-ਮਾਨਸਾ, 05 ਨਵੰਬਰ ( ) : ਮਾਨਸਾ ਵਿਖੇ ਲੱਗੇ ਮੈਗਾ ਮੈਡੀਕਲ ਕੈਂਪ ਵਿਚ ਪੰਜਾਬ ਪੱਧਰ ਦੇ ਮਾਹਿਰ ਡਾਕਟਰਾਂ ਨੇ ਹਜ਼ਾਰਾਂ ਮਰੀਜ਼ਾਂ ਦਾ ਕੇਵਲ ਦੋ ਦਿਨਾਂ ਵਿਚ ਹੀ ਚੈਕਅੱਪ ਕਰਕੇ ਇਕ ਅਨੋਖਾ ਰਿਕਾਰਡ ਪੈਦਾ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਦੋਵੇਂ ਦਿਨ ਦੀ ਮੌਜੂਦਗੀ ਅਤੇ ਕੈਂਪ ਵਿਚ ਖ਼ੁਦ ਜਾ ਕੇ ਦੌਰਾ ਕਰਨਾ, ਮਰੀਜ਼ਾਂ ਅਤੇ ਡਾਕਟਰਾਂ ਨਾਲ ਗੱਲਬਾਤ ਕਰਨੀ, ਸਾਬਿਤ ਕਰਦਾ ਹੈ ਕਿ ਪੰਜਾਬ ਸਰਕਾਰ ਵਲੋਂ ਕੈਂਪ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਇਹ ਹਜ਼ਾਰਾਂ ਮਰੀਜ਼ਾਂ ਲਈ ਵਰਦਾਨ ਵੀ ਸਾਬਿਤ ਹੋਇਆ ਹੈ। ਮਾਨਸਾ ਅਤੇ ਨੇੜਲੇ ਜ਼ਿਲ੍ਹਿਆਂ ਦੇ ਚੈਕਅੱਪ ਲਈ ਪੁੱਜੇ ਮਰੀਜ਼ਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਪੰਜਾਬ ਸਰਕਾਰ ਦੇ ਇਸ ਤਹੱਈਏ 'ਤੇ ਕਿੰਨਾ ਭਰੋਸਾ ਸੀ ਅਤੇ ਕੈਂਪ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਕੀਤੇ ਪ੍ਰਬੰਧਾਂ ਨੂੰ ਹੋਰ ਦੁੱਗਣਾ ਵੀ ਕਰਨਾ ਪਿਆ। ਹੈਰਾਨੀ ਵਾਲੀ ਗੱਲ ਹੈ ਕਿ ਕੈਂਪ ਨੇ ਜ਼ਿਲ੍ਹੇ ਵਿਚ ਕੈਂਸਰ ਦੇ ਪਸਾਰੇ ਪੈਰ ਦੇ ਵਹਿਮ ਨੂੰ ਵੀ ਜੱਗ-ਜ਼ਾਹਿਰ ਕਰ ਦਿੱਤਾ ਹੈ ਕਿਉਂਕਿ ਇਥੇ ਬਾਕੀ ਖਿੱਤਿਆਂ ਦੇ ਮੁਕਾਬਲੇ ਕੈਂਸਰ ਪੀੜਤ ਘੱਟ ਹਨ।
ਕੈਂਪ ਦੌਰਾਨ ਵਿਲੱਖਣ ਗੱਲ ਇਹ ਦੇਖੀ ਗਈ ਕਿ ਬਹੁਤੇ ਭੋਲੇ-ਭਾਲੇ ਲੋਕ ਜਿਹੜੇ ਕਿ ਦੇਸੀ ਨੁਸਖਿਆਂ ਅਤੇ ਜਾਦੂ-ਟੂਣਿਆਂ ਕਰਕੇ ਲੁੱਟ ਦਾ ਸ਼ਿਕਾਰ ਹੋ ਰਹੇ ਸਨ। ਉਨ੍ਹਾਂ ਨੂੰ ਆਪਣੀ ਅਸਲ ਬਿਮਾਰੀ, ਉਸਦੇ ਮੁਫ਼ਤ ਇਲਾਜ ਦਾ ਪਤਾ ਲੱਗਣ ਅਤੇ ਸਹੀ ਸੇਧ ਮਿਲਣ 'ਤੇ ਉਹ ਬਾਗੋ-ਬਾਗ ਪਾਏ ਗਏ। ਇਸਦੀ ਇਕ ਉਦਾਹਰਣ ਉਦੋਂ ਮਿਲੀ, ਜਦੋਂ ਪਿੰਡ ਬੁਰਜ ਹਰੀ ਤੋਂ ਗੁਰਜੰਟ ਸਿੰਘ ਨੇ ਦੱਸਿਆ ਕਿ ਉਸਦਾ ਪੋਤਰਾ ਪੂਰੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਦੇਖਣ ਵਿਚ ਵੀ ਅਸਾਧਾਰਣ ਲੱਗਦਾ ਹੈ। ਉਸਨੇ ਇਸ ਬੱਚੇ ਨੂੰ ਹਰ ਤਰ੍ਹਾਂ ਦੇ ਦੇਸੀ ਵੈਦਾਂ ਅਤੇ ਜਾਦੂ-ਟੂਣਿਆਂ ਰਾਹੀਂ ਠੀਕ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਇਸ ਕੈਂਪ ਨੇ ਉਸਦੀਆਂ ਬੁੱਝੀਆਂ ਹੋਈਆਂ ਆਸਾਂ ਨੂੰ ਜਗ੍ਹਾ ਦਿੱਤਾ ਹੈ। ਉਸਨੇ ਕਿਹਾ ਕਿ ਜਦੋਂ ਉਸਨੂੰ ਮਾਹਿਰ ਡਾਕਟਰਾਂ ਨੇ ਦੱਸਿਆ ਕਿ ਤੁਹਾਡਾ ਪੋਤਰਾ ਇਸ ਬਿਮਾਰੀ ਕਾਰਨ ਇਨ੍ਹਾਂ ਅਲਾਮਤਾਂ ਤੋਂ ਪੀੜਤ ਹੈ ਅਤੇ ਇਹ ਬੱਚਾ 18 ਸਾਲ ਦੀ ਉਮਰ ਵਿਚ ਕਾਫ਼ੀ ਤੰਦਰੁਸਤ ਹੋ ਜਾਵੇਗਾ ਤਾਂ ਖੁਸ਼ੀ ਵਿਚ ਉਸਦੇ ਹੰਝੂ ਨਿਕਲ ਆਏ। ਡਾਕਟਰਾਂ ਨੇ ਉਸਨੂੰ ਲੋੜੀਂਦੀ ਐਕਸਰਸਾਈਜ਼ ਅਤੇ ਦਵਾਈ ਬਾਰੇ ਪੂਰਨ ਗਿਆਨ ਦਿੱਤਾ।
ਜਮਾਂਦਰੂ ਸੁਣਨ ਨਾ ਸਕਣ ਵਾਲੇ ਬੋਲੇ ਬੱਚਿਆਂ ਨੂੰ ਕੈਂਪ ਨੇ ਨਵੀਂ ਆਸ ਦੀ ਕਿਰਨ ਪੈਦਾ ਕਰ ਦਿੱਤੀ ਹੈ, ਕਿਉਂਕਿ ਸੰਗਰੂਰ ਤੋਂ ਆਈ ਖੁਸ਼ਪ੍ਰੀਤ ਕੌਰ ਸਣੇ 5 ਬੱਚੇ ਹੁਣ ਆਵਾਜ਼ ਸੁਣ ਸਕਣਗੇ ਕਿਉਂਕਿ ਇਨ੍ਹਾਂ ਦੇ ਆਪਰੇਸ਼ਨ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਮਾਹਿਰ ਡਾ. ਜਗਦੀਪਕ ਸਿੰਘ ਵਲੋਂ ਕੀਤੇ ਇਨ੍ਹਾਂ ਦੇ ਮੁਆਇਨੇ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਮੁੱਢਲੀ ਜਾਂਚ ਸਿਵਲ ਹਸਪਤਾਲ ਮਾਨਸਾ ਈ.ਐਨ.