭਾਲ ਦੇ ਨਾਲ ਨਾਲ ਕਿਸਾਨਾਂ ਲਈ ਆਮਦਨ ਦਾ ਵੀ ਸਾਧਨ ਹੈ ਅਤੇ ਗੱਠਾਂ ਬਣਾਉਣ, ਚੁੱਕਣ, ਢੋਆ ਢੁਆਈ ਆਦਿ ਕਾਰਨ ਮਜਦੂਰਾਂ ਲਈ ਵੀ ਰੁਜਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰਨ ਵਿਚ ਸਹਾਈ ਹੁੰਦਾ ਹੈ।
ਬਾਕਸ ਲਈ ਪ੍ਰਸਤਾਵਿਤ
ਕਿਉਂ ਜਰੂਰੀ ਹੈ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣੀਆਂ
ਝੋਨੇ ਦੀ ਪਰਾਲੀ ਵਿਚ ਚੋਖੀ ਮਾਤਰਾ ਵਿਚ ਕਾਰਬਨ ਹੁੰਦਾ ਹੈ। ਇਸ ਨੂੰ ਸਾੜਨ ਤੇ ਇਸ ਵਿਚੋਂ ਕਾਰਬਨਡਾਈਅਕਸਾਈਡ, ਕਾਰਬਨ ਮੋਨੋ ਅਕਸਾਈਡ, ਮਿਥੇਨ, ਨਾਈਟ੍ਰਸ ਅਕਸਾਈਡ ਆਦਿ ਵਰਗੀਆਂ ਜਹਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਕਿ ਭੂਮੰਡਲੀ ਤਪਸ਼ ਦਾ ਕਾਰਨ ਬਣਦੀਆਂ ਹਨ। ਧੂੰਆਂ ਹਾਦਸਿਆਂ ਦਾ ਕਾਰਨ ਬਣਦਾ ਹੈ। ਅੱਗ ਕਾਰਨ ਨੁਕਸਾਨ ਦਾ ਡਰ ਰਹਿੰਦਾ ਹੈ। ਪ੍ਰਦੂਸ਼ਣ ਦੇ ਨਾਲ ਨਾਲ ਇਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਜੀਵ ਜੰਤੂ ਮਰ ਜਾਂਦੇ ਹਨ। ਪੰਜਾਬ ਵਿਚ 26 ਲੱਖ ਹੈਕਟਅਰ ਰਕਬੇ ਵਿਚ ਝੋਨੇ ਦੀ ਕਾਸਤ ਹੁੰਦੀ ਹੈ ਉਸ ਤੋਂ 100 ਲੱਖ ਟਨ ਪਰਾਲੀ ਤਿਆਰ ਹੁੰਦੀ ਜਿਸ ਨੂੰ ਬਾਇਓਮਾਸ ਬਿਜਲੀ ਘਰਾਂ ਵਿਚ ਬਾਲਣ ਵਜੋਂ ਵਰਤ ਕੇ ਚੋਖੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਸੇ ਲਈ ਪੰਜਾਬ ਸਰਕਾਰ ਨੇ ਵੀ ਬਾਇਓਮਾਸ ਅਧਾਰਤ ਬਿਜਲੀ ਘਰਾਂ ਦੇ ਹਿੱਤ ਦੀ ਨੀਤੀ ਪਹਿਲਾਂ ਹੀ ਬਣਾਈ ਹੋਈ ਹੈ ਅਤੇ ਅਜਿਹੇ ਬਿਜਲੀ ਘਰ ਬਣ ਵੀ ਰਹੇ ਹਨ।


 ਝੋਨੇ ਦੀ ਪਰਾਲੀ ਤੋਂ ਗੱਠਾਂ ਬਣਾਉਣ ਵਾਲੀ ਮਸ਼ੀਨ ਗੱਠਾਂ ਬਣਾਉਂਦੀ ਹੋਈ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger