ਭੀਖੀ,3ਨਵੰਬਰ-( ਬਹਾਦਰ ਖਾਨ )- ਵਿਜੀਲੈਂਸ ਬਿਊਰੋ ਪੰਜਾਬ ਵਲੋਂ ਭ੍ਰਿਸ਼ਟਾਚਾਰ ਖਿਲਾਫ ਮਨਾਏ ਜਾ ਰਹੇ ਜਾਗਰੂਕਤਾ ਸਪਤਾਹ ਦੇ ਸਮਾਪਤੀ ਸਮਾਰੋਹ ਦਾ ਆਯੋਜਨ ਸਥਾਨਕ ਨੈਸ਼ਨਲ ਕਾਲਜ ਦੇ ਆਡੀਟੋਰੀਅਮ ਵਿੱਚ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡੀਐਸਪੀ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਸ਼ਾਮਲ ਹੋਏ ਅਤੇ ਸਮਾਰੋਹ ਦੀ ਪ੍ਰਧਾਨਗੀ ਡਾ. ਕੁਲਦੀਪ ਦੀਪ ਨੇ ਕੀਤੀ। ਇਸ ਮੌਕੇ ਬੋਲਦਿਆਂ ਡੀਐਸਪੀ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਮਾਜ ਤੇ ਦੇਸ਼ ਵਾਸਤੇ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ ਜਿਸ ਦੇ ਖਾਤਮੇ ਲਈ ਲੋਕ ਇੱਕਜੁੱਟ ਹੋ ਕੇ ਅੱਗੇ ਆਉੇਣ ਤਾਂ ਕਿ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਸੰਬੰਧੀ ਲੋਕਾਂ ਅੰਦਰ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ ਅਤੇ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਹੀ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਇਹ ਜਾਗਰੂਕਤਾ ਸਪਤਾਹ ਆਯੋਜਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕ ਡਟ ਕੇ ਭ੍ਰਿਸ਼ਟਾਚਾਰ ਦੇ ਖਿਲਾਫ ਅਵਾਜ ਬੁਲੰਦ ਕਰਨ ਅਤੇ ਚੋਕਸੀ ਵਿਭਾਗ ਨੂੰ ਇਸਦੀ ਤੁਰੰਤ ਸੂਚਨਾ ਦੇਣ ਤਾਂ ਹੀ ਰਿਸ਼ਵਤਖੋਰਾਂ ਦੇ ਖਿਲਾਫ ਸ਼ਿਕੰਜਾ ਕਸਿਆ ਜਾ ਸਕਦਾ ਹੈ। ਇਸ ਮੌਕੇ ਬੌਲਦਿਆਂ ਡਾ. ਕੁਲਦੀਪ ਦੀਪ ਨੇ ਕਿਹਾ ਕਿ ਸਰਕਾਰੀ ਦਫਤਰਾਂ ਦੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਲੋਕ ਘਪਲੇਬਾਜੀ ਨੂੰ ਵਿਜੀਲੈਂਸ ਬਿਊਰੋ ਦੇ ਧਿਆਨ ਵਿੱਚ ਲਿਆਉਣ। ਉਨਾਂ ਇਹ ਵੀ ਕਿਹਾ ਕਿ ਵਿਜੀਲੈਂਸ ਵਿਭਾਗ ਵਲੋਂ ਪੂਰੇ ਪੰਜਾਬ ਅੰਦਰ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿਜੀਲੈਂਸ ਬਿਊਰੋ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸੰਬੰਧੀ ਜਾਗਰੂਕ ਕਰਨਾ ਇੱਕ ਉਸਾਰੂ ਕਦਮ ਹੈ। ਇਸ ਮੌਕੇ ਸੁਖਮਿੰਦਰ ਸਿੰਘ ਭੋਗਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਆਮ ਲੋਕਾਂ ਨੂੰ ਸ਼ਾਮਿਲ ਕਰਨਾ ਇੱਕ ਵੱਡੀ ਪਹਿਲਕਦਮੀ ਹੈ। ਉਨਾਂ ਨੌਜਵਾਨ ਵਰਗ ਨੂੰ ਇਸ ਬੁਰਾਈ ਦੇ ਖਾਤਮੇ ਲਈ ਅੱਗੇ ਆਉਣ ਦਾ ਵੀ ਸੱਦਾ ਦਿੱਤਾ। ਡਾ. ਜਗਤਾਰ ਸਿੰਘ ਜੋਗਾ ਨੇ ਵਿਜੀਲੈਂਸ ਵਿਭਾਗ ਵਲੋਂ ਆਮ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਕਾਨੂੰਨੀ ਪ੍ਰਕ੍ਰਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ ਅਤੇ ਇਸ ਸੰਬੰਧੀ ਵੱਖ ਵੱਖ ਕਾਲਜਾਂ ਅੰਦਰ ਸੈਮੀਨਾਰ ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਇੱਕ ਵੱਡਾ ਉਪਰਾਲਾ ਹੈ। ਮੈਡਮ ਨੀਤਿਕਾ ਨੇ ਕਿਹਾ ਕਿ ਸਰਕਾਰ ਦੀ ਇਸ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਲੜਕੀਆਂ ਵੀ ਆਪਣਾ ਯੋਗਦਾਨ ਪਾਕੇ ਸਮਾਜ ਨੂੰ ਬਦਲਣ ਵਿੱਚ ਆਪਣਾ ਯੋਗਦਾਨ ਪਾ ਸਕਦੀਆਂ ਹਨ। ਇਸ ਮੌਕੇ ਐਡਵੋਕੇਟ ਗੁਰਵਿੰਦਰ ਸਿੰਘ ਬਾਹੀਆ, ਮੈਨੇਜਰ ਕੁਲਵੰਤ ਸਿੰਘ ਧਲਿਉ, ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਸਰਕਾਰ ਵਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਈ ਜਾ ਰਹੀ ਇਸ ਮੁਹਿੰਮ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਕਾਲਜ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਚੇਅਰਮੈਨ ਬਲਵੀਰ ਸਿੰਘ ਬੀਰੋਕੇ, ਰਾਜਪ੍ਰੀਤ ਸਿੰਘ ਨੰਬਰਦਾਰ, ਕੋਂਸਲਰ ਵਿਨੌਦ ਸਿੰਗਲਾ, ਮਨੌਜ ਰੌਕੀ, ਜਥੇਦਾਰ ਭਰਪੂਰ ਸਿੰਘ, ਪ੍ਰੋ. ਗੁਰਵੀਰ ਸਿੰਘ, ਪ੍ਰਿੰ. ਬਲਵਿੰਦਰ ਸਿੰਘ ਹਾਜਰ ਸਨ। ਮੰਚ ਸੰਚਾਲਨ ਪ੍ਰੋ.ਪ੍ਰਿਤਪਾਲ ਸਿੰਘ ਵਿਰਕ ਨੇ ਕੀਤਾ।

Post a Comment