ਸ਼ਹਿਣਾ/ਭਦੌੜ 14 ਨਵੰਬਰ (ਸਾਹਿਬ ਸੰਧੂ) ਬਲਾਕ ਸ਼ਹਿਣਾ ਦੇ ਛੱਪੜਾ ਵਿੱਚ ਪਾਣੀ ਦੀ ਥਾਂ ਅੱਜ ਕੱਲ ਸਿਰਫ ਗਾਜਰ ਬੂਟੀ ਹੀ ਹੈ।ਲਗਭਗ ਪੰਜ ਕਿੱਲੇ ਛੱਪੜ ਵਿੱਚ ਗਾਜਰ ਬੂਟੀ ਹੀ ਖੜੀ ਹੈ। ਬਲਾਕ ਸ਼ਹਿਣਾ ਦੇ ਪਿੰਡਾਂ ਚ ਨਰੇਗਾ ਤਹਿਤ ਛੱਪੜਾਂ ਦੇ ਹੋਏ ਕੰਮਾਂ ਤੋ ਨਾ ਤਾਂ ਲੋਕ ਹੀ ਖੁਸ ਹਨ ਅਤੇ ਨਾ ਹੀ ਨਰੇਗਾ ਮਜਦੂਰ ਹੀ ਖੁਸ ਹਨ। ਬਲਾਕ ਸ਼ਹਿਣਾ ਦੇ ਦਰਜਨਾਂ ਪਿੰਡਾਂ ਚ ਤਾਂ ਨਰੇਗਾ ਤਹਿਤ ਕੰਮ ਹੀ ਨਹੀ ਚੱਲਿਆ। ਸਰਕਾਰ ਨੇ ਨਰੇਗਾ ਤਹਿਤ ਛੱਪੜਾਂ ਦੀ ਸਫਾਈ ਦੇ ਨਾਲ ਨਾਲ ਪੌਦੇ ਲਾਉਣ ਦਾ ਕੰਮ ਵੀ ਚਲਾਇਆ। ਪੌਦੇ ਲਾਏ ਗਏ,ਲੱਖਾਂ ਰੁਪਏ ਖਰਚ ਦਿੱਤੇ ਗਏ,ਪ੍ਰੰਤੂ ਇੱਕ ਵੀ ਪੌਦਾ ਨਹੀ ਚਲ ਰਿਹਾ ਹੈ। ਸਰਕਾਰ ਨੇ ਪੌਦੇ ਤਾਂ ਲਵਾ ਦਿੱਤੇ ਪ੍ਰੰਤੂ ਪੌਦਿਆਂ ਨੂੰ ਪਾਣੀ ਦੇਣ ਦਾ ਕੋਈ ਪ੍ਰਬੰਧ ਨਹੀ ਕੀਤਾ।ਬਲਾਕ ਸ਼ਹਿਣਾ ਦੇ 20 ਤੋਂ ਵੱਧ ਪਿੰਡਾਂ ਦੇ ਛੱਪੜਾ ਦੀ ਹਲਾਤ ਬੇਹੱਦ ਤਰਸਯੋਗ ਹੈ। ਕਸਬੇ ਸ਼ਹਿਣੇ ਦੇ ਅੱਠ ਛੱਪੜਾ ਵਿੱਚੋ ਸੱਤ ਦੀ ਹਾਲਤ ਬੇਹੱਦ ਤਰਸਯੋਗ ਹੈ। ਕਸਬੇ ਦੀ ਪੰਚਾਇਤ ਨੇ ਜਨਵਰੀ 2010 ਵਿੱਚ ਇੱਕ ਵੱਡਾ ਛੱਪੜ ਖਾਲੀ ਕਰਵਾਇਆ ਸੀ ਤਾ ਜੋ ਨਰੇਗਾ ਤਹਿਤ ਕੰਮ ਚੱਲ ਸਕੇ। ਛੱਪੜ ਖਾਲੀ ਹੋਣ ਤੋਂ ਕਰੀਬ ਦਸ ਮਹੀਨੇ ਬਾਅਦ ਛੱਪੜ ਵਿੱਚ ਨਰੇਗਾ ਤਹਿਤ ਕੰਮ ਚੱਲਿਆ। ਲੱਖਾ ਰੁਪਏ ਛੱਪੜ ਤੇ ਖਰਚੇ ਗਏ। ਹੁਣ ਛੱਪੜ ਦਾ ਨਰੇਗਾ ਤਹਿਤ ਕੰਮ ਹੋਏ ਨੂੰ ਵੀ 12 ਮਹੀਨੇ ਗੁਜਰ ਗਏ ਹਨ, ਪ੍ਰੰਤੂ ਛੱਪੜ ਵਿੱਚ ਪਾਣੀ ਨਹੀ ਪਾਇਆ ਗਿਆ। ਪਾਣੀ ਨਾ ਪਾਉਣ ਕਾਰਨ ਛੱਪੜ ਵਿੱਚ ਘਾਹ ਆਦਿ ਹੋ ਗਿਆ ਹੈ। ਨਰੇਗਾ ਤਹਿਤ ਕਰਾਇਆ ਕੰਮ ਹੀ ਲੋਕਾ ਲਈ ਸਿਰਦਰਦੀ ਬਣ ਗਿਆ ਹੈ।

Post a Comment