ਬਠਿੰਡਾ ਤੋਂ ਹਰਗੋਬਿੰਦ ਸ਼ੇਖਪੁਰੀਆ ਦੀ ਵਿਸ਼ੇਸ਼ ਰਿਪੋਰਟ/ਮਾਲਵਾ ਹੈਰੀਟੇਜ ਫਾਊਂਡੇਸ਼ਨ ਬਠਿੰਡਾ ਵੱਲੋਂ ਮਿਤੀ 22 ਨਵੰਬਰ ਤੋਂ 25 ਨਵੰਬਰ ਤੱਕ ਪਿੰਡ ਜੈਪਾਲਗੜ੍ਹ ਵਿਖੇ ਲਗਾਇਆ ਗਿਆ ਨੌਵਾਂ ਵਿਰਾਸਤ ਮੇਲਾ ਪੁਰਾਤਨ ਸੱਭਿਆਚਾਰਕ ਝਾਂਕੀਆਂ ਬਿਖੇਰਦਾ ਅੱਜ ਐਤਵਾਰ ਨੂੰ ਖੇਡ ਸਟੇਡੀਅਮ ਵਿਖੇ ਖੁੱਲੇ ਅਖਾੜੇ ਅਤੇ ਸਖਸ਼ੀਅਤਾਂ ਦੇ ਸਨਮਾਨ ਕਰਨ ਨਾਲ ਸਮਾਪਤ ਹੋ ਜਾਵੇਗਾ।ਮੇਲੇ ਦੇ ਪਹਿਲੇ ਦਿਨ ਪਿੰਡ ਜੈਪਾਲ ਗੜ੍ਹ ਵਿਚੋਂ 25 ਜਾਗੋਆਂ ਦੀਆਂ ਟੋਲੀਆਂ ਨੇ ਪੁਰਾਤਨ ਵਿਆਹਾਂ ਦੀ ਯਾਦ ਤਾਜਾ ਕਰਦਿਆਂ ਪੁਰਾਣੇ ਕਿਲੇ ਵਿੱਚ ਸ਼ਾਮ ਨੂੰ ਜਾਕੇ ਧਮਾਲਾਂ ਪਾਈਆਂ ਅਤੇ ਉਸਤੋਂ ਬਾਅਦ ਰਾਤ ਨੂੰ ਲਾਈਟ ਐਂਡ ਸਾਊਂਡ ‘ਚਾਂਦਨੀ ਚੌਂਕ ਤੋਂ ਸਰਹੰਦ ਤੱਕ’ਦੀ ਪੇਸ਼ਕਾਰੀ ਕੀਤੀ ਗਈ।ਦੂਜੇ ਦਿਨ ਮਾਲਵਾ ਹੈਰੀਟੇਜ ਦੇ ਪ੍ਰਧਾਨ ਅਤੇ ਡੀ ਸੀ ਬਠਿੰਡਾ ਸ਼੍ਰੀ ਕੇ ਕੇ ਯਾਦਵ,ਮੀਤ ਪ੍ਰਧਾਨ ਅਤੇ ਐਸ ਐਸ ਪੀ ਸ਼੍ਰੀ ਰਵਚਰਨ ਬਰਾੜ,ਕਾਰਜਕਾਰੀ ਪ੍ਰਧਾਨ ਸ਼੍ਰੀ ਐਲ ਆਰ ਨਈਅਰ,ਚੀਫ ਆਰਗੇਨਾਈਜਰ ਹਰਵਿੰਦਰ ਸਿੰਘ ਖਾਲਸਾ,ਸੰਸਦੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ,ਮੇਅਰ ਬਲਜੀਤ ਸਿੰਘ ਬੀੌੜ ਬਹਿਮਣ,ਦੋਵੇਂ ਏ ਡੀ ਸੀ ਸਾਹਿਬ,ਐਸ ਡੀ ਐਮ ਬਠਿੰਡਾ,ਫਤਹਿ ਸਿੰਘ ਪਹਿਲਵਾਨ,ਸ਼੍ਰੀ ਸਮਾਧਭਾਈ,ਆਦਿ ਨੇ ਗੁ: ਹਾਜੀ ਰਤਨ ਸਾਹਿਬ ਵਿਖੇ ਰੁਮਾਲਾ ਚੜਾ ਕੇ ਅਰਦਾਸ ਕਰਨ ਉਪਰੰਤ ਦਰਗਾਹ ਹਾਜੀਰਤਨ ਤੇ ਮੌਲਵੀ ਸਰਾਜਦੀਨ ਦੀ ਹਾਜਰੀ ਵਿੱਚ ਚਾਦਰ ਚੜਾਈ ਜਿਥੇ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਸਭ ਮਹਿਮਾਨਾਂ ਨੂੰ ਆਪਣੀ ਨਿਵੇਕਲੀ ਕਾਵਿ ਵਿਧਾ ਰਾਹੀਂ ਜੀ ਆਇਆਂ ਨੂੰ ਕਿਹਾ ਅਤੇ ਢੋਲੀਆਂ ਦੇ ਖੜਾਕ ਵਿੱਚ ਸ਼ੁਰੂ ਹੋਏ ਇਸ ਮੇਲੇ ਵਿੱਚ ‘ਮੂਹਰੇ ਹਾਥੀ,ਪਿੱਛੇ ਘੋੜੇ;ਸਜਾਏ ਊਠਾਂ ਸੰਗ ਬਲਦਾਂ ਜੋੜੇ’,ਪੁਰਾਤਨ ਰਥ,ਗੱਡੀਆਂ,ਗੱਡੇ,ਟਰੈਕਟਰ-ਟਰਾਲੀਆਂ ਆਦਿ ਤੇ ਵੱਖ-ਵੱਖ ਕਲਾਕ੍ਰਿਤੀਆਂ ਨੂੰ ਦਰਸਾਉਂਦੀਆਂ ਝਾਂਕੀਆਂ ਮਨਮੋਹਕ ਨਜਾਰਾ ਪੇਸ਼ ਕਰਦੀਆਂ ਬਠਿੰਡਾ ਸ਼ਹਿਰ ਦੇ ਬਜਾਰਾਂ ਵਿੱਚੌਂ ਦੀ ਜਦੌਂ ਲੰਘੀਆਂ ਤਾਂ ਥਾਂ-ਥਾਂ ਤੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਇਸ ਵਿਰਾਸਤੀ ਜਲੂਸ ਦਾ ਆਨੰਦ ਮਾਣਿਆ।ਸਾਧਾਂ ਸੰਤਾਂ,ਜੋਗੀ-ਜੰਗਮਾਂ,ਨਚਾਰਾਂ,ਗਾਇਕਾਂ,ਕਵੀ-ਕਵੀਸ਼ਰਾਂ,ਮੱਲਾਂ-ਪਹਿਲਵਾਨਾਂ,ਭੂੰਡਾਂ ਵਾਲੇ ਬਾਬਿਆਂ,ਚਰਖੇ ਕੱਤਦੀਆਂ ਮੁਟਿਆਰਾਂ,ਫੁਲਕਾਰੀਆਂ,ਝੋਲੇ-ਸਿਰਹਾਣੇ ਕੱਢਦੀਆਂ,ਗਲੋਟੇ ਅਟੇਰਦੀਆਂ ਨਾਰਾਂ,ਭੰਗੜਾ ਪਾਉਂਦੇ,ਨੱਚਦੇ-ਟੱਪਦੇ ਗੱਭਰੂ,ਬੰਦੂਕਾਂ ਤੇ ਖੂੰਡੇ ਚੁੱਕੀ ਤੁਰਲੇ ਵਾਲੀਆਂ ਪੱਗਾਂ ਬੰਨੀ ਬੈਠੇ ਖੁੱਲੀਆਂ ਜੀਪਾਂ ਵਿੱਚ ਬਜੁਰਗ ਤੇ ਨੌਜਵਾਨ ਪੁਰਾਤਨ ਪੰਜਾਬ ਦੀ ਪੇਸ਼ਕਾਰੀ ਕਰਦੇ ਸਾਡੇ ਪੰਜਾਬ ਦੀ ਨਸ਼ਿਆਂ ਵਿੱਚ ਗਰਕ ਰਹੀ ਨੌਜਵਾਨੀ ਨੂੰ ਜਿਵੇਂ ਮੇਹਣਾ ਦੇ ਰਹੇ ਹੋਣ।ਇਹ ਜਲੂਸ ਪਿੰਡ ਜੈਪਾਲ ਗੜ੍ਹ ਵਿੱਚ ਪਹੁੰਚ ਕੇ ਇੱਕ ਮੇਲੇ ਦੇ ਰੂਪ ਵਿੱਚ ਬਿਖਰ ਗਿਆ ਜਿਥੇ ‘ਭਾਂਡੇ ਮੈਂ ਬਣਾਵਾਂ,ਵੱਖ-ਵੱਖ ਮਾਟੀ ਦੇ;ਦੀਵੇ ਮੈਂ ਜਗਾਵਾਂ,ਲੱਖ-ਲੱਖ ਲਾਟੀ ਦੇ;ਘੁਮਿਆਰ ਵਾਲਾ ਚੱਕ ਹਾਂ ਘੁਮਾਉਣ ਲੱਗਿਆ।ਵਿਰਾਸਤ ਵਾਲਾ ਮੇਲਾ ਹਾਂ ਲਵਾਉਣ ਲੱਗਿਆ।‘ਭੱਠੀ ਮੈਂ ਚੜਾਵਾਂ,ਅੰਮ੍ਰਿਤ ਦੀ,ਨਾ ਸ਼ਰਾਬ ਦੀ; ਕੱਠੀ ਮੈਂ ਕਰਾਵਾਂ,ਆਹ ਜਨਤਾ ਪੰਜਾਬ ਦੀ; ਵੈਲੀਆਂ ਦੇ ਵਿਹੜੇ ਹਾਂ ਵਸਾਉਣ ਲੱਗਿਆ।ਵਿਰਾਸਤ ਵਾਲਾ ਮੇਲਾ ਹਾਂ ਲਵਾਉਣ ਲੱਗਿਆ।‘ਇਸ ਤਰ੍ਹਾਂ ਵੱਖ-ਵੱਖ ਝਾਂਕੀਆਂ ਦੇ ਸਥਾਪਤ ਇਸ ਪਿੰਡ ਜੈਪਾਲ ਗੜ੍ਹ ਦੇ ਸਟੇਜ ਤੋਂ ਰਾਤ ਨੂੰ ਗਾਇਕਾਂ ਦੇ ਅਖਾੜੇ ਦਾ ਲੋਕਾਂ ਨੇ ਅਨੰਦ ਮਾਣਿਆ।ਦਿਨ ਸ਼ਨੀਵਾਰ 24 ਤਰੀਕ ਨੂੰ ਸਾਰਾ ਦਿਨ ਪੰਜਾਬ ਦੀਆਂ ਵੱਖ-ਵੱਖ ਕਲਾਕ੍ਰਿਤੀਆਂ ਜਿਵੇਂ ਗਿੱਧੇ-ਭੰਗੜੇ,ਨਾਚ,ਬਾਜੀਆਂ,ਖੇਡਾਂ,ਘੋਲਾਂ,ਕਬੱਡੀ ਆਦਿ ਦੇ ਜਿਥੇ ਦਰਸ਼ਕਾਂ ਨੇ ਨਜਾਰੇ ਲਏ ਉਥੇ ਸ਼ਾਮ ਨੂੰ ਐਸ ਐਸ ਡੀ ਕਾਲਜ ਦੇ ਆਡੀਟੋਰੀਅਮ ਵਿਖੇ ਮਮਤੀ ਜੋਸ਼ੀ,ਸਰਦਾਰ ਅਲੀ ਅਤੇ ਸਾਥੀਆਂ ਦੁਆਰਾ ਸੂਫੀ ਗਾਇਕੀ ਅਤੇ ਕਵਾਲੀਆਂ ਦਾ ਭਰਪੂਰ ਅਨੰਦ ਲਿਆ। ਅੱਜ ਦਿਨ ਐਤਵਾਰ ਨੂੰ ਖੇਡ ਸਟੇਡੀਅਮ ਦੇ ਖੁੱਲੇ ਅਖਾੜੇ ਵਿੱਚ ਜਿਥੇ ਨਵੇਂ-ਪੁਰਾਣੇ ਗਾਇਕ ਆਪਣੇ ਫਨ ਦਾ ਮੁਜਾਹਰਾ ਕਰਨਗੇ ਉਥੇ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ।ਇਸ ਵਿਰਾਸਤ ਮੇਲੇ ਦੌਰਾਨ ਪੁਸਤਕਾਂ ਦੀ ਪ੍ਰਦਰਸ਼ਨੀ,ਪੁਰਾਣੇ ਭਾਂਡਿਆਂ-ਸਿੱਕਿਆਂ ਦੀਆਂ ਨੁਮਾਇਸ਼ਾਂ ਵੀ ਲਗਾਈਆਂ ਗਈਆਂ ਜਦੋਂ ਕਿ ਹਰਗੋਬਿੰਦ ਸਿੰਘ ਦੁਆਰਾ ਲਿਖੀ ਅਤੇ ਗਾਈ ਗਈ ਕਵੀਸ਼ਰੀ ਵਿਧਾ ਦੀ ਡੀ ਵੀ ਡੀ ‘ਵਿਰਾਸਤ ਮੇਲਾ’ ਜੋਕਿ ਪਿਛਲੇ ਮੇਲਿਆਂ ਤੇ ਫਿਲਮਾਈ ਗਈ ਹੈ,ਵੱਖ-ਵੱਖ ਸਖਸ਼ੀਅਤਾਂ ਨੂੰ ਭੇਂਟ ਕੀਤੀ ਗਈ।।

Post a Comment