ਸ੍ਰੀ ਮੁਕਤਸਰ ਸਾਹਿਬ, 26 ਨਵੰਬਰ ( ਅੱਜ ਇੱਥੇ ਵੱਖ‑ਵੱਖ ਵਿਭਾਗਾਂ ਦੇ ਕੰਮਕਾਜ ਦੀ ਮਹੀਨਾਵਾਰ ਸਮੀਖਿਆ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਰਿੰਦਰ ਸਿੰਘ ਬਾਠ ਦੀ ਪ੍ਰਧਾਨਗੀ ਵਿਚ ਬੈਠਕਾਂ ਹੋਈਆਂ। ਖੇਤੀ ਉਤਪਾਦਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਸ: ਬਾਠ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ, ਪੰਜਾਬ ਐਗਰੋ ਅਤੇ ਇਫਕੋ ਦੇ ਮਾਰਫਤ ਸੁਧਰੀਆਂ ਕਿਸਮਾਂ ਦੇ ਕਣਕ ਦੇ ਬੀਜ ਉਪਲਬੱਧ ਕਰਵਾਏ ਜਾ ਰਹੇ ਹਨ। ਕਿਸਾਨ ਇਹ ਬੀਜ ਲੈਣ ਲਈ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ, ਪੰਜਾਬ ਐਗਰੋ ਦੇ ਬਲਮਗੜ੍ਹ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਦਫ਼ਤਰ ਜਾਂ ਇਫਕੋ ਦੇ ਬਲਾਕ ਸੈਟਰਾਂ ਕ੍ਰਮਵਾਰ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਅਤੇ ਬਾਦਲ ਵਿਖੇ ਸੰਪਰਕ ਕਰਕੇ ਇਹ ਬੀਜ ਪ੍ਰਾਪਤ ਕਰ ਸਕਦੇ ਹਨ। ਪੰਜਾਬ ਐਗਰੋ ਕੋਲ ਪੀ.ਬੀ.ਡਬਲਯੂ.‑550 ਅਤੇ 621 ਅਤੇ ਇਫਕੋ ਕੋਲ ਪੀ.ਬੀ.ਡਬਲਯੂ.‑550 ਕਿਸਮਾਂ ਦਾ ਜਦ ਕਿ ਖੇਤੀ ਵਿਭਾਗ ਕੋਲ ਲਗਭਗ ਸਾਰੀਆਂ ਹੀ ਮੰਜੂਰਸੁਦਾ ਕਿਸਮਾਂ ਦਾ ਬੀਜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਜਲਦ ਹੀ ਭੋਂ ਅਤੇ ਪਾਣੀ ਪਰਖ ਪ੍ਰਯੋਗਸਾਲਾ ਸਥਾਪਿਤ ਕੀਤੀ ਜਾ ਰਹੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਡੀ.ਏ.ਪੀ. ਅਤੇ ਯੂਰੀਆ ਖਾਦ ਦੀ ਕੋਈ ਘਾਟ ਨਹੀਂ ਹੈ।ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਬਾਠ ਨੇ ਨਿਰਦੇਸ਼ ਦਿੱਤੇ ਕਿ ਸਕੂਲਾਂ ਵਿਚ ਦੁਪਹਿਰ ਦੇ ਖਾਣੇ ਵਿਚ ਡਬਲ ਫੋਰਟੀਫਾਈਡ ਨਮਕ ਹੀ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਦੁਪਹਿਰ ਦੇ ਖਾਣੇ ਦੀ ਤਿਆਰੀ ਸਮੇਂ ਸਾਫ ਸਫਾਈ ਤੇ ਵਿਸੇਸ਼ ਜੋਰ ਦੇਣ ਦੀ ਹਦਾਇਤ ਵੀ ਕੀਤੀ।ਇਸ ਤੋਂ ਬਿਨ੍ਹਾਂ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਦੌਰਾਨ ਉਨ੍ਹਾਂ ਨੇ ਸ਼ਹਿਰ ਵਿਚ ਦਿਸਾਸੂਚਕ ਬੋਰਡ, ਵਾਹਨਾਂ ਤੇ ਰਿਫਲੈਕਟਰ ਲਗਾਉਣ ਅਤੇ ਪੁਲਾਂ ਤੇ ਰੇਲਿੰਗ ਲਗਾਉਣ ਦੇ ਨਿਰਦੇਸ਼ ਵੀ ਦਿੱਤੇ।ਬੈਠਕਾਂ ਵਿਚ ਹੋਰਨਾਂ ਤੋਂ ਇਲਾਵਾ ਪੁਲਿਸ ਉਪਕਪਤਾਨ ਸ: ਗੁਰਦੀਪ ਸਿੰਘ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਾਜੌਰੀਆ, ਡਾ: ਨਰੇਸ਼ ਪਰੂਥੀ ਐਨ.ਜੀ.ਓ. ਕੋਆਰਡੀਨੇਟਰ, ਕਾਰਜ ਸਾਧਕ ਅਫ਼ਸਰ ਸ੍ਰੀ ਗੁਰਸੇਵਕ ਸਿੰਘ, ਸ: ਜਗਸੀਰ ਸਿੰਘ, ਪ੍ਰਿੰਸੀਪਲ ਰਾਜ ਕੁਮਾਰ ਮਿਗਲਾਨੀ, ਸ: ਜਸਪ੍ਰੀਤ ਛਾਬੜਾ, ਸ੍ਰੀ ਸ਼ਾਲ ਲਾਲ, ਰਵਿੰਦਰ ਸਿੰਘ ਆਦਿ ਵੀ ਹਾਜਰ ਸਨ।
ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈਆਂ ਬੈਠਕਾਂ ਦੇ ਦ੍ਰਿਸ਼।


Post a Comment