ਮਾਨਸਾ, 21 ਨਵੰਬਰ ( ): ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਅਮਿਤ ਢਾਕਾ ਦੀ ਹਦਾਇਤ 'ਤੇ ਕੀੜੇਮਾਰ ਜਹਿਰਾਂ ਦੀ ਹੋ ਰਹੀ ਅੰਨਾਧੁੰਦ ਵਰਤੋਂ ਨੂੰ ਘਟਾਉਣ ਲਈ ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ: ਪਰਮਜੀਤ ਸਿੰਘ ਢੱਟ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਬੀਜ ਸੋਧ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਸੁਰੂਆਤ ਕਰਦੇ ਹੋਏ ਸਹਾਇਕ ਪੌਦਾ ਸੁਰੱਖਿਆ ਅਫਸਰ ਮਾਨਸਾ ਡਾ: ਜਗਤਾਰ ਸਿੰਘ ਬਰਾੜ ਨੇ ਪਿੰਡ ਭਾਈਦੇਸਾ ਵਿਖੇ ਕਿਸਾਨਾਂ ਨੂੰ ਬੀਜ ਸੋਧ ਤਕਨੀਕ ਦੀ ਜਾਣਕਾਰੀ ਦੇਣ ਲਈ ਇੱਕ ਪ੍ਰਦਰਸ਼ਨੀ ਲਗਾਈ। ਇਸ ਪ੍ਰਦਰਸ਼ਨੀ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆ ਤੇ ਮੁਲਾਜ਼ਮਾਂ ਤੋਂ ਇਲਾਵਾ 70 ਕਿਸਾਨਾਂ ਨੇ ਭਾਗ ਲਿਆ। ਪ੍ਰਦਰਸ਼ਨੀ ਦੌਰਾਨ ਡਾ: ਜਗਤਾਰ ਸਿੰਘ ਬਰਾੜ ਵੱਲੋਂ ਕਣਕ ਦੇ ਬੀਜ ਨੂੰ ਰੈਕਸਲ ਦਵਾਈ ਨਾਲ ਸੋਧ ਕਰਕੇ ਦਿਖਾਉਂਦੇ ਹੋਏ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਣਕ ਦੇ ਬੀਜ ਨੂੰ ਕਾਂਗਿਆਰੀ ਤੋਂ ਬਚਾਉਣ ਲਈ ਰੈਕਸਲ, ਵੀਟਵੈਕਸ ਤੇ ਵਵਿਸਟਨ ਦਵਾਈ ਨਾਲ ਬਿਜਾਈ ਤੋਂ ਪਹਿਲਾਂ ਸੋਧ ਕਰਨੀ ਬਹੁਤ ਜਰੂਰੀ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬਿਮਾਰੀ ਦੇ ਅੰਸ਼ ਸ਼ੁਰੂ ਵਿੱਚ ਹੀ ਖਤਮ ਹੋ ਜਾਂਦੇ ਹਨ, ਜਿਸ ਨਾਲ ਇੱਕ ਤੋਂ ਡੇਢ ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਵੀ ਵਧ ਜਾਂਦਾ ਹੈ। ਉਨ੍ਹਾਂ ਮੌਕੇ 'ਤੇ ਹਾਜ਼ਰ ਕਿਸਾਨਾਂ ਨੂੰ ਦੱਸਿਆ ਕਿ ਬੀਜ ਦੀ ਇਸ ਦਵਾਈ ਨਾਲ ਸੋਧ ਤੋਂ ਪਹਿਲਾਂ ਬੀਜ ਨੂੰ ਸਿਉਂਕ ਦੇ ਹਮਲੇ ਤੋਂ ਬਚਾਉਣ ਲਈ 160 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਲੋਰਪੈਰੀਫਾਸ ਦਵਾਈ ਨੂੰ 1 ਲਿਟਰ ਪਾਣੀ ਵਿੱਚ ਮਿਲਾਕੇ ਤਿਰਪਾਲ 'ਤੇ ਬਾਰੀਕ ਤਹਿ ਵਿੱਚ ਵਿਛਾਈ ਹੋਈ ਕਣਕ ਦੇ ਬੀਜ 'ਤੇ ਪਹਿਲਾਂ ਸਪਰੇ ਪੰਪ ਨਾਲ ਸਪਰੇ ਕਰ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਇਸ ਬੀਜ ਨੂੰ ਬੀਜ ਸੋਧਕ ਡਰੰਮ ਵਿੱਚ ਪਾ ਕੇ ਰੈਕਸਲ, ਵੈਟਾਵਿਕਸ ਤੇ ਵਵਿਸਟਨ ਦਵਾਈ ਨਾਲ ਸੋਧ ਲੈਣਾ ਚਾਹੀਦਾ ਹੈ। ਇਸ ਮੌਕੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦੇ ਹੋਏ ਡਾ: ਪਰਮਜੀਤ ਸਿੰਘ ਢੱਟ ਨੇ ਦੱਸਿਆ ਕਿ ਪਿੰਡ ਭਾਈਦੇਸਾ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਵਿੱਚ ਖੇਤੀਬਾੜੀ ਵਿਭਾਗ ਦਾ ਬਹੁਤ ਸਾਥ ਦਿੱਤਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਸੀਡ ਵਿਲੇਜ਼ ਸਕੀਮ ਤਹਿਤ ਇਹ ਮੁਹਿੰਮ 50 ਪਿੰਡਾਂ ਵਿੱਚ ਚਲਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਲੋੜ ਤੋਂ ਕੀੜੇਮਾਰ ਜਹਿਰਾਂ ਦੀ ਵਰਤੋਂ ਨਾ ਕਰਨ ਅਤੇ ਕੇਵਲ ਲੋੜ ਮੁਤਾਬਿਕ ਅਤੇ ਖੇਤੀ ਮਾਹਰਾਂ ਦੀ ਸਿਫਾਰਸ਼ ਅਨੁਸਾਰ ਹੀ ਜਹਿਰਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਉਹ ਤਕਨੀਕੀ ਜਾਣਕਾਰੀ ਆਪਣੇ ਹਲਕੇ ਦੇ ਖੇਤੀਬਾੜੀ ਵਿਕਾਸ ਅਫਸਰ ਅਤੇ ਬਲਾਕ ਖੇਤੀਬਾੜੀ ਅਫਸਰ ਜਾਂ ਉਹਨਾਂ ਪਾਸੋਂ ਟੈਲੀਫੋਨ 'ਤੇ ਲੈ ਕੇ ਹੀ ਖੇਤੀ ਸਮੱਗਰੀ ਦੀ ਵਰਤੋਂ ਕਰਿਆ ਕਰਨ। ਇਸ ਪ੍ਰਦਰਸ਼ਨੀ ਦਾ ਪ੍ਰਬੰਧ ਅੰਕੜਾ ਸਹਾਇਕ ਸ਼੍ਰੀ ਸੁਖਜੀਤ ਸਿੰਘ ਵੱਲੋਂ ਕੀਤਾ ਗਿਆ ਅਤੇ ਉਹਨਾਂ ਵੱਲੋਂ ਪ੍ਰਦਰਸ਼ਨੀ ਵਿੱਚ ਹਾਜਰ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਤਮਾ ਸਕੀਮ ਅਧੀਨ ਨਵ ਨਿਯੁਕਤ ਡਿਪਟੀ ਪ੍ਰੋਜ਼ਕੈਟ ਡਾਇਰੈਕਟਰ ਡਾ: ਚਮਨਦੀਪ ਸਿੰਘ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਡਾ: ਸਰਬਜੀਤ ਸਿੰਘ ਵੱਲੋਂ ਆਤਮਾ ਸਕੀਮ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਤਮਾ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ।

Post a Comment