ਟੀ ਡਾ. ਰਣਜੀਤ ਰਾਏ ਵਲੋਂ ਹੀ ਕੀਤੀ ਜਾਵੇਗੀ ਅਤੇ ਉਸਤੋਂ ਬਾਅਦ ਪਿੰਗਲਵਾੜਾ ਅੰਮ੍ਰਿਤਸਰ ਦੀ ਮਦਦ ਨਾਲ ਅਪ੍ਰੇਸ਼ਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੁਸ਼ਪ੍ਰੀਤ ਸਮੇਤ ਹਰਪਿੰਦਰ ਸਿੰਘ ਪੁੱਤਰ ਨਾਇਬ ਸਿੰਘ, ਗਗਨਪ੍ਰੀਤ ਕੌਰ, ਜਸਕਰਨ ਅਤੇ ਅਰਸ਼ਦੀਪ ਖਾਂ ਦੀ ਸੂਚੀ ਤਿਆਰ ਕਰ ਲਈ ਗਈ ਅਤੇ ਜਲਦੀ ਹੀ ਇਨ੍ਹਾਂ ਦੇ ਆਪ੍ਰੇਸ਼ਨ ਕਰਵਾ ਕੇ ਤੰਦਰੁਸਤ ਕੀਤਾ ਜਾਵੇਗਾ।
ਸ਼੍ਰੀ ਢਾਕਾ ਨੇ ਕਿਹਾ ਕਿ ਕੈਂਸਰ ਕੌਂਸਲ ਆਫ਼ ਇੰਡੀਆ ਦੇ ਐਗਜ਼ੈਕਟਿਵ ਚੇਅਰਮੈਨ ਤੇ ਕੈਂਸਰ ਰੋਗਾਂ ਦੇ ਮਾਹਿਰ ਡਾ. ਦਵਿੰਦਰ ਸਿੰਘ ਅਤੇ ਦੇਸ਼ ਪੱਧਰ ਦੇ ਪੁੱਜੇ ਹੋਰ ਮਾਹਿਰ ਡਾ. ਪੰਕਜ ਮਲਹੋਤਰਾ (ਪੀ.ਜੀ.ਆਈ), ਡਾ. ਕੁਨਾਲ ਜੈਨ (ਸੀ.ਐਮ.ਸੀ.), ਡਾ. ਵੀ.ਪੀ. ਕਾਲੜਾ (ਮੈਕਸ), ਡਾ. ਅਨੁਜ ਬਾਂਸਲ (ਮੈਕਸ) ਤੋਂ ਇਲਾਵਾ 12 ਮਾਹਿਰ ਡਾਕਟਰਾਂ ਨੇ ਮਾਨਸਾ ਜ਼ਿਲ੍ਹਾ ਵਾਸੀਆਂ ਅੰਦਰ ਇਕ ਖੁਸ਼ੀ ਅਤੇ ਆਸ ਦੀ ਕਿਰਨ ਪੈਦਾ ਕਰ ਦਿੱਤੀ ਹੈ ਕੈਂਸਰ ਬਾਰੇ ਜਿੰਨਾ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ, ਉਹ ਬਾਕੀ ਖਿੱਤਿਆਂ ਦੇ ਮੁਕਾਬਲੇ ਘੱਟ ਹੈ। ਮਾਹਿਰਾਂ ਅਨੁਸਾਰ ਪਹਿਲੀ ਸਟੇਜ 'ਤੇ ਪਤਾ ਲੱਗਣ 'ਤੇ ਇਸਦਾ ਇਲਾਜ ਸੰਭਵ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਜੀਵਨ ਜਾਚ ਵਿਚ ਤਬਦੀਲੀ ਲਿਆ ਕੇ ਰੋਜ਼ਾਨਾ ਸੈਰ ਅਤੇ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਕੈਂਪ ਨੇ ਭਿਆਨਕ ਬਿਮਾਰੀਆਂ ਵਿਚ ਜਕੜੇ ਮਰੀਜ਼ਾਂ ਲਈ ਵੀ ਆਸ ਦੀ ਕਿਰਨ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋ ਰੋਜ਼ਾ ਕੈਂਪ ਦਾ ਰਿਕਾਰਡਤੋੜ 27,418 ਮਰੀਜ਼ਾਂ ਨੇ ਲਾਹਾ ਲਿਆ ਅਤੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰਾਂ ਨੇ ਇਨ੍ਹਾਂ ਦਾ ਮੁਫਤ ਚੈਕਅੱਪ ਕਰਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ। ਉਨ੍ਹਾਂ ਕਿਹਾ ਕਿ ਪਹਿਲੇ ਦਿਨ 17,360 ਅਤੇ ਦੂਸਰੇ ਦਿਨ 10,058 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋਈ। ਉਨ੍ਹਾਂ ਕਿਹਾ ਕਿ ਹੱਡੀ ਰੋਗਾਂ ਦੇ 17 ਮਾਹਿਰਾਂ ਨੇ 4950 ਮਰੀਜ਼ਾਂ ਦਾ ਚੈਕਅੱਪ, ਛਾਤੀ ਅਤੇ ਟੀਬੀ ਰੋਗਾਂ ਦੇ 9 ਮਾਹਿਰਾਂ ਨੇ 1342 ਮਰੀਜ਼ਾਂ ਦਾ ਚੈਕਅੱਪ, ਲੀਵਰ ਤੇ ਪੇਟ ਦੇ 9 ਮਾਹਿਰਾਂ ਨੇ 2127 ਮਰੀਜ਼ਾਂ ਦਾ ਚੈਕਅੱਪ, ਦਿਲ ਦੀਆਂ ਬਿਮਾਰੀਆਂ ਦੇ 10 ਮਾਹਿਰਾਂ ਨੇ 571 ਮਰੀਜ਼ਾਂ ਦਾ ਚੈਕਅੱਪ, ਕਿਡਨੀ ਦੇ 9 ਮਾਹਿਰਾਂ ਨੇ 574 ਮਰੀਜ਼ਾਂ ਦਾ ਚੈਕਅੱਪ, ਨਸਾਂ ਨਾਲ ਸਬੰਧਿਤ ਬਿਮਾਰੀਆਂ ਦੇ 10 ਮਾਹਿਰਾਂ ਨੇ 907, ਆਮ ਬੀਮਾਰੀਆਂ ਦੇ 19 ਮਾਹਿਰਾਂ ਨੇ 2264, ਚਮੜੀ ਦੇ 12 ਮਾਹਿਰਾਂ ਨੇ 1697, ਮਾਨਸਿਕ ਰੋਗਾਂ ਦੇ 10 ਮਾਹਿਰਾਂ ਨੇ 497, ਅੱਖਾਂ ਰੋਗਾਂ ਦੇ 22 ਮਾਹਿਰਾਂ ਨੇ 2811 ਅਤੇ ਕੰਨ-ਨੱਕ ਤੇ ਗਲੇ ਦੇ 11 ਮਾਹਿਰਾਂ ਨੇ 1855 ਮਰੀਜ਼ਾਂ ਦਾ ਚੈਕਅੱਪ ਕਰਨ ਤੋਂ ਇਲਾਵਾ ਦੰਦਾਂ ਦੇ ਰੋਗਾਂ ਅਤੇ ਹੋਰ ਰੋਗਾਂ ਵਾਲੇ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਂਪ ਵਿਚ ਹਰ ਤਰ੍ਹਾਂ ਦੇ ਟੈਸਟ ਅਤੇ ਲੈਬਾਰਟਰੀ ਜਾਂਚ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕੈਂਪ ਦੀ ਸਫ਼ਲਤਾ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਏ ਵਾਰਿਸਾਂ, ਦੇਸ਼ ਭਰ ਵਿਚ ਪ੍ਰਸਿੱਧੀ ਖੱਟਣ ਵਾਲੇ ਮਾਹਿਰ ਡਾਕਟਰਾਂ ਅਤੇ ਮੀਡੀਆ ਵਲੋਂ ਕੈਂਪ ਲਈ ਦਿੱਤੇ ਸਹਿਯੋਗ ਬਦਲੇ ਧੰਨਵਾਦ ਵੀ ਕੀਤਾ।

Post a Comment