-ਮਾਨਸਾ, 10
ਨਵੰਬਰ ( ):ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡਿਪਟੀ
ਕਮਿਸ਼ਨਰ ਮਾਨਸਾ ਸ਼੍ਰੀ ਅਮਿਤ ਢਾਕਾ ਦੀਆਂ ਹਦਾਇਤਾਂ 'ਤੇ ਨਾਪ ਤੋਲ ਇੰਸਪੈਕਟਰ ਸ਼੍ਰੀ ਸੰਜੀਵ ਕੁਮਾਰ
ਨੇ ਜ਼ਿਲ੍ਹੇ ਵਿੱਚ ਦੁਕਾਨਾਂ ਤੇ ਫੈਕਟਰੀਆਂ ਦੀ ਨਾਪ-ਤੋਲ ਸਬੰਧੀ ਚੈਕਿੰਗ ਕੀਤੀ। ਇਸ ਸਬੰਧੀ
ਜਾਣਕਾਰੀ ਦਿੰਦਿਆਂ ਸ਼੍ਰੀ ਢਾਕਾ ਨੇ ਕਿਹਾ ਕਿ ਚੈਕਿੰਗ ਦੌਰਾਨ ਕਾਫ਼ੀ ਗਿਣਤੀ ਵਿੱਚ ਦੁਕਾਨਾਂ ਦੇ
ਵੱਟੇ-ਕੰਢੇ, ਕੰਪਿਊਟਰ-ਕੰਡੇ ਅਤੇ ਕਾਟਨ ਫੈਕਟਰੀ ਬਰੇਟਾ ਦੇ ਧਰਮ ਕੰਡਿਆਂ ਦੀ ਵਿਭਾਗ ਪਾਸੋਂ ਪੜਤਾਲ
ਨਹੀਂ ਕਰਵਾਈ ਗਈ ਸੀ, ਜੋ ਕਿ ਨਿਯਮਾਂ ਅਨੁਸਾਰ ਦੁਕਾਨਦਾਰਾਂ ਜਾਂ ਫੈਕਟਰੀ ਮਾਲਕਾਂ ਨੂੰ ਸਬੰਧਿਤ
ਵਿਭਾਗ ਪਾਸੋਂ ਹਰੇਕ ਸਾਲ ਬਾਅਦ ਕਰਵਾਉਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਅਜਿਹੇ ਕੇਸਾਂ
ਦੇ 24 ਚਲਾਨ ਕੀਤੇ ਗਏ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਦੁਕਾਨਦਾਰਾਂ
ਕੋਲ ਸਾਬਨਾਂ ਦੇ ਡਿੱਬੇ, ਮਠਿਆਈ ਦੇ ਡਿੱਬੇ ਤੇ ਪੈਕਟਾਂ ਉਪਰ ਮਿਤੀ, ਕਸਟਮ ਕੇਅਰ ਨੰਬਰ ਅਤੇ
ਐਮ.ਆਰ.ਪੀ. ਦੀ ਕਮੀ ਪਾਈ ਗਈ, ਉਨ੍ਹਾਂ ਦੇ ਵੀ 14 ਚਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਦੇ ਨਾਲ
ਹੀ ਇਕ ਗੈਸ ਏਜੰਸੀ ਪਰਮਜੀਤ ਭਾਰਤ ਗੈਸ ਗ੍ਰਾਮੀਣ ਵਿਤਰਕ ਪਿੰਡ ਬਰ੍ਹੇ ਨੂੰ ਵੀ ਚੈਕ ਕੀਤਾ ਗਿਆ,
ਜਿਸ ਦੇ ਸਿਲੰਡਰ ਵਜ਼ਨ ਵਿੱਚ ਸਹੀ ਨਹੀਂ ਪਾਏ ਗਏ। ਸ਼੍ਰੀ ਢਾਕਾ ਨੇ ਕਿਹਾ ਕਿ ਇਸ ਗੈਸ ਏਜੰਸੀ 'ਤੇ ਨਾ
ਤਾਂ ਕੰਡੇ ਦਾ ਪਾਸਿੰਗ ਸਰਟੀਫਿਕੇਟ ਲਟਕਾਇਆ ਗਿਆ ਸੀ ਅਤੇ ਨਾ ਹੀ ਸਿਲੰਡਰ ਟਰਾਲੀ ਪੈਕਟ ਦੇ ਉਪਰ
ਮਿਤੀ ਲਿਖੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਗੈਸ ਏਜੰਸੀ ਵੱਲੋਂ ਖਰੀਦ ਬਿਲ ਵੀ ਨਾ ਦਿਖਾਉਣ ਕਰਕੇ
ਇਸ ਏਜੰਸੀ ਦੇ ਵੀ 3 ਚਲਾਨ ਕੀਤੇ ਗਏ।ਸ਼੍ਰੀ ਢਾਕਾ ਨੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ
ਕਿਹਾ ਕਿ ਉਹ ਆਪਣੇ ਸਾਰੇ ਯੰਤਰ ਨਿਯਮਾਂ ਅਨੁਸਾਰ ਸਬੰਧਿਤ ਵਿਭਾਗ ਪਾਸੋਂ ਤਸਦੀਕ ਕਰਵਾਉਣ। ਉਨ੍ਹਾਂ
ਕਿਹਾ ਕਿ ਦੁਕਾਨਦਾਰ ਡਿੱਬਿਆਂ ਸਮੇਤ ਸਮਾਨ ਨੂੰ ਨਾ ਤੋਲਣ ਅਤੇ ਨਾ ਹੀ ਕੋਈ ਮਿਲਾਵਟੀ ਮਠਿਆਈਆਂ
ਵੇਚਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਯਕੀਨੀ ਬਣਾਉਣ
ਕਿ ਜ਼ਿਲ੍ਹੇ ਵਿੱਚ ਕੋਈ ਵੀ ਮਿਲਾਵਟੀ ਸਾਮਾਨ ਨਾ ਵਿਕੇ ਅਤੇ ਮਿਲਾਵਟਖੋਰਾਂ ਵਿਰੁੱਧ ਸਖ਼ਤ ਕਾਨੂੰਨੀ
ਕਾਰਵਾਈ ਕੀਤੀ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ
ਸਹਿਯੋਗ ਕਰਨ ਦੀ ਅਪੀਲ ਕੀਤੀ।

Post a Comment